ਮੁਕੇਰੀਆਂ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਭਾਈ ਹਿੰਮਤ ਸਿੰਘ ਜੀ ਦਾ ਜਨਮ ਦਿਹਾੜਾ
ਢਾਡੀ ਜੱਥੇ ਨੂੰ ਸਨਮਾਨਤ ਕਰਦੇ ਹੋਏ ਸਭਾ ਦੇ ਅਹੁਦੇਦਾਰ
ਮੁਕੇਰੀਆਂ, 18-1-2023 (ਨਰਿੰਦਰ ਕਸ਼ਯਪ) – ਖਾਲਸਾ ਪੰਥ ਦੇ ਪੰਜ ਪਿਆਰਿਆਂ ਵਿਚੋਂ ਇਕ ਚਮਕੌਰ ਦੀ ਗੜੀ ਵਿਚ ਸ਼ਹੀਦ ਹੋਣ ਵਾਲੇ ਭਾਈ ਹਿੰਮਤ ਸਿੰਘ ਜੀ ਦਾ ਜਨਮ ਦਿਹਾੜਾ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮੁਕੇਰੀਆਂ ਵਿਖੇ ਮਨਾਇਆ ਗਿਆ। ਮੁਕੇਰੀਆਂ ਦੇ ਮੇਨ ਬਜਾਰ ਵਿਖੇ ਬਣੇ ਹੋਏ ਗੁਰਦੁਆਰਾ ਭਾਈ ਹਿੰਮਤ ਸਿੰਘ ਵਿਖੇ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਈ ਹਿੰਮਤ ਸਿੰਘ ਜੀ ਦਾ ਜਨਮ ਦਿਹਾੜਾ ਪੰਜ ਪੋਹ 18 ਜਨਵਰੀ 2023 ਨੂੰ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਸਭਾ ਵੱਲੋਂ ਸ਼੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ। ਭੋਗ ਉਪਰੰਤ ਭਾਈ ਹਰਜਿੰਦਰ ਸਿੰਘ ਫੱਕਰ ਦੇ ਢਾਡੀ ਜੱਥੇ ਨੇ ਭਾਈ ਹਿੰਮਤ ਸਿੰਘ ਜੀ ਦੇ ਜਨਮ, ਪੰਜ ਪਿਆਰਿਆਂ ਵਿਚ ਚੁਣੇ ਜਾਣ ਅਤੇ ਚਮਕੌਰ ਦੀ ਗੜੀ ਵਿਚ ਉਹਨਾਂ ਦੀ ਸ਼ਹਾਦਤ ਬਾਰੇ ਸਾਰਾ ਇਤਿਾਹਸ ਸੰਗਤ ਨੂੰ ਸਰਵਣ ਕਰਵਾਇਆ। ਇਸਦੇ ਨਾਲ ਹੀ ਉਹਨਾਂ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਸ਼ਹਾਦਤ ਬਾਰੇ ਵੀ ਸੰਗਤ ਨੂੰ ਦੱਸਿਆ।
ਸਭਾ ਵੱਲੋਂ ਸਵੇਰ ਤੋਂ ਹੀ ਸੰਗਤ ਵਾਸਤੇ ਗਰਮ ਦੁੱਧ ਦਾ ਲੰਗਰ ਵਰਤਾਇਆ ਜਾ ਰਿਹਾ ਸੀ। ਅੱਜ ਦੇ ਸਮਾਗਮ ਵਿਚ ਇਲਾਕੇ ਦੀ ਸੰਗਤ, ਸਭਾ ਦੇ ਮੈਂਬਰ, ਕਸ਼ਯਪ ਰਾਜਪੂਤ ਮਹਿਰਾ ਸਭਾ ਪਠਾਨਕੋਟ ਤੋਂ ਅਵਿਨਾਸ਼ ਮਹਿਰਾ ਆਪਣੇ ਸਾਥੀਆਂ ਸਮੇਤ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ., ਸੀਨੀਅਰ ਵਾਈਸ ਚੇਅਰਮੈਨ ਸੁਖਦੇਵ ਸਿੰਘ ਰਾਜ, ਤਰਵਿੰਦਰ ਸਿੰਘ, ਕਸ਼ਯਪ ਕ੍ਰਾਂਤੀ ਪੱਤਿ੍ਰਕਾ ਦੇ ਮਾਲਕ ਨਰਿੰਦਰ ਕਸ਼ਯਪ ਨੇ ਵੀ ਹਾਜਰੀ ਲਗਵਾਈ। ਨਿਰਮਲ ਸਿੰਘ ਐਸ.ਐਸ. ਨੇ ਕਿਹਾ ਕਿ ਉਹ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਵੱਲੋਂ ਸਭਾ ਨੂੰ ਹਰ ਤਰ੍ਹਾਂ ਦੀ ਸਹਾਇਤਾ ਕਰਨ ਲਈ ਤਿਆਰ ਹਨ। ਸਭਾ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਸਭਾ ਵੱਲੋਂ ਪ੍ਰਧਾਨ ਮਨਮੋਹਨ ਸਿੰਘ, ਡਾ. ਜੋਗਿੰਦਰ ਸਿੰਘ, ਸ਼ਮਸ਼ੇਰ ਸਿੰਘ, ਡਾ. ਬਲਜਿੰਦਰ ਸਿੰਘ, ਅਮਰ ਸਿੰਘ ਚੱਕ, ਸੁਭਾਸ਼ ਚੰਦਰ, ਐਡਵੋਕੇਟ ਦਿਲਦਾਰ ਸਿੰਘ ਆਦਿ ਮੈਂਬਰਾਂ ਨੇ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਸਮਾਗਮ ਨੂੰ ਸਫਲ ਬਣਾਇਆ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਵਰਤਿਆ।