ਗੁਰਦੁਆਰਾ ਹਿੰਮਤਗੜ੍ਹ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ
ਪ੍ਰਧਾਨ ਗੁਰਮੁਖ ਸਿੰਘ ਅਤੇ ਪ੍ਰਬੰਧਕੀ ਕਮੇਟੀ ਨੇ ਮਨਾਇਆ ਜਨਮ ਦਿਹਾੜਾ
ਅੰਮ੍ਰਿਤਸਰ, 18-2-2024 (ਕ.ਕ.ਪ.) – ਸਾਹਿਬੇ ਕਮਾਲ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਹਿੰਮਤਗੜ੍ਹ ਸਾਹਿਬ, ਟਾਊਨ ਹਾਲ ਅੰਮ੍ਰਿਤਸਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਪ੍ਰਧਾਨ ਗੁਰਮੁਖ ਸਿੰਘ ਅਤੇ ਪ੍ਰਬੰਧਕੀ ਕਮੇਟੀ ਦੇ ਸਾਥੀਆਂ ਦੇ ਸਹਿਯੋਗ ਨਾਲ ਇਹ ਪ੍ਰਕਾਸ਼ ਦਿਹਾੜਾ ਮਨਾਇਆ ਗਿਆ। ਪ੍ਰਬੰਧਕੀ ਕਮੇਟੀ ਵੱਲੋਂ ਇਸ ਮੌਕੇ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਗਏ। ਭੋਗ ਤੋਂ ਉਪਰੰਤ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਦਲਜੀਤ ਸਿੰਘ ਨਾਦ ਜੀ ਦੇ ਜੱਥੇ ਨੇ ਰਸਮਈ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਉਹਨਾਂ ਸੰਗਤਾਂ ਨੂੰ ਸਿੱਖੀ ਇਤਿਹਾਸ ਨਾਲ ਜੋੜਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ ਮਾਰਗ ਤੇ ਚੱਲਣ ਲਈ ਕਿਹਾ।
ਪ੍ਰਧਾਨ ਗੁਰਮੁਖ ਸਿੰਘ ਨੇ ਕਿਹਾ ਕਿ ਜਲਦੀ ਹੀ ਸਾਰੇ ਪੰਜਾਬ ਅਤੇ ਵਿਦੇਸ਼ੀ ਭਰਾਵਾਂ ਦੇ ਸਹਿਯੋਗ ਨਾਲ ਕਮੇਟੀ ਗੁਰਦੁਆਰਾ ਸਾਹਿਬ ਦੀ ਸੁੰਦਰੀਕਰਣ ਜਲਦੀ ਹੀ ਕੀਤਾ ਜਾਵੇਗਾ। ਇਸ ਮੌਕੇ ਸਟੇਜ ਸਕੱਤਰ ਦੀ ਜਿੰਮੇਵਾਰੀ ਹਰਜਿੰਦਰ ਸਿੰਘ ਰਾਜਾ ਉਪ ਪ੍ਰਧਾਨ ਅਖਿਲ ਭਾਰਤੀ ਕਸ਼ਯਪ ਸਮਾਜ ਨੇ ਨਿਭਾਈ। ਉਹਨਾਂ ਕਸ਼ਯਪ ਸਮਾਜ ਨੂੰ ਰਾਜਨੀਤੀ ਵਿਚ ਆਪਣੀ ਬਣਦੀ ਹਿੱਸੇਦਾਰੀ ਲੈਣ ਲਈ ਇਕਜੁਟ ਹੋ ਕੇ ਸੰਘਰਸ਼ ਕਰਨ ਲਈ ਕਿਹਾ। ਹਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਆਉਣ ਵਾਲੀਆਂ ਐਮ.ਸੀ. ਦੀਆਂ ਚੋਣਾਂ ਵਿਚ ਕਸ਼ਯਪ ਸਮਾਜ ਨੂੰ ਆਪਣਾ ਹਿੱਸਾ ਲੈਣਾ ਚਾਹੀਦਾ ਹੈ। ਪ੍ਰਬੰਧਕੀ ਕਮੇਟੀ ਵੱਲੋਂ ਆਏ ਹੋਏ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ।
ਇਸ ਮੌਕੇ ਰਜਿੰਦਰ ਸਿੰਘ ਸਫਰ, ਕਸ਼ਮੀਰ ਸਿੰਘ ਰੁਮਾਲਿਆਂ ਵਾਲੇ, ਹਰਜੀਤ ਸਿੰਘ ਬੈਂਕਵਾਲੇ, ਲਖਮੀਰ ਸਿੰਘ ਲੱਖਾ, ਸੁਖਦੇਵ ਰਾਜ ਪਹਿਲਵਾਨ, ਜਸਪਾਲ ਸਿੰਘ ਕੋਟ ਖਾਲਸਾ, ਰਘਬੀਰ ਸਿੰਘ ਰਾਹੀ, ਬਲਵੰਤ ਸਿੰਘ ਰਿਟਾ. ਐਸ.ਡੀ.ਓ, ਜੋਗਿੰਦਰ ਸਿੰਘ ਮਰਹਾਲਾ, ਪ੍ਰੀਤਮ ਸਿੰਘ ਟਾਕ ਤੋਂ ਅਲਾਵਾ ਵੱਡੀ ਗਿਣਤੀ ਵਿਚ ਸ਼ਰਧਾਲੂ ਸ਼ਾਮਲ ਹੋਏ। ਇਸ ਤੋਂ ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਿਆ।