ਫਤਿਹਗੜ ਸਾਹਬਿ ਟਰੱਸਟ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸਲਾਨਾ ਸ਼ਹੀਦੀ ਦਿਹਾੜਾ

ਸ਼ਹੀਦੀ ਸਮਾਗਮ ਦੌਰਾਨ ਮੌਜੂਦ ਸੰਗਤ ਦਾ ਇਕੱਠ
ਫਤਿਹਗੜ ਸਾਹਿਬ, 21-2-2023 (ਨਰਿੰਦਰ ਕਸ਼ਯਪ) – ਸਿੱਖ ਪੰਥ ਦੇ ਮਹਾਨ ਸ਼ਹੀਦ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸਲਾਨਾ ਸ਼ਹੀਦੀ ਦਿਹਾੜਾ ਉਹਨਾਂ ਦੀ ਯਾਦ ਵਿਚ ਬਣੇ ਹੋਏ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਟਰੱਸਟ ਵੱਲੋਂ ਤਿੰਨ ਦਿਨ ਪਹਿਲਾਂ ਰੱਖੇ ਗਏ ਸ਼੍ਰੀ ਅਖੰਡ ਸਾਹਿਬ ਦੇ ਭੋਗ ਪਾਏ ਗਏ। ਇਥੇ ਦੇ ਹੈਡ ਗ੍ਰੰਥੀ ਭਾਈ ਹਰਦੀਪ ਸਿੰਘ ਨੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕੀਤੀ ਅਤੇ ਉਪਰੰਤ ਆਪਣੇ ਰਾਗੀ ਜੱਥੇ ਦੇ ਨਾਲ ਮਿਲ ਕੇ ਰਸਭਿੰਨਾ ਕੀਰਤਨ ਕਰਦੇ ਹੋਏ ਸੰਗਤ ਨੂੰ ਇਤਿਹਾਸ ਨਾਲ ਜੋੜਿਆ। ਇਸ ਤੋਂ ਬਾਅਦ ਮਸ਼ਹੂਰ ਕਥਾਵਾਚਕ ਅਤੇ ਸਾਬਕਾ ਹੈਡ ਗ੍ਰੰਥੀ ਭਾਈ ਜਸਵਿੰਦਰ ਸਿੰਘ ਜੀ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਇਤਿਹਾਸ, ਉਹਨਾਂ ਵੱਲੋਂ ਠੰਡੇ ਬੁਰਜ ਵਿਚ ਕੈਦ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਗਰਮ ਦੁੱਧ ਦੀ ਸੇਵਾ, ਸੇਵਾ ਦੇ ਬਦਲੇ ਪੂਰੇ ਪਰਿਵਾਰ ਨੂੰ ਕੋਹਲੂ ਵਿਚ ਪੀੜ ਕੇ ਸ਼ਹੀਦ ਕਰਨ ਦਾ ਇਤਿਹਾਸ ਸੰਗਤ ਨੂੰ ਸਰਵਣ ਕਰਵਾਇਆ। ਅਰਦਾਸ ਤੋਂ ਉਪਰੰਤ ਬਲਦੇਵ ਸਿੰਘ ਦੁਸਾਂਝ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਸੰਗਤ ਨੂੰ ਦੱਸਿਆ।
ਇਸ ਮੌਕੇ ਇਲਾਕੇ ਦੀ ਸੰਗਤ ਤੋਂ ਅਲਾਵਾ ਦੂਰ ਦੁਰਾਡੇ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਸ਼ਹੀਦੀ ਸਮਾਗਮ ਵਿਚ ਸ਼ਾਮਲ ਹੋਈਆਂ। ਕਸ਼ਯਪ ਰਾਜਪੂਤ ਸਭਾ ਬਟਾਲਾ, ਬਾਬਾ ਹਿੰਮਤ ਸਿੰਘ ਗੁਰਦੁਆਰਾ ਮੁਕੇਰੀਆਂ ਦੀ ਸਭਾ ਦੇ ਮੈਂਬਰ, ਕਸ਼ਯਪ ਰਾਜਪੂਤ ਸਭਾ ਨਡਿਆਲੀ ਦੇ ਮੈਂਬਰ, ਕਸ਼ਯਪ ਰਾਜਪੂਤ ਮਹਿਰਾ ਸਭਾ ਮੋਗਾ ਤੋਂ ਬਸੰਤ ਸਿੰਘ ਮਹਿਰਾ ਆਪਣੇ ਸਾਥੀਆਂ ਸਮੇਤ, ਕਸ਼ਯਪ ਕ੍ਰਾਂਤੀ ਦੇ ਮਾਲਕ ਨਰਿੰਦਰ ਕਸ਼ਯਪ, ਬਨੂੜ ਦੀ ਸੰਗਤ ਆਦਿ ਸ਼ਾਮਲ ਹੋਏ। ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਟਰੱਸਟ ਵੱਲੋਂ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਗਿਆ।
ਇਸ ਤੋਂ ਪਹਿਲਾਂ ਟਰੱਸਟ ਵੱਲੋਂ ਸੰਗਤ ਵਾਸਤੇ ਗਰਮ ਦੁੱਧ ਅਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਟਰੱਸਟ ਦੇ ਸੀਨੀਅਰ ਵਾਈਸ ਚੇਅਰਮੈਨ ਸੁਖਦੇਵ ਸਿੰਘ ਰਾਜ, ਠੇਕੇਦਾਰ ਰਣਜੀਤ ਸਿੰਘ, ਗੁਰਮੀਤ ਸਿੰਘ ਮੋਰਿੰਡਾ, ਬਲਦੇਵ ਸਿੰਘ ਦੁਸਾਂਝ, ਜੈ ਕ੍ਰਿਸ਼ਨ, ਤਰਵਿੰਦਰ ਸਿੰਘ, ਰਾਜ ਕੁਮਾਰ ਪਾਤੜਾਂ, ਅਮੀਚੰਦ ਮਾਛੀਵਾੜਾ, ਸਰਵਣ ਸਿੰਘ ਬਿਹਾਲ, ਗੁਰਦੇਵ ਸਿੰਘ ਨਾਭਾ, ਬੀਬੀ ਬਲਜਿੰਦਰ ਕੌਰ, ਬਲਵਿੰਦਰ ਕੌਰ ਧਨੋੜਾ, ਜੋਗਿੰਦਰ ਪਾਲ, ਮੈਨੇਜਰ ਨਵਜੋਤ ਸਿੰਘ ਆਦਿ ਨੇ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਸਮਾਗਮ ਨੂੰ ਸਫਲ ਬਣਾਇਆ। ਇਸ ਮੌਕੇ ਗੁਰੂ ਦਾ ਲੰਗਰ ਅਤੁੱਟ ਚੱਲਦਾ ਰਿਹਾ।
ਸਮਾਗਮ ਤੋਂ ਬਾਅਦ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਦੀ ਅਗਵਾਈ ਹੇਠ ਟਰੱਸਟ ਦੀ ਚੋਣ ਕਰਵਾਉਣ ਸੰਬੰਧੀ ਮੀਟਿੰਗ ਹੋਈ ਜਿਸ ਵਿਚ ਜਲਦੀ ਹੀ ਮੈਂਬਰਾਂ ਦੀ ਲਿਸਟ ਅਤੇ ਵੋਟਰ ਕਾਰਡ ਬਣਾ ਕੇ ਚੋਣ ਕਰਵਾਉਣ ਲਈ ਮਤਾ ਪਾਸ ਕੀਤਾ ਗਿਆ।

ਭਾਈ ਜਸਵਿੰਦਰ ਸਿੰਘ ਨੂੰ ਸਨਮਾਨਤ ਕਰਦੇ ਹੋਏ ਟਰੱਸਟ ਦੇ ਮੈਂਬਰ

ਸ਼ਹੀਦੀ ਸਮਾਗਮ ਦੌਰਾਨ ਮੌਜੂਦ ਸੰਗਤ ਦਾ ਇਕੱਠ

ਸੰਗਤ ਨੂੰ ਗਰਮ ਦੁੱਧ ਦਾ ਲੰਗਰ ਵਰਤਾਂਦੇ ਹੋਏ ਟਰੱਸਟ ਦੇ ਮੈਂਬਰ
