ਬਲਜੀਤ ਸਿੰਘ ਕਖਾਰੂ ਦੀ ਅੰਤਿਮ ਅਰਦਾਸ ’ਚ ਸ਼ਾਮਲ ਹੋ ਕੇ ਦਿੱਤੀ ਨਿੱਘੀ ਸ਼ਰਧਾਂਜਲੀ
ਅੰਤਿਮ ਅਰਦਾਸ ਵਿਚ ਕੀਰਤਨ ਕਰਦੇ ਹੋਏ ਰਾਗੀ ਜੱਥਾ
ਮੋਹਾਲੀ, 24-2-2023 (ਮੀਨਾਕਸ਼ੀ ਕਸ਼ਯਪ) – ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਸਰਪ੍ਰਸਤ, ਕਸ਼ਯਪ ਰਾਜਪੂਤ ਸਭਾ ਚੰਡੀਗੜ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਸਰਪ੍ਰਸਤ ਸ. ਬਲਜੀਤ ਸਿੰਘ ਕਖਾਰੂ ਨੂੰ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਸਿੰਘ ਸਭਾ, ਸੰਨੀ ਇੰਨਕਲੇਵ ਵਿਖੇ ਅੰਤਿਮ ਅਰਦਾਸ ਦੌਰਾਨ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਅੰਤਿਮ ਅਰਦਾਸ ਵਿਚ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਜਾਣਕਾਰ, ਸਮਾਜ ਦੀਆਂ ਵੱਖ-ਵੱਖ ਸਭਾਵਾਂ ਦੇ ਅਹੁਦੇਦਾਰ ਅਤੇ ਸ਼ੁਭਚਿੰਤਕ ਸ਼ਾਮਲ ਹੋਏ ਅਤੇ ਬਲਜੀਤ ਸਿੰਘ ਦੇ ਪੁੱਤਰਾਂ ਸ. ਰਜਿੰਦਰ ਸਿੰਘ ਅਤੇ ਮੁਖਤਿਆਰ ਸਿੰਘ ਨਾਲ ਦੁੱਖ ਸਾਂਝਾ ਕੀਤਾ। ਬਹੁਤ ਸਾਰੀਆਂ ਸੰਸਥਾਵਾਂ ਦੇ ਸ਼ੋਕ ਸੰਦੇਸ਼ ਆਏ। ਇਸ ਮੌਕੇ ਕੀਰਤਨੀ ਜੱਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।
ਇਸ ਤੋਂ ਪਹਿਲਾਂ ਸ. ਬਲਜੀਤ ਸਿੰਘ ਕਖਾਰੂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਉਹਨਾਂ ਦੇ ਨਿਵਾਸ ਅਸਥਾਨ ਤੇ ਪਾਇਆ ਗਿਆ। ਭੋਗ ਤੋਂ ਉਪਰੰਤ ਅੰਤਿਮ ਅਰਦਾਸ ਅਤੇ ਕੀਰਤਨ ਗੁਰਦੁਆਰਾ ਸਿੰਘ ਸਭਾ ਵਿਖੇ ਹੋਇਆ। ਅਰਦਾਸ ਤੋਂ ਬਾਅਦ ਕੜਾਹ ਪ੍ਰਸ਼ਾਦਿ ਦੀ ਦੇਗ ਵਰਤਾਈ ਗਈ। ਇਸ ਤੋਂ ਉਪਰੰਤ ਕਸ਼ਯਪ ਰਾਜਪੂਤ ਮਹਾਂਸਭਾ ਦੇ ਪ੍ਰਧਾਨ ਮਨਮੋਹਨ ਸਿੰਘ ਭਾਗੋਵਾਲੀਆ ਅਤੇ ਚੰਡੀਗੜ ਕਸ਼ਯਪ ਰਾਜਪੂਤ ਸਭਾ ਚੰਡੀਗੜ ਦੇ ਚੇਅਰਮੈਨ ਐਨ.ਆਰ. ਮਹਿਰਾ ਨੇ ਬਲਜੀਤ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਮਾਜ ਨੂੰ ਉਹਨਾਂ ਦੇ ਯੋਗਦਾਨ ਬਾਰੇ ਦੱਸਿਆ। ਚੰਡੀਗੜ ਸਭਾ ਵੱਲੋਂ ਉਹਨਾਂ ਦੇ ਪੁੱਤਰਾਂ ਨੂੰ ਸਿਰੋਪਾਓ ਦਿੱਤੇ ਗਏ। ਦੁੱਖ ਦੀ ਇਸ ਘੜੀ ਵਿਚ ਪਰਿਵਾਰ ਨਾਲ ਅੰਤਿਮ ਅਰਦਾਸ ਵਿਚ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਵੱਲੋਂ ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਮਾਲਿਕ ਨਰਿੰਦਰ ਕਸ਼ਯਪ, ਦ ਚੰਡੀਗੜ ਕਸ਼ਯਪ ਰਾਜਪੂਤ ਸਭਾ ਵੱਲੋਂ ਚੇਅਰਮੈਨ ਐਨ.ਆਰ.ਮਹਿਰਾ ਆਪਣੀ ਪੂਰੀ ਟੀਮ ਦੇ ਨਾਲ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਗੁਰਮੀਤ ਸਿੰਘ, ਬਨਾਰਸੀ ਦਾਸ, ਤਰਸੇਮ ਸਿੰਘ, ਦਿੱਲੀ ਤੋਂ ਤਰਸੇਮ ਸਿੰਘ, ਕੁਲਦੀਪ ਸਿੰਘ, ਸਮਾਨਾ ਤੋਂ ਕੁਲਦੀਪ ਸਿੰਘ ਅਤੇ ਹੋਰ ਕਈ ਸੱਜਣ ਸ਼ਾਮਲ ਹੋਏ। ਇਹਨਾਂ ਤੋਂ ਅਲਾਵਾ ਅੰਮ੍ਰਿਤਸਰ, ਮਜੀਠਾ, ਡੇਰਾ ਬਾਬਾ ਨਾਨਕ, ਜਲੰਧਰ, ਫਗਵਾੜਾ, ਗੁਰਦਾਸਪੁਰ, ਲੁਧਿਆਣਾ ਤੋਂ ਰਿਸ਼ਤੇਦਾਰ ਅੰਤਿਮ ਅਰਦਾਸ ਵਿਚ ਸ਼ਾਮਲ ਹੋਏ। ਭੋਗ ਤੋਂ ਉਪਰੰਤ ਸਾਰਿਆਂ ਨੇ ਗੁਰੂ ਦਾ ਲੰਗਰ ਛਕਿਆ।
ਸਮਾਜ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਨਾਉਣ ਵਾਲੇ ਲਾਲ ਪੱਗੜੀ ਵਾਲੇ ਸ. ਬਲਜੀਤ ਸਿੰਘ ਜੀ ਨੂੰ ਰਿਸ਼ਤੇਦਾਰ ਅਤੇ ਸਮਾਜ ਕਦੇ ਵੀ ਨਹੀਂ ਭੁੱਲ ਸਕੇਗਾ। ਜਿੱਥੇ ਇਹਨਾਂ ਦੇ ਆਪਣੇ ਪਰਿਵਾਰ ਨੂੰ ਜੋੜ ਕੇ ਰੱਖਿਆ ਉਥੇ ਨਾਲ ਹੀ ਸਮਾਜ ਨੂੰ ਜੋੜਨ ਵਿਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਇਹਨਾਂ ਦੇ ਚਲੇ ਜਾਣ ਨਾਲ ਪਰਿਵਾਰ ਅਤੇ ਸਮਾਜ ਨੂੰ ਜਿਹੜਾ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋ ਸਕੇਗਾ। ਅਸੀਂ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੀ ਟੀਮ ਵੱਲੋਂ ਆਪਣੇ ਸਰਪ੍ਰਸਤ ਸ. ਬਲਜੀਤ ਸਿੰਘ ਕਖਾਰੂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ।