ਕਪੂਰਥਲਾ ਦੇ ਜਸਕੀਰਤ ਹੱਤਿਆ ਕਾਂਡ ਦੇ ਦੋਸ਼ੀਆਂ ਨੂੰ 6 ਸਾਲ ਬਾਅਦ ਮਿਲੀ ਉਮਰ ਕੈਦ ਦੀ ਸਜਾ ਅਤੇ ਪੀੜਤ ਪਰਿਵਾਰ ਨੂੰ ਮਿਲਿਆ ਇਨਸਾਫ
ਕਪੂਰਥਲਾ, 4 ਜੁਲਾਈ 2022 (ਕ.ਕ.ਪ.) – ਕਪੂਰਥਲਾ ਸ਼ਹਿਰ ਦੇ ਜਸਕੀਰਤ ਸਿੰਘ ਜੱਸੀ ਦੇ 2016 ਵਿਚ ਹੋਏ ਕਤਲ ਦੇ ਦੋਸ਼ੀਆਂ ਨੂੰ 6 ਸਾਲ ਬਾਅਦ ਸਜਾ ਸੁਣਾਈ ਗਈ। ਸੈਸ਼ਨ ਕੋਰਟ ਨੇ ਜੱਸੀ ਦੇ ਤਿੰਨਾ ਕਾਤਲਾਂ ਨੂੰ ਸਾਰੀ ਉਮਰ ਲਈ ਕੈਦ ਦੀ ਸਜਾ ਸੁਣਾਈ ਹੈ। ਜੱਸੀ ਦੇ ਕਾਤਲ ਪਲਵਿੰਦਰ ਸਿੰਘ ਉਰਫ ਸ਼ੈਲੀ, ਰਾਜਵਿੰਦਰ ਸਿੰਘ ਉਰਫ ਰਾਜਾ ਅਤੇ ਅਰਸ਼ਦੀਪ ਸਿੰਘ ਹੁਣ ਆਪਣੀ ਮੌਤ ਤੱਕ ਜੇਲ ਵਿਚ ਰਹਿਣਗੇ। ਕਾਤਲਾਂ ਨੂੰ ਸਜਾ ਹੋਣ ਤੋਂ ਬਾਅਦ ਜਸਕੀਰਤ ਦੇ ਪਿਤਾ ਨਰਿੰਦਰਜੀਤ ਸਿੰਘ ਅਤੇ ਦਾਦਾ ਬਲਦੇਵ ਸਿੰਘ ਨੇ ਕਿਹਾ ਕਿ ਉਹਨਾਂ ਦਾ ਜੱਸੀ ਤਾਂ ਹੁਣ ਵਾਪਸ ਨਹੀਂ ਆ ਸਕਦਾ ਹੈ ਪਰ ਉਸਦੇ ਕਾਤਲਾਂ ਨੂੰ ਮਿਲੀ ਸਜਾ ਨਾਲ ਜੱਸੀ ਦੀ ਆਤਮਾ ਅਤੇ ਉਹਨਾਂ ਦੇ ਦਿਲਾਂ ਨੂੰ ਸ਼ਾਂਤੀ ਜਰੂਰ ਮਿਲੇਗੀ।
ਕਪੂਰਥਲਾ ਸ਼ਹਿਰ ਨੂੰ ਹਿਲਾ ਕੇ ਰੱਖ ਦੇਣ ਵਾਲੇ ਜਸਕੀਰਤ ਹੱਤਿਆ ਕਾਂਡ ਦੀ ਸੁਣਵਾਈ ਪਿਛਲੇ 6 ਸਾਲਾਂ ਤੋਂ ਸੈਸ਼ਨ ਕੋਰਟ ਵਿਚ ਚੱਲ ਰਹੀ ਸੀ। ਪੀੜਤ ਪਰਿਵਾਰ ਦੇ ਵਕੀਲ ਰਾਜੀਵ ਪੁਰੀ ਨੇ ਦੱਸਿਆ ਕਿ ਜਸਕੀਰਤ ਦੇ ਕਾਤਲਾਂ ਨੂੰ ਸਜਾ ਅਤੇ ਪਰਿਵਾਰ ਨੂੰ ਇਨਸਾਫ ਦਿਲਾਣ ਵਾਸਤੇ 6 ਸਾਲਾਂ ਤੋਂ ਉਡੀਕ ਕਰ ਰਹੇ ਸੀ। ਅਡੀਸ਼ਨਲ ਜਿਲਾ ਸਰਕਾਰੀ ਵਕੀਲ ਅਨਿਲ ਬੋਪਾਰਾਏ ਨੇ ਕਿਹਾ ਕਿ ਮਾਣਯੋਗ ਸੈਸ਼ਨ ਕੋਰਟ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਅਤੇ ਸਾਰੇ ਸਬੂਰ ਦੇਖਣ ਤੋਂ ਬਾਅਦ ਆਪਣਾ ਫੈਸਲਾ ਸੁਣਾਇਆ ਹੈ।
ਜਸਕੀਰਤ ਸਿੰਘ ਹੱਤਿਆ ਕਾਂਡ – ਕਪੂਰਥਲਾ ਸ਼ਹਿਰ ਦੇ ਮਸ਼ੂੁਹਰ ਇੰਡਸਟ੍ਰੀਲਿਸਟ, ਉਘੇ ਸਮਾਜ ਸੇਵਕ ਸ. ਬਲਦੇਵ ਸਿੰਘ ਦੇ ਪੋਤਰੇ ਅਤੇ ਸ. ਨਰਿੰਦਰਜੀਤ ਸਿੰਘ ਦੇ ਇਕਲੋਤੇ ਬੇਟੇ ਜਸਕੀਰਤ ਸਿੰਘ ਜੱਸੀ ਨੂੰ 11 ਅਪ੍ਰੈਲ 2016 ਨੂੰ ਸ਼ਾਮ 5 ਵਜੇ ਦੇ ਕਰੀਬ ਘਰ ਤੋਂ ਟਿਊਸ਼ਨ ਜਾਂਦੇ ਸਮੇਂ ਕਿਡਨੈਪ ਕਰ ਲਿਆ ਗਿਆ ਸੀ। ਜਸਕੀਰਤ ਸਿੰਘ ਐਮ.ਜੀ.ਐਨ. ਸਕੂਲ ’ਚ ਨੌਵੀਂ ਕਲਾਸ ਦਾ ਵਿਦਿਆਰਥੀ ਸੀ। ਹਰ ਰੋਜ਼ ਸ਼ਾਮ ਨੂੰ ਉਹ 5 ਤੋਂ 6 ਵਜੇ ਤੱਕ ਟਿਊਸ਼ਨ ਪੜ੍ਹਨ ਲਈ ਜਾਂਦਾ ਸੀ। ਘਟਨਾ ਵਾਲੇ ਦਿਨ ਵੀ ਉਹ ਆਪਣੀ ਸਕੂਟੀ ’ਤੇ ਜਾ ਰਿਹਾ ਸੀ ਕਿ ਰਾਸਤੇ ’ਚ ਕਿਸੇ ਨੇ ਉਸਨੂੰ ਕਿਡਨੈਪ ਕਰ ਲਿਆ। 6.15 ਵਜੇ ਦੇ ਕਰੀਬ ਉਸਦੇ ਪਿਤਾ ਨਰਿੰਦਰਜੀਤ ਸਿੰਘ ਜੀ ਨੂੰ ਫੋਨ ਆਇਆ ਕਿ ਜੇਕਰ ਬੇਟੇ ਦਾ ਮੂੰਹ ਦੇਖਣਾ ਹੈ ਤਾਂ 30 ਲੱਖ ਰੁਪਏ ਦਿਉ। ਪਰਿਵਾਰ ਨੇ ਉਸੇ ਸਮੇਂ ਪੁਲਿਸ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ। 2 ਦਿਨ ਬਾਅਦ 13 ਤਰੀਕ ਨੂੰ ਜਸਕੀਰਤ ਸਿੰਘ ਦੀ ਲਾਸ਼ ਗੋਇੰਦਵਾਲ ਸਾਹਿਬ ਤੋਂ ਅੱਗੇ ਤਰਨ ਤਾਰਨ ਰੋਡ ’ਤੇ ਫਤਿਆਬਾਦ ਕੋਲੋਂ ਬੁਰੀ ਹਾਲਤ ’ਚ ਮਿਲੀ ਸੀ।
ਇਸ ਅੰਨੇ ਹੱਤਿਆ ਕਾਂਡ ਨੂੰ ਸੁਲਝਾਉਣ ਲਈ ਪੁਲਿਸ ਨੂੰ ਕਈ ਦਿਨਾਂ ਤੱਕ ਸੰਘਰਸ਼ ਕਰਦੀ ਰਹੀ। ਆਖਿਰਕਾਰ ਇਕ ਵੀਡਿਓ ਫੁਟੇਜ ਤੋਂ ਕਾਤਲਾਂ ਦੀ ਪਛਾਣ ਹੋਈ। ਕਾਤਲ ਜੱਸੀ ਦੇ ਹੀ ਤਾਏ ਦਾ ਲੜਕਾ ਪਲਵਿੰਦਰ ਸਿੰਘ ਉਰਫ ਸ਼ੈਲੀ ਨਿਕਲਿਆ ਜਿਹੜਾ ਕਿ ਜੱਸੀ ਦੇ ਕਿਡਨੈਪ ਤੋਂ ਬਾਅਦ ਲਗਾਤਾਰ ਪਰਿਵਾਰ ਨਾਲ ਹੀ ਘੁੰਮ ਰਿਹਾ ਸੀ। ਪੁਲਿਸ ਨੇ ਸਬੂਤ ਹੱਥ ਲੱਗਦੇ ਹੀ ਉਸਨੂੰ ਹਿਰਾਸਤ ਵਿਚ ਲੈ ਕੇ ਪੁੱਛ ਗਿੱਛ ਕੀਤੀ ਤਾਂ ਉਸਨੇ ਸਾਰੀ ਸਾਜਿਸ਼ ਬਾਰੇ ਦੱਸ ਦਿੱਤਾ। ਉਸਨੇ ਹੀ ਆਪਣੇ ਦੋ ਦੋਸਤਾਂ ਰਾਜਵਿੰਦਰ ਸਿੰਘ ਉਰਫ ਰਾਜਾ ਅਤੇ ਅਰਸ਼ਦੀਪ ਸਿੰਘ ਨਾਲ ਮਿਲ ਕੇ ਸਾਰੀ ਪਲਾਨਿੰਗ ਕੀਤੀ ਸੀ। ਉਸਨੇ ਇਹ ਪਲਾਨਿੰਗ ਕ੍ਰਾਈਮ ਪੈਟਰੋਲ ਸੀਰੀਅਲ ਦੇਖ ਕੇ ਬਣਾਈ ਸੀ।
2016 ਤੋਂ ਚੱਲ ਰਹੇ ਕੇਸ ਦੌਰਾਨ ਸਾਰੇ ਸਬੂਤ ਦੇਖਣ ਅਤੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੈਸ਼ਨ ਕੋਰਟ ਨੇ ਤਿੰਨਾਂ ਕਾਤਲਾਂ ਨੂੰ ਸਾਰੀ ਉਮਰ ਲਈ ਕੈਦ ਦੀ ਸਜਾ ਸੁਣਾਈ ਹੈ। ਇਸ ਫੈਸਲੇ ਨਾਲ ਜਿੱਥੇ ਪਰਿਵਾਰ ਦੇ ਮੰਨ ਨੂੰ ਸ਼ਾਂਤੀ ਮਿਲੀ ਹੈ ਉਥੇ ਕਪੂਰਥਲਾ ਨਿਵਾਸੀਆਂ ਨੇ ਵੀ ਖੁਸ਼ੀ ਮਨਾਈ ਹੈ ਕਿ ਇਕ ਮਾਸੂਮ ਦੇ ਕਾਤਲਾਂ ਨੂੰ ਸਜਾ ਹੋਈ ਹੈ।