ਬਹੁਤ ਚਾਹਵਾਨ ਹਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਫਤਿਹਗੜ ਸਾਹਿਬ ਦੀ ਸੇਵਾ ਕਰਨ ਨੂੰ
ਅੱਜ ਬੜੇ ਸਮੇਂ ਬਾਅਦ ਦੁਖੀ ਹਿਰਦੇ ਨਾਲ ਇਹ ਲੇਖ ਲਿਖ ਰਹੇ ਹਾਂ। ਸੋਸ਼ਲ ਮੀਡੀਆ ਉਪਰ ਕਸ਼ਯਪ ਸਮਾਜ ਬਾਰੇ ਬਹੁਤ ਕੁਝ ਲਿਖਿਆ ਜਾ ਰਿਹਾ ਹੈ ਜਿਸਦਾ ਸੰਬੰਧ ਫਤਿਹਗੜ ਸਾਹਿਬ ਵਿਖੇ ਸਥਿਤ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰੱਸਟ ਨਾਲ ਹੈ। ਪਿਛਲੇ ਕੁਝ ਮਹੀਨਿਆਂ ਤੋਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਚੇਅਰਮੈਨ ਦੀ ਚੋਣ ਲਈ ਸਰਗਰਮੀਆਂ ਬਹੁਤ ਤੇਜ ਹੋ ਗਈਆਂ ਹਨ। ਬਹੁਤ ਸਾਰੇ ਸੱਜਣਾਂ ਦੇ ਦਿਲਾਂ ਵਿਚ ਇਸ ਟਰੱਸਟ ਦੀ ਸੇਵਾ ਕਰਨ ਦੀ ਭਾਵਨਾ ਹੁਲਾਰੇ ਮਾਰ ਰਹੀ ਹੈ। ਉਹਨਾਂ ਦੇ ਅੰਦਰ ਸੇਵਾ ਕਰਨ ਦਾ ਜਵਾਰ ਭਾਟਾ ਸਮੁੰਦਰ ਦੀਆਂ ਲਹਿਰਾਂ ਵਾਂਗ ਮਚਲ ਰਿਹਾ ਹੈ। ਉਹ ਟਰੱਸਟ ਦੀ ਸੇਵਾ ਤਾਂ ਕਰਨੀ ਚਾਹੁੰਦੇ ਹਨ ਪਰ ਸਿਰਫ਼ ਟਰੱਸਟ ਦੇ ਚੇਅਰਮੈਨ ਜਾਂ ਵੱਡੇ ਅਹੁਦੇਦਾਰ ਬਣ ਕੇ ਸੇਵਾ ਕਰਨੀ ਹੈ। ਜੇਕਰ ਉਹ ਟਰੱਸਟ ਦੇ ਅਹੁਦੇਦਾਰ ਨਹੀਂ ਬਣਦੇ ਹਨ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਉਹ ਇਸ ਟਰੱਸਟ ਦੀ ਸੇਵਾ ਵਿਚ ਆਪਣਾ ਕੋਈ ਯੋਗਦਾਨ ਨਹੀਂ ਪਾ ਸਕਦੇ ਹਨ। ਇਹਨਾਂ ਸੱਜਣਾਂ ਨੇ ਬੇਸ਼ੱਕ ਅੱਜ ਤੱਕ ਸਮਾਜ ਦਾ ਕੋਈ ਕੰਮ ਨਹੀਂ ਸੰਵਾਰਿਆ ਹੋਇਆ, ਭਾਵੇਂ ਇਹਨਾਂ ਦੇ ਆਪਣੇ ਨਾਮ ਦੇ ਨਾਲ ਕਦੇ ਕਸ਼ਯਪ ਜਾਂ ਮਹਿਰਾ ਸ਼ਬਦ ਵੀ ਨਹੀਂ ਲਗਾਇਆ ਹੋਵੇ, ਭਾਵੇਂ ਇਹ ਆਪਣੇ ਇਲਾਕੇ ਦੀ ਕਿਸੇ ਸਭਾ ਜਾਂ ਸੰਸਥਾਂ ਨਾਲ ਨਾ ਜੁੜੇ ਹੋਣ, ਭਾਵੇਂ ਇਹਨਾਂ ਨੇ ਕਦੇ ਕਿਸੇ ਸਭਾ ਨੂੰ ਕੋਈ ਇਕ ਰੁਪਿਆ ਨਾ ਦਿੱਤਾ ਹੋਵੇ, ਪਰ ਅੱਜ ਇਹਨਾਂ ਦੇ ਦਿਲਾਂ ਵਿਚ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਫਤਿਹਗੜ ਸਾਹਿਬ ਦੀ ਸੇਵਾ ਕਰਨ ਦਾ ਜੋਸ਼ ਉਬਾਲੇ ਮਾਰ ਰਿਹਾ ਹੈ। ਇਹਨਾਂ ਵਿਚੋਂ ਬਹੁਤ ਸਾਰੇ ਸੱਜਣ ਤਾਂ ਅਜਿਹੇ ਵੀ ਹਨ ਜਿਹਨਾਂ ਨੇ ਤਾਜਾ-ਤਾਜਾ ਕਸ਼ਯਪ ਸਮਾਜ ਜੁਆਇੰਨ ਕੀਤਾ ਹੈ ਅਤੇ ਬਹੁਤ ਸਾਰੇ ਪੁਰਾਣੀ ਕਮੇਟੀ ਦੇ ਦਾਗੀ ਵੀ ਹਨ।
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਦੀ ਪਿਛਲੀ ਚੋਣ ਸੰਨ 2018 ਦੇ ਮਈ ਮਹੀਨੇ ਵਿਚ ਹੋਈ ਸੀ। ਚੁਣੀ ਗਈ ਕਮੇਟੀ ਦਾ ਕਾਰਜਕਾਲ ਦੋ ਸਾਲ ਦਾ ਸੀ, ਪਰ 2020 ਨੂੰ ਕਰੋਨਾ ਕਾਰਣ ਇਸ ਕਮੇਟੀ ਨੇ ਇਕ ਸਾਲ ਦੀ ਮਿਆਦ ਵਧਾ ਲਈ। ਅਗਲੇ ਸਾਲ 2021 ਵਿਚ ਕਰੋਨਾ ਕਾਰਣ ਕਮੇਟੀ ਦਾ ਸਮਾਂ ਇਕ ਸਾਲ ਲਈ ਵਧਾ ਦਿੱਤਾ ਗਿਆ। ਸੰਵਿਧਾਨ ਦੇ ਅਨੁਸਾਰ ਜਾਂ ਅਸੂਲਨ ਤਾਂ ਮੌਜੂਦਾ ਕਮੇਟੀ ਨੂੰ ਮਈ 2022 ਵਿਚ ਜਾਂ ਤਾਂ ਚੋਣ ਕਰਵਾ ਦੇਣੀ ਚਾਹੀਦੀ ਸੀ ਜਾਂ ਸਰਬ ਸੰਮਤੀ ਨਾਲ ਨਵੀਂ ਕਮੇਟੀ ਚੁਣ ਲੈਣੀ ਚਾਹਦੀ ਸੀ, ਪਰ ਇਹ ਕਮੇਟੀ ਨਾਂ ਤਾਂ ਚੋਣ ਕਰਵਾ ਸਕੀ ਅਤੇ ਨਾ ਹੀ ਸਰਬ ਸੰਮਤੀ ਕਰ ਸਕੀ। ਪੁਰਾਣੀ ਕਮੇਟੀ ਦੇ ਹੀ ਕੁਝ ਮੈਂਬਰਾਂ ਨੇ ਇਸ ਕਮੇਟੀ ਉਪਰ ਇਲਜਾਮ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਵੱਖਰੀਆਂ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ। 4 ਸਾਲ ਟਰੱਸਟ ਦੇ ਮੈਂਬਰ ਰਹਿੰਦੇ ਹੋਏ ਉਹਨਾਂ ਨੂੰ ਕਮੇਟੀ ਵਿਚ ਕੋਈ ਕਮੀ ਨਜ਼ਰ ਨਹੀਂ ਆਈ, ਪਰ ਹੁਣ ਅਚਾਨਕ ਕਮੇਟੀ ਦੇ ਚੇਅਰਮੈਨ ਅਤੇ ਅਹੁਦੇਦਾਰਾਂ ਬੁਰੇ ਲੱਗਣ ਲੱਗ ਪਏ। 22 ਮਈ 2022 ਨੂੰ ਟਰੱਸਟ ਦੀ ਇਕ ਮੀਟਿੰਗ ਬੁਲਾਈ ਗਈ ਜਿਸ ਵਿਚ ਕਾਫੀ ਹੰਗਾਮਾ ਹੋਇਆ ਅਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਮੌਜੂਦਾ ਕਮੇਟੀ ਉਪਰ ਕਈ ਇਲਜਾਮ ਲਗਾਏ ਗਏ। ਉਸ ਸਮੇਂ ਦੋ ਮਹੀਨਾ ਦਾ ਸਮਾਂ ਮਿਥਿਆ ਗਿਆ ਕਿ ਇਹ ਕਮੇਟੀ ਆਡਿਟ ਰਿਪੋਰਟ ਪੇਸ਼ ਕਰਕੇ ਨਵੀਂ ਕਮੇਟੀ ਦੀ ਚੋਣ ਕਰਵਾਏਗੀ। ਹੁਣ ਅਗਸਤ ਮਹੀਨਾ ਖਤਮ ਹੋਣ ਵਾਲਾ ਹੈ, ਪਰ ਨਵੀਂ ਕਮੇਟੀ ਨਹੀਂ ਬਣ ਸਕੀ ਹੈ।
ਬੇਸ਼ੱਕ ਮੌਜੂਦਾ ਕਮੇਟੀ ਕੋਲੋਂ ਕੁਝ ਕਮੀਆਂ ਰਹਿ ਗਈਆਂ ਹੋਣਗੀਆਂ, ਕਈ ਗਲਤੀਆਂ ਹੋਈਆਂ ਹੋਣਗੀਆਂ, ਪਰ ਇਸ ਕਮੇਟੀ ਕੋਲੋਂ ਹਿਸਾਬ ਮੰਗਣ ਵਾਲੇ ਉਹ ਵੀ ਹਨ ਜਿਹਨਾਂ ਦੇ ਟਰਸੱਟੀ ਰਹਿੰਦੇ ਹੋਏ ਪੁਰਾਣੇ ਸਮੇਂ ਵਿਚ ਵੱਡੇ ਘੱਪਲੇ ਹੋਏ ਹਨ। ਸਮਾਜ ਨੂੰ ਅਤੇ ਟਰੱਸਟ ਨੂੰ ਉਸ ਸਮੇਂ ਦੀ ਕਮੇਟੀ ਦਾ ਕੋਈ ਹਿਸਾਬ ਨਹੀਂ ਮਿਲਿਆ ਹੈ। ਬੜੇ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਸਾਡੇ ਸਮਾਜ ਦੇ ਬਜੁਰਗਾਂ ਵੱਲੋਂ ਬੜੇ ਔਖੇ ਹਲਾਤਾਂ ਨਾਲ ਟੱਕਰ ਲੈਂਦੇ ਹੋਏ ਬੜੀ ਹੀ ਮਿਹਨਤ ਨਾਲ ਇਸ ਟਰੱਸਟ ਨੂੰ ਬਣਾਇਆ ਸੀ, ਪਰ ਅੱਜ ਹਰ ਕੋਈ ਇਸਦਾ ਚੇਅਰਮੈਨ ਅਤੇ ਅਹੁਦੇਦਾਰ ਬਣਨ ਲਈ ਕੋਸ਼ਿਸ਼ ਕਰ ਰਿਹਾ ਹੈ। ਉਸ ਸਮੇਂ ਸਮਾਜ ਦੇ ਸੇਵਾਦਾਰਾਂ ਨੇ 10-10 ਰੁਪਏ ਇਕੱਠੇ ਕਰਕੇ ਇਸ ਟਰੱਸਟ ਨੂੰ ਬਣਾਇਆ ਸੀ, ਪਰ ਅੱਜ ਟਰੱਸਟ ਨੂੰ ਵਧੀਆ ਆਮਦਨੀ ਹੋ ਰਹੀ ਹੈ ਜਿਸ ਕਰਕੇ ਹਰ ਕੋਈ ਇਸਦਾ ਅਹੁਦੇਦਾਰ ਬਣਨ ਦੀ ਇੱਛਾ ਰੱਖਦਾ ਹੈ। ਜੇਕਰ ਕਿਸੇ ਨੂੰ ਸਮਾਜ ਸੇਵਾ ਦਾ ਬਹੁਤ ਜਿਆਦਾ ਸ਼ੌਕ ਹੈ ਤਾਂ ਉਹ ਆਪਣੇ ਇਲਾਕੇ ਵਿਚ ਕਸ਼ਯਪ ਸਮਾਜ ਨੂੰ ਜਾਗ੍ਰਤ ਕਰਕੇ ਇਕੱਠਾ ਕਰੇ ਅਤੇ ਉਥੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਕੋਈ ਯਾਦਗਾਰ ਬਣਾਏ। ਪਰ ਇਹਨਾਂ ਸਮਾਜ ਦੇ ਸ਼ੁਭਚਿੰਤਕਾਂ ਕੋਲੋਂ ਇਹ ਕੰਮ ਨਹੀਂ ਹੋਣਾ ਕਿਉਂਕਿ ਉਥੇ ਕੋਲੋਂ ਖਰਚਾ ਕਰਨਾ ਪੈਣਾ ਹੈ ਅਤੇ ਇਸ ਟਰੱਸਟ ਦੇ ਅੁਹਦੇਦਾਰ ਬਣ ਕੇ ਬਿਨਾਂ ਕਿਸੇ ਖਰਚ ਤੋਂ ਸਮਾਜ ਵਿਚ ਆਪਣੀ ਸ਼ਾਨ ਬਨਾਉਣੀ ਹੈ।
ਅੱਜ ਸਮੇਂ ਦੀ ਮੰਗ ਹੈ ਕਿ ਟਰੱਸਟ ਦੇ ਸੰਵਿਧਾਨ ਵਿਚ ਸੋਧ ਕੀਤੀ ਜਾਵੇ ਅਤੇ ਇਹ ਸ਼ਰਤ ਹੋਵੇ ਕਿ ਜਿਹੜਾ ਟਰੱਸਟ ਦਾ 10 ਸਾਲ ਤੋਂ ਪੁਰਾਣਾ ਮੈਂਬਰ ਹੋਵੇਗਾ ਉਹੀ ਕਿਸੇ ਅਹੁਦੇਦਾਰ ਦੀ ਚੋਣ ਲੜ ਸਕਦਾ ਹੈ। ਇਸਦੇ ਨਾਲ ਹੀ ਹਰੇਕ ਮੈਂਬਰ ਦੀ ਵੱਖਰੀ ਚੋਣ ਹੋਣੀ ਚਾਹੀਦੀ ਹੈ। ਕੈਸ਼ੀਅਰ ਅਤੇ ਜਨਰਲ ਸੈਕਟਰੀ ਕਿਸੇ ਸੂਝਵਾਨ ਅਤੇ ਜਾਣਕਾਰੀ ਵਾਲੇ ਯੋਗ ਮੈਂਬਰ ਨੂੰ ਬਨਾਉਣਾ ਚਾਹੀਦਾ ਹੈ ਅਤੇ ਉਸਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ। ਫਰਜੀ ਮੈਂਬਰ ਪਾਉਣ ਵਾਲਾ ਕੰਮ ਬਿਲਕੁਲ ਬੰਦ ਹੋਣਾ ਚਾਹੀਦਾ ਹੈ।
ਅਖੀਰ ਵਿਚ ਸਮਾਜ ਦੇ ਸਾਥੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਸਮਾਜ ਦੀ ਬਿਹਤਰੀ ਕਰਨ ਲਈ ਸੇਵਾ ਕਰਨਾ ਚਾਹੁੰਦੇ ਹੋ ਜਾਂ ਆਪਣੇ ਸਮਾਜ ਨੂੰ ਬਦਨਾਮ ਕਰਕੇ ਹੋਰ ਨੀਵਾਂ ਦਿਖਾਉਣਾ ਚਾਹੁੰਦੇ ਹੋ। ਜੇਕਰ ਤੁਸੀਂ ਸੱਚਮੁੱਚ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਸੋਸ਼ਲ ਮੀਡੀਆ ਉਪਰ ਸਮਾਜ ਦੀ ਬਦਨਾਮੀ ਨਾ ਕਰੋ। ਇਥੇ ਆਪਣੇ ਨਾਲ ਨਾਲ ਦੂਜੇ ਸਮਾਜ ਵਿਚ ਵੀ ਕਸ਼ਯਪ ਸਮਾਜ ਦੀ ਬਦਨਾਮੀ ਹੁੰਦੀ ਹੈ। ਅਖੀਰ ਵਿਚ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਜੇਕਰ ਲਿਖਣ ਵਿਚ ਕੋਈ ਗਲਤੀ ਹੋ ਗਈ ਹੋਵੇ ਜਾਂ ਕਿਸੇ ਦੇ ਦਿਲ ਨੂੰ ਤਕਲੀਫ ਹੋਈ ਹੋਵੇ ਤਾਂ ਮੁਆਫੀ ਮੰਗਦੇ ਹਾਂ, ਪਰ ਸਾਡਾ ਮਕਸਦ ਸਿਰਫ ਆਪਣੇ ਸਮਾਜ ਦੀ ਇਕ ਸਾਫ ਸੁਥਰੀ ਤਸਵੀਰ ਪੇਸ਼ ਕਰਨਾ ਹੈ।
ਨਰਿੰਦਰ ਕਸ਼ਯਪ
ਮੁੱਖ ਸੰਪਾਦਕ – ਕਸ਼ਯਪ ਕ੍ਰਾਂਤੀ ਪੱਤ੍ਰਿਕਾ