100 ਸਾਲ ਦੇ ਗੁਰਦੇਵ ਸਿੰਘ ਨੀਲਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋ ਕੇ ਦਿੱਤੀ ਨਿੱਘੀ ਸ਼ਰਧਾਂਜਲੀ
ਸੁਰਿੰਦਰ ਸਿੰਘ ਨੀਲਾ ਦੇ ਨਾਲ ਦੁੱਖ ਸਾਂਝਾ ਕਰਦੇ ਹੋਏ ਨਰਿੰਦਰ ਕਸ਼ਯਪ, ਰਾਜ ਕੁਮਾਰ ਅਤੇ ਪਰਮਜੀਤ ਸਿੰਘ
ਫਗਵਾੜਾ, 8-9-2023 (ਲੱਕੀ ਸੰਸੋਆ) – ਕਸ਼ਯਪ ਰਾਜਪੂਤ ਸਭਾ ਪਿੰਡ ਨੰਗਲ ਮੱਝਾ ਦੇ ਜਨਰਲ ਸੈਕਟਰੀ, ਕਸ਼ਯਪ ਸਮਾਜ ਦੇ ਆਗੂ ਅਤੇ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮੈਂਬਰ ਸ. ਸੁਰਿੰਦਰ ਸਿੰਘ ਨੀਲਾ ਦੇ ਪਿਤਾ ਸ. ਗੁਰਦੇਵ ਸਿੰਘ ਨੀਲਾ ਜੀ ਦੀ ਅੰਤਿਮ ਅਰਦਾਸ 8-9-2023 ਨੂੰ ਪਿੰਡ ਨੰਗਲ ਮੱਝਾ ਦੇ ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਵਿਖੇ ਹੋਈ। ਗੁਰਦੇਵ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਉਹਨਾਂ ਦੇ ਪਰਿਵਾਰ ਵੱਲੋਂ ਸ਼੍ਰੀ ਸਹਿਜ ਪਾਠ ਸਾਹਿਬ ਦੇ ਭੋਗ ਉਹਨਾਂ ਦੇ ਨਿਵਾਸ ਅਸਥਾਨ ਤੇ ਪਾਏ ਗਏ। ਅੰਤਿਮ ਅਰਦਾਸ ਅਤੇ ਕੀਰਤਨ ਗੁਰਦੁਆਰਾ ਸ਼੍ਰੀ ਨਾਨਕਰਸਰ ਸਾਹਿਬ ਵਿਖੇ ਕੀਤਾ ਗਿਆ, ਜਿੱਥੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਦੋਸਤ, ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਮੈਂਬਰਾਂ ਨੇ ਸ਼ਾਮਲ ਹੋ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਕਸ਼ਯਪ ਰਾਜਪੂਤ ਸਭਾ ਨੰਗਲ ਮੱਝਾ ਦੇ ਸਾਰੇ ਮੈਂਬਰ ਸ਼ਾਮਲ ਹੋਏ। ਇਸ ਮੌਕੇ ਕਸ਼ਯਪ ਕ੍ਰਾਂਤੀ ਦੇ ਮਾਲਕ ਸ਼੍ਰੀ ਨਰਿੰਦਰ ਕਸ਼ਯਪ, ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਦੇ ਜਲੰਧਰ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ, ਕੈਸ਼ੀਅਰ ਲੱਕੀ ਸੰਸੋਆ, ਕਸ਼ਯਪ ਰਾਜਪੂਤ ਮਹਾਂਸਭਾ ਜਲੰਧਰ ਦੇ ਚੇਅਰਮੈਨ ਪਰਮਜੀਤ ਸਿੰਘ ਅਤੇ ਖਵਾਜਾ ਮੰਦਰ ਨੰਗਲ ਮੱਝਾ ਤੋਂ ਸ਼੍ਰੀਮਤੀ ਕੁਲਦੀਪ ਕੌਰ ਉਚੇਚੇ ਤੌਰ ਤੇ ਸ਼ਾਮਲ ਹੋਏ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਗੁਰਦੇਵ ਸਿੰਘ ਦੇ ਪਰਿਵਾਰ ਵੱਲੋਂ ਉਹਨਾਂ ਦੀ ਅੰਤਿਮ ਅਰਦਾਸ ਮੌਕੇ ਬਹੁਤ ਹੀ ਵਧੀਆ ਲੰਗਰ ਤਿਆਰ ਕੀਤਾ ਗਿਆ ਸੀ।
ਸ. ਗੁਰਦੇਵ ਸਿੰਘ ਨੀਲਾ ਵਾਹਿਗੁਰੂ ਜੀ ਵੱਲੋਂ ਬਖਸ਼ੀ ਹੋਈ ਸੁਆਸਾਂ ਦੀ ਪੂੰਜੀ ਕਰੀਬ 100 ਸਾਲ ਦੀ ਉਮਰ ਨੂੰ ਭੋਗਦੇ ਹੋਏ 29-8-2023 ਨੂੰ ਅਕਾਲ ਚਲਾਣਾ ਕਰ ਗਏ ਸੀ। ਉਹਨਾਂ ਦੇ ਪੁੱਤਰ ਸੁਰਿੰਦਰ ਸਿੰਘ ਨੀਲਾ ਅਤੇ ਸਤਨਾਮ ਸਿੰਘ ਨੀਲਾ ਨੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ। ਗੁਰਦੇਵ ਸਿੰਘ ਦਾ ਜਨਮ 12 ਦਿਸੰਬਰ 1923 ਨੂੰ ਸ. ਮੁਨਸ਼ਾ ਸਿੰਘ ਅਤੇ ਬੀਬੀ ਹਰਨਾਮ ਕੌਰ ਦੇ ਘਰ ਹੋਇਆ। ਇਹ ਪਿੰਡ ਨੰਗਲ ਮੱਝਾ ਦੇ ਚੰਗੇ ਪਰਿਵਾਰਾਂ ਵਿਚੋਂ ਇਕ ਸਨ। ਪਿੰਡ ਵਿਚ ਇਹ ਗੁਰਦੇਵ ਸੀਮੇਂਟ ਸਟੋਰ ਚਲਾਉਂਦੇ ਸੀ। ਇਹਨਾਂ ਦੇ ਪਰਿਵਾਰ ਵਿਚ ਤਿੰਨ ਬੇਟ ਅਤੇੇ ਤਿੰਨ ਬੇਟੀਆਂ ਹਨ। ਸਾਰੇ ਬੱਚੇ ਆਪਣੇ ਪਰਿਵਾਰਾਂ ਨਾਲ ਸੈਟਲ ਹਨ ਅਤੇ ਇਹਨਾਂ ਦੇ ਕਈ ਪੋਤਰੇ-ਪੋਤਰੀਆਂ ਵੀ ਵਿਆਹੇ ਹੋਏ ਹਨ। ਸ. ਗੁਰਦੇਵ ਸਿੰਘ ਜੀ ਆਪਣੇ ਪਿੱਛੇ ਇਕ ਹੱਸਦਾ ਖੇਡਦਾ ਵੱਡਾ ਪਰਿਵਾਰ ਛੱਡ ਕੇ ਗਏ ਹਨ।
ਅਦਾਰਾ ਕਸ਼ਯਪ ਕ੍ਰਾਂਤੀ ਅਤੇ ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ ਆਪਣੇ ਸਾਥੀ ਸ. ਸੁਰਿੰਦਰ ਸਿੰਘ ਨੀਲਾ ਅਤੇ ਉਹਨਾਂ ਦੇ ਪਰਿਵਾਰ ਨਾਲ ਸ. ਗੁਰਦੇਵ ਸਿੰਘ ਦੇ ਅਕਾਲ ਚਲਾਣੇ ਤੇ ਦੁੱਖ ਸਾਂਝਾ ਕਰਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹੈ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ਿਸ਼ ਕਰਨ।