ਪ੍ਰੋ. ਆਰ.ਐਲ. ਬੱਲ ਦੀ ਜੀਵਨਸਾਥੀ ਸ਼੍ਰੀਮਤੀ ਕਾਂਤਾ ਰਾਣੀ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ
ਸ਼ਰਧਾਂਜਲੀ ਸਮਾਰੋਹ ਵਿਚ ਸ਼ਾਮਲ ਵਿਸ਼ਾਲ ਇਕੱਠ
ਜਲੰਧਰ, 13-6-2022 (ਗੁਰਿੰਦਰ ਕਸ਼ਯਪ) – ਕਸ਼ਯਪ ਸਮਾਜ ਦੇ ਜਾਣੇ-ਪਛਾਣੇ ਚਿਹਰੇ, ਉਘੇ ਸਮਾਜ ਸੇਵਕ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਸਾਹਿਤ ਸੰਪਾਦਕ, ਕਸ਼ਯਪ ਰਾਜਪੂਤ ਪਰਿਵਾਰ ਸੰਮੇਲਨਾਂ ਵਿਚ ਸਟੇਜ ਸੈਕਟਰੀ ਦੀ ਸੇਵਾ ਨਿਭਾਉਣ ਵਾਲੇ ਪ੍ਰੋ. ਰਾਮ ਲੁਭਾਇਆ ਦੀ ਧਰਮ ਪਤਨੀ ਸ਼੍ਰੀਮਤੀ ਕਾਂਤਾ ਰਾਣੀ ਦੀ ਅੰਤਿਮ ਅਰਦਾਸ ਮੌਕੇ ਵੱਡੇ ਇਕੱਠ ਨੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪ੍ਰੋ. ਆਰ.ਐਲ. ਬੱਲ ਅਤੇ ਉਹਨਾਂ ਦੇ ਪੁੱਤਰਾਂ ਸ਼ਿਵ ਬੱਲ ਅਤੇ ਮੁਨੀਸ਼ ਬੱਲ ਨੇ ਸਮਾਜ ਵਿਚ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੋਈ ਹੈ, ਜਿਸਦਾ ਸਬੂਤ ਅੱਜ ਸ਼੍ਰੀਮਤੀ ਕਾਂਤਾ ਰਾਣੀ ਦੇ ਰਸਮ ਕਿਰਿਆ ਮੌਕੇ ਦੇਖਣ ਨੂੰ ਮਿਲਿਆ। ਅੱਜ ਮਹਾਂਲਕਸ਼ਮੀ ਮੰਦਰ ਵਿਖੇ ਹੋਈ ਰਸਮ ਕਿਰਿਆ ਦੌਰਾਨ ਸਿਆਸੀ ਲੀਡਰ, ਸਮਾਜਿਕ ਲੀਡਰ, ਵਕੀਲ, ਆਯੁਰਵੇਦ ਐਸੋਸੀਏਸ਼ਨ ਦੇ ਮੈਂਬਰ, ਇਲਾਕੇ ਦੇ ਸੱਜਣ, ਰਿਸ਼ੇਤਦਾਰ, ਦੋਸਤ, ਕਸ਼ਯਪ ਸਮਾਜ ਦੇ ਪਤਵੰਤੇ ਸੱਜਣਾਂ ਦੇ ਨਾਲ ਦੂਰੋਂ ਨੇੜੇ ਚੱਲ ਕੇ ਆਏ ਸਾਥੀਆਂ ਨੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਪੰਡਤ ਗੁਲਸ਼ਨ ਸ਼ਰਮਾ ਨੇ ਬੜੇ ਹੀ ਸੁੰਦਰ ਢੰਗ ਨਾਲ ਗਰੁੜ ਪੁਰਾਣ ਦਾ ਪਾਠ ਕਰਦੇ ਹੋਏ ਵਿਛੜੀ ਰੂਹ ਨੂੰ ਸ਼ਰਧਾਂਜਲੀ ਦਿੱਤੀ। ਅੱਜ ਸ਼ਰਧਾਂਜਲੀ ਦੇਣ ਲਈ ਭਾਜਪਾ ਆਗੂ ਸ਼੍ਰੀ ਮਹਿੰਦਰ ਭਗਤ, ਜਲੰਧਰ ਸੈਂਟਰਲ ਤੋਂ ਵਿਧਾਇਕ ਸ਼੍ਰੀ ਰਮਨ ਅਰੋੜਾ, ਜਿੰਮੀ ਕਾਲੀਆ, ਆਯੂਰਵੈਦਿਕ ਐਸੋਸੀਏਸ਼ਨ ਦੇ ਪ੍ਰਧਾਨ ਬੀ.ਡੀ. ਸ਼ਰਮਾ, ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ, ਸੁਖਬੀਰ ਸਿੰਘ ਸ਼ਾਲੀਮਾਰ, ਕਰਮਾ ਟੀਮ ਤੋਂ ਵਿਜੇ ਕੁਮਾਰ, ਰਾਜ ਕੁਮਾਰ, ਸੁਸ਼ੀਲ ਕਸ਼ਯਪ, ਜਗਦੀਸ਼ ਸਿੰਘ ਲਾਟੀ, ਜਗਦੀਪ ਕੁਮਾਰ ਬੱਬੂ, ਕਸ਼ਯਪ ਕ੍ਰਾਂਤੀ ਦੇ ਪ੍ਰਮੁੱਖ ਨਰਿੰਦਰ ਕਸ਼ਯਪ, ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਸ਼੍ਰੀਮਤੀ ਸੁਨੀਤਾ, ਕਸ਼ਯਪ ਨੌਜਵਾਨ ਧਾਰਮਿਕ ਸਭਾ ਤੋਂ ਪਵਨ ਭੋਡੀ, ਕਸ਼ਯਪ ਰਾਜਪੂਤ ਮਹਾਂਸਭਾ ਜਲੰਧਰ ਤੋਂ ਪਰਮਜੀਤ ਸਿੰਘ ਠੇਕੇਦਾਰ, ਚਰਨਜੀਤ ਚੰਨੀ, ਪ੍ਰਮੋਦ ਕਸ਼ਯਪ, ਗਿਰਧਾਰੀ ਲਾਲ ਪ੍ਰਧਾਨ, ਪੰਨਾ ਪਕੌੜੇ ਵਾਲੇ ਸੰਨੀ ਮਾਂਡੀਆਨ ਸਮੇਤ ਵੱਡੀ ਗਿਣਤੀ ਸੰਗਤ ਵਿਚ ਸ਼ਾਮਲ ਹੋਈ। ਮਾਸਟਰ ਮਨੋਹਰ ਲਾਲ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਰਿਸ਼ਤੇਦਾਰਾਂ ਵੱਲੋਂ ਪਗੜੀ ਦੀ ਰਸਮ ਕੀਤੀ ਗਈ। ਪਰਿਵਾਰ ਵੱਲੋਂ ਆਈ ਹੋਈ ਸੰਗਤ ਵਾਸਤੇ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ।
ਸ਼੍ਰੀਮਤੀ ਕਾਂਤਾ ਰਾਣੀ – ਕਾਂਤਾ ਰਾਣੀ ਦਾ ਜਨਮ ਕਪੂਰਥਲਾ ਸ਼ਹਿਰ ਦੇ ਸ਼੍ਰੀ ਅਮਰ ਨਾਥ ਦੇ ਘਰ ਹੋਇਆ। 5 ਭਰਾਵਾਂ ਅਤੇ ਤਿੰਨ ਭੈਣਾਂ ਵਿਚੋਂ ਇਹ ਦੋ ਭਰਾਵਾਂ ਤੋਂ ਛੋਟੀ ਅਤੇ ਭੈਣਾਂ ਵਿਚ ਸਭ ਤੋਂ ਵੱਡੇ ਸੀ। ਇਹਨਾਂ ਦੀ ਪੜਾਈ-ਲਿਖਾਈ ਕਪੂਰਥਲਾ ਸ਼ਹਿਰ ਵਿਚ ਹੀ ਹੋਈ। ਇਹ ਸਾਰੇ ਭੈਣ-ਭਰਾ ਸਰਕਾਰੀ ਸਰਵਿਸ ਕਰਦੇ ਸੀ। ਇਹਨਾਂ ਦੇ ਸਭ ਤੋਂ ਵੱਡੇ ਭਰਾ ਸ. ਕਿਸ਼ਨ ਸਿੰਘ ਬਾਗੀ ਕਸ਼ਯਪ ਸਮਾਜ ਦੇ ਪਹਿਲੇ ਈ.ਟੀ.ਓ. ਸਨ ਅਤੇ ਚੰਡੀਗੜ ਦਾ ਨੀਂਹ ਪੱਥਰ ਰੱਖਣ ਦਾ ਮਾਣ ਇਹਨਾਂ ਨੂੰ ਹਾਸਲ ਹੈ। ਕਾਂਤਾ ਰਾਣੀ ਵੀ ਕਪੂਰਥਲਾ ਵਿਖੇ ਸਕੂਲ ਵਿਚ ਸਰਕਾਰੀ ਨੌਕਰੀ ਕਰਦੇ ਸੀ। ਇਹਨਾਂ ਦਾ ਵਿਆਹ ਜਲੰਧਰ ਦੇ ਰਾਮ ਲੁਭਾਇਆ ਬੱਲ ਦੇ ਨਾਲ 7 ਦਿਸੰਬਰ 1977 ਨੂੰ ਹੋਇਆ ਜਿਹੜੇ ਪੀ.ਏ.ਪੀ. ਵਿਚ ਸਰਕਾਰੀ ਟੀਚਰ ਸਨ। ਇਹਨਾਂ ਦੇ ਘਰ ਦੋ ਬੇਟੇ ਸ਼ਿਵ ਕੁਮਾਰ ਅਤੇ ਮੁਨੀਸ਼ ਕੁਮਾਰ ਪੈਦਾ ਹੋਏ। ਇਹਨਾਂ ਦੋਵਾਂ ਦੇ ਘਰ ਇਕ ਬੇਟਾ ਅਤੇ ਇਕ ਬੇਟੀ ਹਨ। ਕਾਂਤਾ ਰਾਣੀ ਜੀ ਬਹੁਤ ਹੀ ਮਿਲਣਸਾਰ, ਠੰਡੇ ਸੁਭਾਅ ਅਤੇ ਸਭ ਨਾਲ ਮਿਲ ਕੇ ਕੰਮ ਕਰਨ ਵਾਲੇ ਸਨ। ਪ੍ਰੋ. ਆਰ. ਐਲ. ਬੱਲ ਜਿੱਥੇ ਸਮਾਜ ਸੇਵਾ ਕਰਦੇ ਆ ਰਹੇ ਹਨ ਉਸ ਵਿਚ ਹੀ ਇਹਨਾਂ ਦਾ ਬਹੁਤ ਸਾਥ ਰਿਹਾ।
ਇਹਨਾਂ ਦੀ ਮੌਤ ਨਾਲ ਪ੍ਰੋ. ਆਰ. ਐਲ. ਬੱਲ ਨੂੰ ਆਪਣੇ ਜੀਵਨ ਸਾਥੀ ਦੇ ਜਾਣ ਦਾ ਦੁੱਖ ਹੈ ਉਥੇ ਬੱਚਿਆਂ ਨੂੰ ਵੀ ਹੁਣ ਮਾਂ ਦਾ ਪਿਆਰ ਨਹੀਂ ਮਿਲਣਾ। ਦੁੱਖ ਦੀ ਇਸ ਘੜੀ ਵਿਚ ਅਸੀਂ ਆਪਣੇ ਸਾਥੀ ਪ੍ਰੋ. ਆਰ. ਐਲ. ਬੱਲ ਅਤੇ ਉਹਨਾਂ ਦੇ ਪਰਿਵਾਰ ਨਾਲ ਕਸ਼ਯਪ ਕ੍ਰਾਂਤੀ ਦੀ ਟੀਮ ਵੱਲੋਂ ਸ਼ੋਕ ਪ੍ਰਗਟ ਕਰਦੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ਿਸ਼ ਕਰਨ।