ਸੰਗਤ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਮੰਦਿਰ ਬਾਬਾ ਖਵਾਜਾ ਪੀਰ ਨੰਗਲ ਮੱਝਾ ਦਾ 22ਵਾਂ ਸਲਾਨਾ ਮੇਲਾ
ਸਾਂਈ ਉਮਰੇ ਸ਼ਾਹ ਜੀ ਝੰਡਾ ਚੜਾਉਂਦੇ ਹੋਏ
ਜਲੰਧਰ, 5-5-2024 (ਗੁਰਿੰਦਰ ਕਸ਼ਯਪ) – ਮੰਦਿਰ ਬਾਬਾ ਖਵਾਜਾ ਪੀਰ ਜੀ ਦਾ 22ਵਾਂ ਸਲਾਨਾ ਜੋੜ ਮੇਲਾ 5 ਮਈ 2024 ਦਿਨ ਐਤਵਾਰ ਨੂੰ ਪਿੰਡ ਨੰਗਰ ਮੱਝਾ ਵਿਖੇ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕਸ਼ਯਪ ਰਾਜਪੂਤ ਸਭਾ ਪਿੰਡ ਨੰਗਲ ਮੱਝਾ ਅਤੇ ਪਿੰਡ ਦੀ ਸਮੂਹ ਸੰਗਤ ਵੱਲੋਂ ਇਹ ਮੇਲਾ ਹਰ ਸਾਲ ਮਈ ਮਹੀਨੇ ਦੇ ਪਹਿਲੇ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਵਾਰ ਵੀ ਮੇਲੇ ਦੌਰਾਨ ਵੱਖ ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਖਵਾਜਾ ਜੀ ਦੇ ਦਰਬਾਰ ਵਿਚ ਹਾਜਰੀ ਲਗਵਾਉਣ ਲਈ ਪਹੁੰਚੀਆਂ। ਪ੍ਰਬੰਧਕੀ ਕਮੇਟੀ ਵੱਲੋਂ ਪ੍ਰਧਾਨ ਸੁਰਿੰਦਰ ਸਿੰਘ ਨੀਲਾ ਦੀ ਅਗਵਾਈ ਹੇਠ ਮੇਲੇ ਦਾ ਸਾਰਾ ਪ੍ਰਬੰਧ ਕੀਤਾ ਗਿਆ।
ਮੇਲੇ ਵਾਲੇ ਦਿਨ ਐਤਵਾਰ ਸਵੇਰੇ 6 ਵਜੇ ਖਵਾਜਾ ਜੀ ਦੀ ਮੂਰਤੀ ਨੂੰ ਪੂਰੀ ਵਿਧੀ ਨਾਲ ਇਸ਼ਨਾਨ ਕਰਵਾਇਆ ਗਿਆ ਅਤੇ ਪੂਜਾ ਕੀਤੀ ਗਈ। ਸਾਰੇ ਕਮੇਟੀ ਮੈਂਬਰਾਂ ਅਤੇ ਪਿੰਡ ਦੀ ਸੰਗਤ ਨੇ ਮਿਲ ਕੇ ਸਰਬੱਤ ਦੇ ਭਲੇ ਵਾਸਤੇ ਹਵਨ ਕੀਤਾ। ਇਸ ਤੋਂ ਬਾਅਦ ਸੰਗਤ ਵਾਸਤੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਚੱਲਦਾ ਰਿਹਾ। ਪਿੰਡ ਦੀ ਸੰਗਤ ਵੱਲੋਂ ਆਉਣ ਵਾਲੀ ਸੰਗਤ ਵਾਸਤੇ ਗੰਨੇ ਦੇ ਰਸ ਦਾ ਲੰਗਰ ਵੀ ਲਗਾਇਆ ਗਿਆ ਅਤੇ ਸੰਗਤ ਨੇ ਗਰਮੀ ਦੇ ਮੌਸਮ ਵਿਚ ਇਸਦਾ ਪੂਰਾ ਅਨੰਦ ਮਾਣਿਆ। ਰੋਜ਼ਾ ਮੰਢਾਲੀ ਸ਼ਰੀਫ ਦੇ ਗੱਦੀ ਨਸ਼ੀਨ ਸਾਂਈ ਉਮਰੇ ਸ਼ਾਹ ਜੀ ਇਸ ਮੇਲੇ ਦੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਾਰੀ ਕਮੇਟੀ ਨੇ ਸਾਂਈ ਜੀ ਦਾ ਸਵਾਗਤ ਕੀਤਾ। ਸਾਂਈ ਉਮਰੇ ਸ਼ਾਹ ਨੇ ਸੰਗਤ ਨਾਲ ਮਿਲ ਕੇ ਝੰਡਾ ਚੜਾਇਆ। ਸਾਂਈ ਜੀ ਸ਼ਾਮ ਤੱਕ ਮੇਲੇ ਵਿਚ ਮੌਜੂਦ ਰਹੇ। ਇਸ ਦੌਰਾਨ ਆਏ ਹੋਏ ਕਲਾਕਾਰਾਂ ਨੇ ਆਪਣੀ ਹਾਜਰੀ ਖਵਾਜਾ ਜੀ ਦੇ ਦਰਬਾਰ ਵਿਚ ਲਗਵਾਈ ਅਤੇ ਸੰਗਤਾਂ ਨੂੰ ਨਿਹਾਲ ਕੀਤਾ। ਇਹਨਾਂ ਕਲਾਕਾਰਾਂ ਵਿਚ ਹਰਭਜਨ ਬਕਾਪੁਰੀ, ਕੇ.ਐਸ. ਮਹਿਮੀ ਅਤੇ ਸੋਨੀਆ ਮਹਿਮੀ ਦੀ ਜੋੜੀ, ਲੋਕ ਪ੍ਰੇਮੀ ਅਤੇ ਮਲੇਰਕੋਟਲਾ ਦੇ ਮਸ਼ਹੂਰ ਕਵਾਲ ਮੁਨਵਰ ਅਲੀ ਨੇ ਸਾਰੀ ਸੰਗਤ ਨੂੰ ਆਪਣੀ ਕਵਾਲੀਆਂ ਨਾਲ ਮੋਹ ਲਿਆ। ਸਾਰਾ ਦਿਨ ਸੰਗਤ ਖਵਾਜਾ ਜੀ ਦੇ ਦਰਬਾਰ ਵਿਚ ਹਾਜਰੀ ਭਰਦੀ ਰਹੀ। ਦੁਪਹਿਰ ਨੂੰ ਗੁਰੂ ਦਾ ਲੰਗਰ ਅਤੁੱਟ ਵਰਤਿਆ। ਸਟੇਜ ਸਕੱਤਰ ਦੀ ਜਿੰਮੇਵਾਰੀ ਤਰਸੇਮ ਲਾਲ ਟੂਰਾ ਬੜੇ ਹੀ ਸੁਚੱਜੇ ਢੰਗ ਨਾਲ ਨਿਭਾਈ।
ਖਵਾਜਾ ਜੀ ਦੀ ਪੂਜਾ ਕਰਦੇ ਹੋਏ ਸੁਰਿੰਦਰ ਸਿੰਘ ਨੀਲਾ ਅਤੇ ਸਾਥੀ
ਖਵਾਜਾ ਜੀ ਦਰਬਾਰ ਵਿਚ ਮੱਥਾ ਟੇਕਦੇ ਹੋਏ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਕ
ਮੇਲੇ ਦੌਰਾਨ ਸੰਗਤਾਂ ਦਾ ਵਿਸ਼ਾਲ ਇਕੱਠ
ਸ਼ਾਮ ਨੂੰ ਵੱਖ ਵੱਖ ਸੰਗਤਾਂ ਵੱਲੋਂ ਖਵਾਜਾ ਜੀ ਦੇ ਚਾਰ ਬੇੜੇ ਦਿੱਤੇ ਗਏ। ਆਪਣੇ ਪਰਿਵਾਰ ਦੀਆਂ ਸੁੱਖਣਾਂ ਪੂਰੀਆਂ ਹੋਣ ਤੇ ਇਹਨਾਂ ਸੰਗਤਾਂ ਨੇ ਬੇੜੇ ਦਿੱਤੇ। ਪੂਰੀ ਮਰਿਆਦਾ ਨਾਲ ਖਵਾਜਾ ਜੀ ਦੀ ਅਰਦਾਸ ਕੀਤੀ ਗਈ। ਢੋਲ ਦੇ ਨੱਚਦੇ ਗਾਂਦੇ ਹੋਏ ਸੰਗਤਾਂ ਨੇ ਖਵਾਜਾ ਜੀ ਦੇ ਦਰਬਾਰ ਤੋਂ ਮੱਥਾ ਟੇਕ ਕੇ ਮੰਦਿਰ ਦੀ ਪਰਿਕ੍ਰਮਾ ਕਰਕੇ ਫਿਰ ਸਰੋਵਰ ਤੇ ਅਰਦਾਸ ਕੀਤੀ। ਇਸ ਮੌਕੇ ਵੀ ਸੰਗਤਾਂ ਨੇ ਆਪਣੀ ਪਰਿਵਾਰ ਦੀ ਸੁਖ ਸ਼ਾਂਤੀ ਅਤੇ ਭਲੇ ਵਾਸਤੇ ਅਰਦਾਸ ਕਰਵਾਈ। ਫਿਰ ਪੂਰੀ ਮਰਿਆਦਾ ਨਾਲ ਇੱਥੇ ਬਣੇ ਹੋਏ ਖਵਾਜਾ ਜੀ ਦੇ ਸੁੰਦਰ ਤਲਾਬ ਵਿਚ ਇਕ ਇਕ ਕਰਕੇ ਬੇੜੇ ਦਿੱਤੇ ਗਏ। ਇਸ ਤੋਂ ਬਾਅਦ ਫਿਰ ਅਤੁੱਟ ਲੰਗਰ ਵਰਤਦਾ ਰਿਹਾ ਅਤੇ ਸੰਗਤ ਨੂੰ ਘਰ ਲਿਜਾਣ ਵਾਸਤੇ ਵੀ ਪ੍ਰਸ਼ਾਦਿ ਦੇ ਤੌਰ ਤੇ ਦਿੱਤਾ ਗਿਆ।
ਮੇਲੇ ਤੋਂ ਇਕ ਦਿਨ ਪਹਿਲਾਂ 4 ਮਈ ਰਾਤ ਨੂੰ ਕਲਾਕਾਰ ਅਨਿਲ ਸ਼ਰਮਾ ਐਂਡ ਪਾਰਟੀ ਨੇ ਵੀ ਖਵਾਜਾ ਜੀ ਦੇ ਦਰਬਾਰ ਵਿਚ ਨਕਲਾਂ ਕਰਕੇ ਆਪਣੀ ਹਾਜਰੀ ਲਗਵਾਈ। ਇਸ ਮੌਕੇ ਪ੍ਰਬੰਧਕੀ ਕਮੇਟੀ ਵੱਲੋਂ ਸੁਰਿੰਦਰ ਸਿੰਘ ਨੀਲਾ, ਕੁੰਦਨ ਸਿੰਘ, ਬਲਵੀਰ ਸਿੰਘ ਨੀਲਾ, ਐਸ.ਡੀ.ਓ. ਤਜਿੰਦਰ ਸਿੰਘ, ਸ਼੍ਰੀਮਤੀ ਕੁਲਦੀਪ ਕੌਰ, ਰਜਿੰਦਰ ਸਿੰਘ ਨੀਲਾ, ਰਾਮ ਸਿੰਘ, ਬਲਦੇਵ ਸਿੰਘ, ਕਮਲਜੀਤ ਸਿੰਘ, ਕੁਲਦੀਪ ਸਿੰਘ, ਗੁਰਸੇਵਕ ਸਿੰਘ, ਯੁਵਰਾਜ ਸਿੰਘ ਨੀਲਾ ਅਤੇ ਪਿੰਡ ਦੇ ਨੌਜਵਾਨਾਂ ਨੇ ਸੇਵਾ ਕੀਤੀ। ਇਸ ਦੌਰਾਨ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ ਅਤੇ ਕਸ਼ਯਪ ਰਾਜਪੂਤ ਵੈਬਸਾਈਟ ਦੇ ਮਾਲਕ ਨਰਿੰਦਰ ਕਸ਼ਯਪ ਉਚੇਚੇ ਤੌਰ ਤੇ ਸ਼ਾਮਲ ਹੋਏ। ਮੇਲੇ ਨੂੰ ਸਫਲ ਕਰਨ ਲਈ ਐਨ.ਆਰ.ਆਈ. ਵੀਰਾਂ ਦਾ ਵੀ ਪੂਰਾ ਸਹਿਯੋਗ ਰਿਹਾ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਗੁਰੂ ਰਵਿਦਾਸ ਨੌਜਵਾਨ ਸਭਾ ਨੇ ਵੀ ਪੂਰੀ ਸੇਵਾ ਕੀਤੀ। ਪ੍ਰਬੰਧਕੀ ਕਮੇਟੀ ਵੱਲੋਂ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ।