ਕਸ਼ਯਪ ਸਮਾਜ ਦੇ ਉਘੇ ਸਮਾਜਸੇਵੀ ਚਰਨਜੀਤ ਸਿੰਘ ਚੰਨੀ ਹਾਰਟ ਅਟੈਕ ਨਾਲ ਹੋਏ ਸਵਰਗਵਾਸ
ਕਾਂਗਰਸ ਐਮ.ਐਲ.ਏ. ਬਾਵਾ ਹੈਨਰੀ ਅਤੇ ਸਮਾਜ ਦੇ ਸਾਥੀ ਅੰਤਿਮ ਸੰਸਕਾਰ ਮੌਕੇ
ਜਲੰਧਰ, 16-1-2024 (ਗੁਰਿੰਦਰ ਕਸ਼ਯਪ) – ਕਸ਼ਯਪ ਸਮਾਜ ਦੇ ਉਘੇ ਸਮਾਜਸੇਵੀ, ਸਮਾਜਿਕ ਅਤੇ ਧਾਰਮਿਕ ਕੰਮਾਂ ਵਿਚ ਮੋਹਰੀ ਰਹਿਣ ਵਾਲੇ ਕਸ਼ਯਪ ਰਾਜਪੂਤ ਮਹਾਂਸਭਾ ਜਲੰਧਰ ਇਕਾਈ ਦੇ ਵਾਈਸ ਚੇਅਰਮੈਨ ਚਰਨਜੀਤ ਸਿੰਘ ਚੰਨੀ 16 ਜਨਵਰੀ 2024 ਨੂੰ ਅਕਾਲ ਚਲਾਣਾ ਕਰ ਗਏ। 16-1-2024 ਨੂੰ ਸਵੇਰੇ ਚਰਨਜੀਤ ਚੰਨੀ ਨੂੰ ਹਾਰਟ ਅਟੈਕ ਆਇਆ ਅਤੇ ਉਹ ਇਸ ਦੁਨੀਆ ਨੂੰ ਸਦਾ ਲਈ ਛੱਡ ਕੇ ਵਾਹਿਗੁਰੂ ਦੇ ਚਰਣਾਂ ਵਿਚ ਜਾ ਵਿਰਾਜੇ। ਉਹਨਾਂ ਦਾ ਅੰਤਿਮ ਸੰਸਕਾਰ ਕਿਸ਼ਨਪੁਰਾ ਦੇ ਸ਼ਮਸ਼ਾਨ ਘਾਟ ਵਿਖੇ ਸ਼ਾਮ 5 ਵਜੇ ਕੀਤਾ ਗਿਆ। ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਰਿਸ਼ਤੇਦਾਰ ਅਤੇ ਕਸ਼ਯਪ ਰਾਜਪੂਤ ਮਹਾਂਸਭਾ ਜਲੰਧਰ ਇਕਾਈ ਦੇ ਚੇਅਰਮੈਨ ਪਰਮਜੀਤ ਸਿੰਘ, ਪ੍ਰਧਾਨ ਗੁਰਦਿਆਲ ਸਿੰਘ ਰਸੀਆ, ਬਲਵੀਰ ਕਸ਼ਯਪ, ਪ੍ਰਕਾਸ਼ ਸਿੰਘ, ਪਰਵਿੰਦਰ ਸਿੰਘ, ਦਲਜੀਤ ਸਿੰਘ, ਹਰੀਸ਼ ਕਸ਼ਯਪ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਸ਼੍ਰੀਮਤੀ ਗੁਲਸ਼ਨ, ਸ਼੍ਰੀਮਤੀ ਸਿਮਰਨਜੀਤ ਕੌਰ, ਕਸ਼ਯਪ ਰਾਜਪੂਤ ਵੈਬਸਾਈਟ ਦੇ ਮਾਲਕ ਨਰਿੰਦਰ ਕਸ਼ਯਪ ਸ਼ਾਮਲ ਹੋਏ। ਦੁੱਖ ਦੀ ਇਸ ਘੜੀ ਵਿਚ ਕਾਂਗਰਸ ਵਿਧਾਇਕ ਸ਼੍ਰੀ ਬਾਵਾ ਹੈਨਰੀ ਉਚੇਚੇ ਤੌਰ ਤੇ ਸ਼ਾਮਲ ਹੋਏ।
ਚਰਨਜੀਤ ਸਿੰਘ ਚੰਨੀ ਇਕ ਬਹੁਤ ਹੀ ਮਿਲਣਸਾਰ, ਨੇਕ ਅਤੇ ਸਮਾਜਿਕ ਇਨਸਾਨ ਸਨ। ਉਹ ਵੱਖ ਵੱਖ ਸੰਸਥਾਵਾਂ ਨਾਲ ਜੁੜੇ ਹੋਏ ਸਨ। ਕਸ਼ਯਪ ਰਾਜਪੂਤ ਮਹਾਂਸਭਾ ਜਲੰਧਰ ਇਕਾਈ ਦੇ ਉਹ ਪ੍ਰਧਾਨ ਵੀ ਰਹੇ ਹਨ। ਆਲ ਇੰਡੀਆ ਕਸ਼ਯਪ ਰਾਜਪੂਤ ਸੰਸੋਆ ਗੋਤਰ ਜਠੇਰੇ ਕਮੇਟੀ ਦੇ ਵੀ ਉਹ ਚੇਅਰਮੈਨ ਰਹੇ। ਸ਼੍ਰੀ ਸਿੱਧ ਬਾਬਾ ਸੋਡਲ ਮੰਦਰ ਸੁਧਾਰ ਸਭਾ ਦੇ ਉਹ ਮੈਂਬਰ ਸਨ। ਚਰਨਜੀਤ ਚੰਨੀ ਹਮੇਸ਼ਾ ਹੀ ਸਮਾਜਿਕ ਅਤੇ ਧਾਰਮਿਕ ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ। ਕਸ਼ਯਪ ਰਾਜਪੂਤ ਮਹਾਂਸਭਾ ਜਲੰਧਰ ਇਕਾਈ ਦੇ ਚੇਅਰਮੈਨ ਪਰਮਜੀਤ ਸਿੰਘ ਨੇ ਕਿਹਾ ਕਿ ਚੰਨੀ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਹੋਇਆ ਹੈ ਉਥੇ ਕਸ਼ਯਪ ਸਮਾਜ ਅਤੇ ਉਹਨਾਂ ਨੂੰ ਵੀ ਇਕ ਜੁਝਾਰੂ ਸਾਥੀ ਦਾ ਘਾਟਾ ਪਿਆ ਹੈ ਜਿਹੜਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ।
ਚਰਨਜੀਤ ਸਿੰਘ ਚੰਨੀ ਦਾ ਜਨਮ 1-6-1962 ਨੂੰ ਸਰਦਾਰ ਕਰਤਾਰ ਸਿੰਘ ਦੇ ਘਰ ਹੋਇਆ ਸੀ। ਇਹਨਾਂ ਪਹਿਲਾਂ ਦੁਬਈ ਵਿਚ ਕੰਮ ਕੀਤਾ ਅਤੇ ਫਿਰ ਪੰਜਾਬ ਆ ਕੇ ਕਾਰਪੇਂਟਰ ਅਤੇ ਪੋ੍ਰਪਰਟੀ ਦਾ ਕੰਮ ਕੀਤਾ। ਆਪਣੇ ਪਿੱਛੇ ਇਹ ਪਰਿਵਾਰ ਵਿਚ ਪਤਨੀ ਪਰਮਜੀਤ ਕੌਰ, ਬੇਟਾ ਅਜੇ ਕੁਮਾਰ, ਬੇਟਾ ਕਰਨ ਅਤੇ ਬੇਟੀ ਮਮਤਾ ਛੱਡ ਗਏ ਹਨ। ਬੇਟੀ ਵਿਆਹੀ ਹੋਈ ਹੈ।
ਅਦਾਰਾ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਅਤੇ ਕਸ਼ਯਪ ਰਾਜਪੂਤ ਵੈਬਸਾਈਟ ਆਪਣੇ ਇਸ ਸਮਾਜਸੇਵੀ ਸਾਥੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦੀ ਸ਼ਕਤੀ ਪ੍ਰਦਾਨ ਕਰੇ।