ਬਾਬਾ ਹਿੰਮਤ ਸਿੰਘ ਕਸ਼ਯਪ ਰਾਜਪੂਤ ਸਮਾਜ ਸੁਧਾਰ ਸਭਾ (ਰਜਿ.), ਸਰੀਂਹ - ਜਲੰਧਰ ਨੇ ਕਰਵਾਇਆ 13ਵਾਂ ਸਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ
ਮੁੱਖ ਮਹਿਮਾਨ ਨੂੰ ਸਨਮਾਨਤ ਕਰਦੇ ਹੋਏ ਸਭਾ ਦੇ ਮੈਂਬਰ
25-9-2022 (ਜਲੰਧਰ) – ਜਲੰਧਰ ਜਿਲੇ ਦੇ ਪਿੰਡ ਸਰੀਂਹ ਵਿਖੇ ਪੰਜ ਪਿਆਰਿਆਂ ਚ ਸ਼ਾਮਲ ਕਸ਼ਯਪ ਸਮਾਜ ਦੇ ਮਹਾਨ ਸ਼ਹੀਦ ਬਾਬਾ ਹਿੰਮਤ ਸਿੰਘ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿਚ ਗਰਮ ਦੁੱਧ ਦੀ ਸੇਵਾ ਕਰਨ ਬਦਲੇ ਕੋਹਲੂ ਵਿਚ ਪੀੜ ਕੇ ਸ਼ਹੀਦ ਕੀਤੇ ਗਏ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿਚ 13ਵਾਂ ਸਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਬਾਬਾ ਹਿੰਮਤ ਸਿੰਘ ਕਸ਼ਯਪ ਰਾਜਪੂਤ ਸਮਾਜ ਸੁਧਾਰ ਸਭਾ (ਰਜਿ.) ਵੱਲੋਂ ਪਿੰਡ ਸਰੀਂਹ ਦੇ ਸ਼ਹੀਦਾਂ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਧਾਨ ਸ. ਗਰੀਬ ਸਿੰਘ ਦੀ ਅਗਵਾਈ ਹੇਠ ਇਹ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਪਾਠ ਦੇ ਭੋਗ ਉਪਰੰਤ ਅਰਦਾਸ ਹੋਈ ਅਤੇ ਹਾਲ ਵਿਚ ਹੀ ਦੀਵਾਨ ਸਜਾਇਆ ਗਿਆ।
ਇਥੇ ਕਸ਼ਯਪ ਸਮਾਜ ਦੇ ਆਏ ਹੋਏ ਵੱਖ-ਵੱਖ ਸਾਥੀਆਂ ਨੇ ਸਮਾਜ ਦੀ ਤਰੱਕੀ ਵਾਸਤੇ ਆਪਣੇ ਵਿਚਾਰ ਪੇਸ਼ ਕੀਤੇ। ਸੰਮੇਲਨ ਦੀ ਮੁੱਖ ਮਹਿਮਾਨ ਹਲਕਾ ਨਕੋਦਰ ਦੀ ਐਮ.ਐਲ.ਏ. ਬੀਬੀ ਇੰਦਰਜੀਤ ਕੌਰ ਮਾਨ ਨੇ ਸ਼ਹੀਦਾਂ ਦੀ ਮਹਾਨ ਕੁਰਬਾਨੀ ਨੂੰ ਯਾਦ ਕੀਤਾ। ਵੱਖ ਵੱਖ ਸਭਾਵਾਂ ਤੋਂ ਆਏ ਹੋਏ ਮੈਂਬਰਾਂ ਨੇ ਵੀ ਆਪਣੇ ਵਿਚਾਰ ਰੱਖੇ। ਜੱਥੇਦਾਰ ਸੁਖਬੀਰ ਸਿੰਘ ਸ਼ਾਲੀਮਾਰ ਨੇ ਵੀ ਸਮਾਜ ਨੂੰ ਹੁੰਗਾਰਾ ਮਾਰਿਆ। ਇਸ ਦੌਰਾਨ ਸਟੇਜ ਸੈਕਟਰੀ ਦੀ ਜਿੰਮੇਵਾਰੀ ਹਰਚਰਨ ਭਾਰਤੀ ਨੇ ਬੜੇ ਵਧੀਆ ਢੰਗ ਨਾਲ ਨਿਭਾਈ।
ਇਸ ਸਮਾਗਮ ਵਿਚ ਬਟਾਲਾ ਤੋਂ ਕਸ਼ਯਪ ਸਮਾਜ ਦੇ ਸਾਥੀ, ਕਸ਼ਯਪ ਰਾਜਪੂਤ ਮਹਾਂਸਭਾ ਜਲੰਧਰ ਦੇ ਚੇਅਰਮੈਨ ਪਰਮਜੀਤ ਸਿੰਘ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਕਸ਼ਯਪ ਰਾਜਪੂਤ ਸਭਾ ਕੋਟਲਾ ਸੂਰਜ ਮੱਲ ਤੋਂ ਪ੍ਰਧਾਨ ਸ. ਦਵਿੰਦਰ ਸਿੰਘ ਰਹੇਲੂ ਆਪਣੀ ਟੀਮ ਨਾਲ, ਆਲ ਇੰਡੀਆ ਕਸ਼ਯਪ ਰਾਜਪੂਤ ਬਾਬਾ ਹਿੰਮਤ ਸਿੰਘ ਐਜੁਕੇਸ਼ਨ ਬੋਰਡ ਫਗਵਾੜਾ ਦੇ ਪ੍ਰਧਾਨ ਗੁਰਦਿਆਲ ਸਿੰਘ ਜੋਨੀ ਆਪਣੀ ਟੀਮ ਨਾਲ ਸ਼ਾਮਲ ਹੋਏ। ਸਭਾ ਵੱਲੋਂ ਆਏ ਹੋਏ ਸਮਾਜ ਦੇ ਸਾਥੀਆਂ ਨੂੰ ਸਭਾ ਦੀ ਯਾਦਗਾਰੀ ਨਿਸ਼ਾਨੀ ਦੇ ਕੇ ਸਨਮਾਨਤ ਕੀਤਾ ਗਿਆ। ਇਸ ਤੋਂ ਬਾਅਦ ਸਮਾਜ ਦੇ ਸਾਥੀਆਂ ਨੇ ਮਿਲ ਕੇ ਸਭਾ ਦੇ ਪ੍ਰਧਾਨ ਗਰੀਬ ਸਿੰਘ ਨੂੰ ਵੀ ਉਹਨਾਂ ਦੇ ਯੋਗਦਾਨ ਲਈ ਸਨਮਾਨਤ ਕੀਤਾ ਗਿਆ। ਇਸ ਦੌਰਾਨ ਸਭਾ ਵੱਲੋਂ 70% ਤੋਂ ਵੱਧ ਨੰਬਰ ਲੈ ਕੇ ਪਾਸ ਹੋਣ ਵਾਲੇ ਸਮਾਜ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਤ ਕਰਕੇ ਉਹਨਾਂ ਦਾ ਹੌਸਲਾ ਵਧਾਇਆ ਗਿਆ। ਸਭਾ ਵੱਲੋਂ ਪ੍ਰਧਾਨ ਸ. ਗਰੀਬ ਸਿੰਘ, ਜਨ. ਸੈਕਟਰੀ . ਸੁਖਵਿੰਦਰ ਸਿੰਘ, ਕੈਸ਼ੀਅਰ ਬਿੰਦਰ, ਸੀ. ਮੀਤ ਪ੍ਰਧਾਨ ਦੇਵ ਕਿਸ਼ਨ, ਮੱਖਣ ਸਿੰਘ, ਮਨਜੀਤ ਕੁਮਾਰ, ਸਤਪਾਲ ਆਦਿ ਮੈਂਬਰਾਂ ਨੇ ਪੂਰੀ ਜਿੰਮੇਵਾਰੀ ਨਾਲ ਸਮਾਗਮ ਨੂੂੰ ਸਫਲ ਕਰਨ ਲਈ ਆਪਣਾ ਪੂਰਾ ਯੋਗਦਾਨ ਦਿੱਤਾ। ਇਸ ਸਭਾ ਵੱਲੋਂ ਲਗਾਤਾਰ ਪਿਛਲੇ 13 ਸਾਲਾਂ ਤੋਂ ਹਰ ਸਾਲ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸਦੇ ਲਈ ਪ੍ਰਧਾਨ ਅਤੇ ਸਾਰੀ ਕਮੇਟੀ ਵਧਾਈ ਦੀ ਪਾਤਰ ਹੈ।
ਆਈ ਹੋਈ ਸੰਗਤ ਵਾਸਤੇ ਸਵੇਰੇ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਸੀ। ਇਸ ਤੋਂ ਬਾਅਦ ਗੁਰੂ ਦਾ ਲੰਗਰ ਅਤੁੱਟ ਵਰਤਿਆ। ਸੰਮੇਲਨ ਦੀ ਸਮਾਪਤੀ ਕਰਦੇ ਹੋਏ ਪ੍ਰਧਾਨ ਗਰੀਬ ਸਿੰਘ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ।