ਬਲਜੀਤ ਸਿੰਘ ਕਖਾਰੂ ਦੇ ਨਾਮ ਉਪਰ ਹੋਣਹਾਰ ਲੜਕੀਆਂ ਨੂੰ ਪੜਾਈ ਲਈ ਦਿੱਤੀ ਜਾਏਗੀ ਆਰਥਿਕ ਮਦਦ - ਰਜਿੰਦਰ ਸਿੰਘ ਕਖਾਰੂ
ਜਲੰਧਰ, 30-4-2022 (ਗੁਰਿੰਦਰ ਕਸ਼ਯਪ) – ਚੰਡੀਗੜ ਕਸ਼ਯਪ ਰਾਜਪੂਤ ਸਭਾ ਦੇ ਸਾਬਕਾ ਪ੍ਰਧਾਨ ਅਤੇ ਸਰਪ੍ਰਸਤ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਸਰਪ੍ਰਸਤ, ਕਸ਼ਯਪ ਰਾਜਪੂਤ ਸਮਾਜ ਵਿਚ ਆਪਣੀ ਇਕ ਵੱਖਰੀ ਪਹਿਚਾਣ ਰੱਖਣ ਵਾਲੇ ਸਵਰਗਵਾਸੀ ਸ. ਬਲਜੀਤ ਸਿੰਘ ਕਖਾਰੂ ਦੀ ਯਾਦ ਨੂੰ ਤਾਜਾ ਰੱਖਦੇ ਹੋਏ ਉਹਨਾਂ ਦੇ ਨਾਮ ਉਪਰ ਹੋਣਹਾਰ ਜਰੂਰਤਮੰਦ ਲੜਕੀਆਂ ਨੂੰ ਪੜਾਈ ਵਾਸਤੇ ਆਰਥਿਕ ਮਦਦ ਕੀਤੀ ਜਾਵੇਗੀ। ਉਹਨਾਂ ਦੀ ਯਾਦ ਵਿਚ ਉਹਨਾਂ ਦੇ ਵੱਡੇ ਬੇਟੇ ਚੰਡੀਗੜ ਦੇ ਮਸ਼ਹੂਰ ਬਿਲਡਰਜ਼ ਸ. ਰਜਿੰਦਰ ਸਿੰਘ ਕਖਾਰੂ ਨੇ ਹਰ ਸਾਲ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ, ਜਿਸਦਾ ਇਕ ਫੰਡ ਬਣਾਇਆ ਜਾਵੇਗਾ। ਰਜਿੰਦਰ ਸਿੰਘ ਕਖਾਰੂ ਨੇ 14ਵੇਂ ਕਸ਼ਯਪ ਰਾਜਪੂਤ ਪਰਿਵਾਰ ਸੰਮੇਲਨ ਦੌਰਾਨ ਇਹ ਐਲਾਨ ਕਰਦੇ ਹੋਏ ਕਿਹਾ ਉਹਨਾਂ ਦੇ ਪਿਤਾ ਸਵਰਗਵਾਸੀ ਸ. ਬਲਜੀਤ ਸਿੰਘ ਨੇ ਚੰਡੀਗੜ ਸਭਾ ਵੱਲੋਂ ਮਹਾਰਿਸ਼ੀ ਕਸ਼ਯਪ ਭਵਨ ਬਨਾਉਣ ਵਾਸਤੇ ਬਹੁਤ ਸੇਵਾ ਕੀਤੀ ਹੈ। ਸ. ਬਲਜੀਤ ਸਿੰਘ ਨੇ ਕਸ਼ਯਪ ਸਮਾਜ ਵਿਚ ਆਪਣਾ ਨਾਮ ਕਮਾਇਆ ਹੈ ਅਤੇ ਸਮਾਜ ਦੇ ਹਰ ਵਰਗ ਵਿਚ ਉਹਨਾਂ ਦੀ ਇੱਜਤ ਹੈ। ਹਰ ਸਭਾ ਸੁਸਾਇਟੀ ਨੂੰ ਉਹਨਾਂ ਦਾ ਯੋਗਦਾਨ ਰਿਹਾ ਹੈ। ਹੁਣ ਵੀ ਉਹਨਾਂ ਦੇ ਨਾਮ ਨੂੰ ਅੱਗੇ ਚਲਾਉਂਦੇ ਹੋਏ ਉਹਨਾਂ ਦੇ ਪਰਿਵਾਰ ਵੱਲੋਂ ਸਮਾਜ ਸੇਵਾ ਵਿਚ ਯੋਗਦਾਨ ਦਿੱਤਾ ਜਾਏਗਾ। ਉਹਨਾਂ ਕਿਹਾ ਕਿ ਉਹ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੀ ਟੀਮ ਨੂੰ ਹਰ ਸਾਲ ਇਕ ਲੱਖ ਰੁਪਏ ਦਾ ਸਹਿਯੋਗ ਕਰਨਗੇ ਜਿਸਨੂੰ ਮੈਨੇਜ ਕਰਨ ਦਾ ਕੰਮ ਸ਼੍ਰੀ ਨਰਿੰਦਰ ਕਸ਼ਯਪ ਜੀ ਅਤੇ ਉਹਨਾਂ ਦੀ ਟੀਮ ਕਰੇਗੀ। ਕਸ਼ਯਪ ਕ੍ਰਾਂਤੀ ਦੀ ਟੀਮ ਜਰੂਰਤਮੰਦ ਲੜਕੀਆਂ ਨੂੰ ਪੜਾਈ ਵਾਸਤੇ ਮਦਦ ਕਰੇਗੀ। ਕੋਈ ਵੀ ਜਰੂਰਤਮੰਦ ਪਰਿਵਾਰ ਕਸ਼ਯਪ ਕ੍ਰਾਂਤੀ ਦੀ ਟੀਮ ਜਾਂ ਨਰਿੰਦਰ ਕਸ਼ਯਪ ਨਾਲ ਸੰਪਰਕ ਕਰ ਸਕਦਾ ਹੈ।
ਰਜਿੰਦਰ ਸਿੰਘ ਕਖਾਰੂ ਨੇ ਇਸ ਨੇਕ ਕੰਮ ਦੀ ਸ਼ੁਰੂਆਤ ਪਰਿਵਾਰ ਸੰਮੇਲਨ ਦੌਰਾਨ ਹੀ ਕਰ ਦਿੱਤੀ ਜਦੋਂ ਉਹਨਾਂ ਨੇ 2022 ਸੰਨ ਵਿਚ +2 ਦੀ ਟੌਪਰ ਬੇਟੀ ਅਰਸ਼ਦੀਪ ਕੌਰ ਨੂੰ ਆਪਣੇ ਸਮਾਜ ਅਤੇ ਪਰਿਵਾਰ ਦਾ ਨਾਮ ਰੋਸ਼ਨ ਕਰਨ ਵਾਸਤੇ 11000/- ਦਾ ਇਨਾਮ ਦਿੱਤਾ। ਅਰਸ਼ਦੀਪ ਕੌਰ ਨੇ ਕਿਹਾ ਇਸ ਤਰ੍ਹਾਂ ਲੜਕੀਆਂ ਦੀ ਮਦਦ ਕਰਨ ਨਾਲ ਉਹਨਾਂ ਨੂੰ ਅੱੱਗੇ ਵਧਣ ਦਾ ਹੌਸਲਾ ਮਿਲੇਗਾ ਅਤੇ ਹੋਰ ਵੀ ਮਿਹਨਤ ਕਰਕੇ ਆਪਣੇ ਪਰਿਵਾਰ ਅਤੇ ਸਮਾਜ ਦਾ ਨਾਮ ਰੋਸ਼ਨ ਕਰਨਗੀਆਂ। ਸ਼੍ਰੀ ਨਰਿੰਦਰ ਕਸ਼ਯਪ ਨੇ ਸ. ਰਜਿੰਦਰ ਸਿੰਘ ਕਖਾਰੂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਪਹਿਲੇ ਮੈਂਬਰ ਅਤੇ ਸਰਪ੍ਰਸਤ ਸ. ਬਲਜੀਤ ਸਿੰਘ ਕਖਾਰੂ ਨੇ ਸਮਾਜ ਸੇਵਾ ਵਾਸਤੇ ਬਹੁਤ ਯੋਗਦਾਨ ਦਿੱਤਾ ਹੈ। ਇਸ ਪਹਿਲ ਨਾਲ ਉਹਨਾਂ ਦਾ ਨਾਮ ਹਮੇਸ਼ਾ ਲਈ ਅਮਰ ਰਹੇਗਾ। ਕੋਈ ਵੀ ਜਰੂਰਤਮੰਦ ਪਰਿਵਾਰ ਆਪਣੀ ਬੇਟੀ ਦੀ ਪੜਾਈ ਵਾਸਤੇ ਉਹਨਾਂ ਨਾਲ ਮੋਬਾਈਲ ਨੰਬਰ 98887-72800 ਉਪਰ ਸੰਪਰਕ ਕਰ ਸਕਦਾ ਹੈ ਜਾਂ ਕਸ਼ਯਪ ਕ੍ਰਾਂਤੀ ਦੇ ਕਿਸੇ ਵੀ ਦਫਤਰ ਨਾਲ ਸੰਪਰਕ ਕਰ ਸਕਦਾ ਹੈ। ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੀ ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਕਸ਼ਯਪ ਕ੍ਰਾਂਤੀ ਦੀ ਟੀਮ ਇਹ ਸਾਰਾ ਕੰਮ ਪੂਰੀ ਇਮਾਨਦਾਰੀ ਅਤੇ ਸੱਚੇ ਦਿਲ ਨਾਲ ਕਰੇਗੀ।
ਬਹੁਤ ਵਧੀਆ ਉਪਰਾਲਾ ਹੈ। ਵਾਹਿਗੁਰੂ ਜੀ ਇੰਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।