ਸੁਰਜੀਤ ਸਿੰਘ ਬੁਆਇਲਰ ਵਾਲੇ ਦੇ ਪਰਿਵਾਰ ਨੂੰ ਲੱਗਾ ਜਵਾਨ ਪੁੱਤਰ ਸਰਬਜੀਤ ਸਿੰਘ ਦੀ ਮੌਤ ਦਾ ਸਦਮਾ
ਅੰਤਿਮ ਅਰਦਾਸ ਵਿਚ ਸ਼ਾਮਲ ਹੋਈਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਦਿੱਤੀ ਸ਼ਰਧਾਂਜਲੀ
ਸਦਾ ਹੀ ਹੱਸਦਾ ਰਹਿਣ ਵਾਲਾ ਸਰਬਜੀਤ ਸਿੰਘ ਹੈਪੀ ਹਮੇਸ਼ਾ ਲਈ ਚੁੱਪ ਹੋ ਗਿਆ
ਲੁਧਿਆਣਾ, 24-4-2024 (ਨਰਿੰਦਰ ਕਸ਼ਯਪ) – ਕਿਸੇ ਵੀ ਮਾਂ-ਬਾਪ ਲਈ ਇਸ ਤੋਂ ਵੱਡੇ ਦੁੱਖ ਦੀ ਗੱਲ ਨਹੀਂ ਹੁੰਦੀ ਜਦੋਂ ਉਹਨਾਂ ਦਾ ਜਵਾਨ ਪੁੱਤਰ ਉਹਨਾਂ ਦੀ ਅੱਖਾਂ ਦੇ ਸਾਹਮਣੇ ਅਕਾਲ ਚਲਾਣਾ ਕਰ ਜਾਵੇ। ਅਜਿਹਾ ਹੀ ਇਕ ਦੁੱਖਦਾਈ ਹਾਦਸਾ ਕਸ਼ਯਪ ਸਮਾਜ ਦੇ ਉਘੇ ਸਮਾਜ ਸੇਵਕ ਅਤੇ ਮਸ਼ਹੂਰ ਇੰਡਸਟ੍ਰੀਲਿਸਟ ਸ. ਸੁਰਜੀਤ ਸਿੰਘ ਬੁਆਇਲਰ ਵਾਲਿਆਂ ਨਾਲ ਵਾਪਰਿਆ ਜਦੋਂ ਉਹਨਾਂ ਦਾ ਇਕਲੌਤਾ ਜਵਾਨ ਪੁੱਤਰ ਸਰਬਜੀਤ ਸਿੰਘ (ਹੈਪੀ) ਵਾਹਿਗੁਰੂ ਜੀ ਵੱਲੋਂ ਦਿੱਤੇ ਆਪਣੇ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ 15-4-2024 ਨੁੂੰ ਅਕਾਲ ਚਲਾਣਾ ਕਰ ਗਿਆ। ਇਸ ਦੁਖਦ ਘਟਨਾ ਨਾਲ ਸਾਰਾ ਹੀ ਪਰਿਵਾਰ ਵੱਡੇ ਸਦਮੇ ਵਿਚ ਆ ਗਿਆ। ਬੜੇ ਹੀ ਦੁਖੀ ਮੰਨ ਨਾਲ 16-4-2024 ਨੂੰ ਸਰਬਜੀਤ ਸਿੰਘ ਹੈਪੀ ਦਾ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਦੋਸਤ, ਸੱਜਣ ਅਤੇ ਵੱਖ ਵੱਖ ਸੰਸਥਾਵਾਂ ਦੇ ਪਤੰਵਤੇ ਸੱਜਣ ਮੌਜੂਦ ਸਨ। ਸਾਰਿਆਂ ਦੀ ਅੱਖਾਂ ਹੰਝੂਆਂ ਨਾਲ ਭਿੱਜੀਆਂ ਹੋਈਆਂ ਸਨ ਅਤੇ ਦਿਲ ਰੋ ਰੋ ਕੇ ਦੁਹਾਈ ਦੇ ਰਿਹਾ ਸੀ ਕਿ ਸਦਾ ਹੀ ਖੁਸ਼ ਰਹਿਣ ਵਾਲਾ ਹੈਪੀ ਕਿੱਥੇ ਚਲਾ ਗਿਆ ਹੈ ਅਤੇ ਪਰਿਵਾਰ ਨਾਲ ਇਹ ਕੀ ਭਾਣਾ ਵਾਪਰ ਗਿਆ ਹੈ?
ਸਰਬਜੀਤ ਸਿੰਘ ਹੈਪੀ ਦੀ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਸਹਿਜ ਪਾਠ ਆਪਣੇ ਨਿਵਾਸ ਅਸਥਾਨ ਤੇ ਆਰੰਭ ਕਰਵਾਏ ਗਏ ਜਿਹਨਾਂ ਦਾ ਭੋਗ 24 ਅਪ੍ਰੈਲ 2024 ਨੂੰ ਪਾਇਆ ਗਿਆ। ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਗੁਰਦੁਆਰਾ ਗੁਰੂ ਨਾਨਕ ਦਰਬਾਰ ਡਾਬਾ ਰੋਡ ਲੁਧਿਆਣਾ ਵਿਖੇ ਹੋਇਆ। ਭਾਈ ਚਰਨਜੀਤ ਸਿੰਘ ਜੰਮੂ ਵਾਲਿਆਂ ਦੇ ਜੱਥੇ ਨੇ ਵੈਰਾਗਮਈ ਕੀਰਤਨ ਕਰਦੇ ਹੋਏ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਅਤੇ ਵਿਛੜੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਵਿਚ ਕਸ਼ਯਪ ਰਾਜਪੂਤ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ., ਸੁਖਦੇਵ ਸਿੰਘ ਰਾਜ, ਬਲਦੇਵ ਸਿੰਘ ਦੁਸਾਂਝ, ਗੁਰਦੁਆਰਾ ਸ਼ਹੀਦਾਂ ਕਬੀਰ ਨਗਰ ਦੀ ਸੁਖਮਨੀ ਸੇਵਾ ਸੁਸਾਇਟੀ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਕ ਨਰਿੰਦਰ ਕਸ਼ਯਪ, ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਕਾਂਗਰਸ ਪ੍ਰਧਾਨ ਮੋਹਨ ਸਿੰਘ, ਬਲਬੀਰ ਸਿੰਘ, ਭਾਗ ਸਿੰਘ ਲਮਸਰ, ਕੋਂਸਲਰ ਅਰਜਨ ਸਿੰਘ, ਓਸਟਰ ਗਰੁੱਪ ਆਫ ਕੰਪਨੀਜ਼ ਦੇ ਚੇਅਰਮੈਨ ਹਰਭਜਨ ਸਿੰਘ, ਰਵਿੰਦਰਾ ਇੰਜੀ. ਦੇ ਮਾਲਕ ਬਲਜੀਤ ਸਿੰਘ, ਮੈਰੀ ਗੋਲਡ ਰਾਈਸ ਮਿੱਲ ਦੇ ਮਾਲਕ, ਡਾਇਰੈਕਟਰ ਬੁਆਇਲਰ ਇੰਡੀ. ਪੰਜਾਬ, ਸਹਾਇਕ ਡਾਇਰੈਕਟਰ ਸੈਣੀ ਸਾਹਿਬ, ਕਬੀਰ ਨਗਰ ਸੁਸਾਇਟੀ ਦੇ ਮੈਂਬਰ, ਟੀ.ਆਰ. ਮਿਸ਼ਰਾ, ਬੀ.ਐਸ. ਪੇਪਰ ਮਿੱਲ, ਪੰਨਾ ਸਿੰਘ ਪਕੌੜੇ ਵਾਲੇ ਵੱਲੋਂ ਸ਼ੋਕ ਸੰਦੇਸ਼, ਸੁਖਵਿੰਦਰ ਸਿੰਘ ਨੋਨਾ ਡਾਇਰੈਕਟਰ ਮੰਡੀ ਬੋਰਡ ਪੰਜਾਬ, ਸਾਬਕਾ ਐਮ.ਪੀ. ਅਤੇ ਲੋਕਸਭਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਧਰਮਪਤਨੀ ਸ਼੍ਰੀਮਤੀ ਅਨੁਪਮ ਕੌਰ ਤੋਂ ਅਲਾਵਾ ਕਈ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ ਅਤੇ ਬਹੁਤ ਸਾਰੇ ਸ਼ੋਕ ਸੰਦੇਸ਼ ਆਏ। ਸਾਰਿਆਂ ਨੇ ਹੀ ਦੁੱਖ ਦੀ ਇਸ ਘੜੀ ਵਿਚ ਸ. ਸੁਰਜੀਤ ਸਿੰਘ ਨਾਲ ਸ਼ੋਕ ਪ੍ਰਗਟ ਕੀਤਾ।
ਅਸੀਂ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਅਤੇ ਕਸ਼ਯਪ ਰਾਜਪੂਤ ਵੈਬਸਾਈਟ ਵੱਲੋਂ ਆਪਣੇ ਸਾਥੀ ਸ. ਸੁਰਜੀਤ ਸਿੰਘ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਰਬਜੀਤ ਸਿੰਘ ਹੈਪੀ ਦੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ਿਸ਼ ਕਰਨ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸਮਰਥਾ ਦੇਣ।