25 ਜੂਨ 2023 ਨੂੰ ਹੋਵੇਗੀ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੇ ਨਵੇਂ ਚੇਅਰਮੈਨ ਦੀ ਚੋਣ
ਪੁਰਾਣੀ ਕਾਰਜਕਾਨੀ ਕੀਤੀ ਭੰਗ - 8 ਮੈਂਬਰੀ ਕਮੇਟੀ ਨੂੰ ਦਿੱਤੇ ਚੋਣ ਕਰਵਾਉਣ ਦੇ ਅਧਿਕਾਰ
ਮੀਟਿੰਗ ਦੌਰਾਨ ਸ਼ਾਮਲ ਟਰਸੱਟ ਦੇ ਮੈਂਬਰ ਚੋਣ ਦਾ ਐਲਾਨ ਕਰਦੇ ਹੋਏ
ਫਤਿਹਗੜ ਸਾਹਿਬ, 25-5-2023 (ਕ.ਕ.ਪ.) – ਸਿੱਖ ਕੌਮ ਦੇ ਮਹਾਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਬਣੀ ਹੋਈ ਯਾਦਗਾਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਨਵੇਂ ਚੇਅਰਮੈਨ ਦੀ ਚੋਣ 25 ਜੂਨ ਨੂੰ ਕੀਤੀ ਜਾਵੇਗੀ। ਮੌਜੂਦਾ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਦੀ ਅਗਵਾਈ ਹੇਠ ਹੋਈ ਕਾਰਜਕਾਰਨੀ ਦੀ ਮੀਟਿੰਗ ਦੌਰਾਨ ਮੈਂਬਰਾਂ ਦੀ ਸਹਿਮਤੀ ਨਾਲ ਫੈਸਲਾ ਕਰਕੇ ਪੁਰਾਣੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਹੈ ਅਤੇ ਨਵੀਂ ਚੋਣ ਕਰਵਾਉਣ ਲਈ 8 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ।
ਇਸ 8 ਮੈਂਬਰੀ ਕਮੇਟੀ ਦੇ ਮੁਖੀ ਮੋਗਾ ਦੇ ਨਿਰਮਲ ਸਿੰਘ ਮੀਨੀਆ ਹੋਣਗੇ ਜਿਹਨਾਂ ਦੀ ਦੇਖ ਰੇਖ ਹੇਠ ਚੋਣ ਕਰਵਾਈ ਜਾਏਗੀ। ਇਸ ਕਮੇਟੀ ਵਿਚ ਸਰਵਣ ਸਿੰਘ ਬਿਹਾਲ, ਮਹਿੰਦਰ ਸਿੰਘ ਮੋਰਿੰਡਾ, ਜੈ ਕ੍ਰਿਸ਼ਨ, ਗੁਰਚਰਨ ਸਿੰਘ ਨੀਲਾ, ਜਸਪਾਲ ਸਿੰਘ ਕਲੋਂਦੀ, ਬਨਾਰਸੀ ਦਾਸ ਅਤੇ ਤਲਵਿੰਦਰ ਸਿੰਘ ਮੈਂਬਰ ਹਨ। ਇਸ ਕਮੇਟੀ ਨੇ ਜਾਣਕਾਰੀ ਦਿੱਤੀ ਕਿ 25 ਜੂਨ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ। ਚੋਣ ਲੜਨ ਦੇ ਚਾਹਵਾਨ ਉਮੀਦਵਾਰ 3 ਅਤੇ 4 ਜੂਨ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰ ਸਕਦੇ ਹਨ। ਨਾਮਜ਼ਦਗੀ ਫੀਸ 5100/- ਹੈ। 5 ਜੂਨ ਨੂੰ ਨਾਮਜ਼ਦਗੀ ਪੇਪਰਾਂ ਦੀ ਪੜਤਾਲ ਕਰ ਲਈ ਜਾਏਗੀ ਅਤੇ 7 ਜੂਨ ਨੂੰ ਦੁਪਹਿਰ 2 ਵਜੇ ਤੱਕ ਉਮੀਦਵਾਰ ਆਪਣਾ ਨਾਮ ਵਾਪਸ ਲੈ ਸਕਣਗੇ। ਨਾਮ ਵਾਪਸ ਲੈਣ ਵਾਲਿਆਂ ਦੀ ਫੀਸ ਵਾਪਸ ਕਰ ਦਿੱਤੀ ਜਾਵੇਗੀ ਜਦਕਿ ਚੋਣ ਲੜਨ ਵਾਲੇ ਉਮੀਦਵਾਰਾਂ ਦੀ ਫੀਸ ਟਰੱਸਟ ਦੇ ਖਾਤੇ ਵਿਚ ਜਮਾਂ ਹੋ ਜਾਵੇਗੀ। 7 ਜੂਨ 2023 ਨੂੰ ਹੀ ਸ਼ਾਮ 3 ਵਜੇ ਤੋਂ ਬਾਅਦ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ। 25 ਜੂਨ 2023 ਨੂੰ ਵੋਟਾਂ ਹੋਣਗੀਆਂ ਅਤੇ ਸ਼ਾਮ ਨੂੰ ਹੀ ਇਸਦੇ ਨਤੀਜੇ ਐਲਾਨੇ ਜਾਣਗੇ। ਇਸ ਚੋਣ ਪ੍ਰਕ੍ਰਿਆ ਵਿਚ ਚੋਣ ਕਮੇਟੀ ਦਾ ਫੈਸਲਾ ਆਖਰੀ ਅਤੇ ਮੰਨਣ ਯੋਗ ਹੋਵੇਗਾ। ਚੋਣ ਕਮੇਟੀ ਮੈਂਬਰਾਂ ਸਰਵਣ ਸਿੰਘ ਬਿਹਾਲ ਅਤੇ ਮਹਿੰਦਰ ਸਿੰਘ ਮੋਰਿੰਡਾ ਨੇ ਦੱਸਿਆ ਕਿ ਵੋਟ ਪਾਉਣ ਵਾਲੇ ਵੋਟਰ ਕੋਲ ਅਧਾਰ ਕਾਰਡ, ਵੋਟਰ ਕਾਰਡ ਜਾਂ ਡਰਾਈਵਿੰਗ ਲਾਇਸੰਸ ਵਿਚੋਂ ਕੋਈ ਇਕ ਪਛਾਣ ਪੱਤਰ ਹੋਣਾ ਜਰੂਰੀ ਹੈ।
ਇਸ ਮੀਟਿੰਗ ਦੌਰਾਨ ਚੇਅਰਮੈਨ ਨਿਰਮਲ ਸਿੰਘ ਐਸ.ਐਸ., ਸੁਖਦੇਵ ਸਿੰਘ ਰਾਜ, ਠੇਕੇਦਾਰ ਰਣਜੀਤ ਸਿੰਘ, ਗੁਰਮੀਤ ਸਿੰਘ ਮੋਰਿੰਡਾ, ਬਨਾਰਸੀ ਦਾਸ, ਬਲਦੇਵ ਸਿੰਘ ਦੁਸਾਂਝ, ਜੈ ਕ੍ਰਿਸ਼ਨ, ਸਰਵਣ ਸਿੰਘ ਬਿਹਾਲ, ਰਾਜ ਕੁਮਾਰ ਪਾਤੜਾਂ, ਗੁਰਚਰਨ ਸਿੰਘ ਨੀਲਾ, ਤਰਵਿੰਦਰ ਸਿੰਘ, ਕੈਪਟਨ ਤਰਸੇਮ ਸਿੰਘ, ਸੰਤੋਖ ਸਿੰਘ ਜਲੰਧਰ, ਦਰਸ਼ਨ ਸਿੰਘ, ਰਾਏ ਸਿੰਘ, ਕਰਮ ਸਿੰਘ ਨਡਿਆਲੀ, ਮੈਨੇਜਰ ਨਵਜੋਤ ਸਿੰਘ, ਗੁਰਦੇਵ ਸਿੰਘ, ਅਮੀਚੰਦ ਆਦਿ ਮੈਂਬਰ ਹਾਜਰ ਸਨ।