ਨਿਰਮਲ ਸਿੰਘ ਐਸ.ਐਸ. ਨੇ ਚੇਅਰਮੈਨ ਬਣਨ ਤੋਂ ਬਾਅਦ ਹੱਥੋਂ ਗੰਵਾਇਆ ਸੁਨਹਿਰੀ ਮੌਕਾ
ਚਾਰ ਸਾਲਾਂ ਵਿਚ ਆਨ-ਲਾਈਨ ਨਹੀਂ ਕਰ ਸਕੇ ਟਰੱਸਟ ਦਾ ਅਕਾਉਂਟ
ਕਸ਼ਯਪ ਸਮਾਜ ਦੇ ਮਹਾਨ ਸ਼ਹੀਦ, ਆਪਣਾ ਸਰਬੰਸ ਸਿੱਖੀ ਤੋਂ ਕੁਰਬਾਨ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਯਾਦਗਾਰ ਅਸਥਾਨ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਚੇਅਰਮੈਨ ਦੀ ਚੋਣ 27 ਮਈ 2018 ਨੂੰ ਹੋਈ, ਜਿਸ ਵਿਚ ਲੁਧਿਆਣਾ ਦੇ ਸ. ਨਿਰਮਲ ਸਿੰਘ ਐਸ.ਐਸ. ਨੇ ਜਿੱਤ ਹਾਸਲ ਕੀਤੀ। 27 ਮਈ ਨੂੰ ਟਰੱਸਟ ਦੇ 1405 ਵੋਟਰਾਂ ’ਚੋਂ 646 ਵੋਟਰਾਂ ਨੇ ਵੋਟਾਂ ਪਾਈਆਂ। ਨਿਰਮਲ ਸਿੰਘ ਐਸ.ਐਸ. ਨੂੰ ਸਭ ਤੋਂ ਵੱਧ 284 ਵੋਟਾਂ ਪਾ ਕੇ ਕਸ਼ਯਪ ਸਮਾਜ ਨੇ ਇਕ ਨੇਕ, ਇਮਾਨਦਾਰ ਅਤੇ ਸੱਚੇ-ਸੁੱਚੇ ਇਨਸਾਨ ਨੂੰ ਟਰੱਸਟ ਦਾ ਚੇਅਰਮੈਨ ਬਣਨ ਦਾ ਮੌਕਾ ਦਿੱਤਾ। ਦੋ ਸਾਲ ਵਾਸਤੇ ਚੇਅਰਮੈਨ ਦੀ ਚੋਣ ਹੋਈ ਸੀ, ਪਰ ਕੋਰੋਨਾ ਕਾਰਣ ਲਗਾਤਾਰ ਦੋ ਸਾਲ ਤੱਕ ਇਹ ਮਿਆਦ ਇਕ ਇਕ ਸਾਲ ਕਰਕੇ ਵਧਾਉਣੀ ਪੈ ਗਈ। ਹੁਣ 4 ਸਾਲਾਂ ਤੋਂ ਨਿਰਮਲ ਸਿੰਘ ਐਸ.ਐਸ. ਟਰੱਸਟ ਦੇ ਚੇਅਰਮੈਨ ਹਨ। ਉਹਨਾਂ ਦੇ ਕਾਰਜਕਾਲ ਦੌਰਾਨ ਕਈ ਕੰਮ ਹੋਏ, ਕਈ ਪ੍ਰਾਪਤੀਆਂ ਹੋਈਆਂ ਅਤੇ ਕਈ ਕੰਮ ਅਧੂਰੇ ਰਹਿ ਗਏ।
ਇਹਨਾਂ ਚੋਣਾਂ ਦੌਰਾਨ ਇਹ ਪਹਿਲੀ ਵਾਰ ਹੋਇਆ ਜਦੋਂ ਚੇਅਰਮੈਨੀ ਦੀ ਦਾਅਵੇਦਾਰ ਉਮੀਦਵਾਰਾਂ ਨੇ ਆਪਣੇ ਚੋਣ ਮੈਨੀਫੈਸਟੋ ਜਾਰੀ ਕੀਤੇ ਸਨ ਕਿ ਜੇਕਰ ਉਹ ਚੇਅਰਮੈਨ ਬਣਦੇ ਹਨ ਤਾਂ ਟਰੱਸਟ ਅਤੇ ਸਮਾਜ ਦੀ ਬਿਹਤਰੀ ਵਾਸਤੇ ਫਲਾਂ-ਫਲਾਂ ਕੰਮ ਕਰਨਗੇ। ਸਾਰੇ ਉਮੀਦਵਾਰਾਂ ਨੇ ਆਪਣੇ ਵੱਖਰੇ-ਵੱਖਰੇ ਵਾਅਦਿਆਂ ਵਾਲਾ ਚੋਣ ਮੈਨੀਫੈਸਟੋ ਜਾਰੀ ਕੀਤਾ। ਚੋਣ ਜਿੱਤਣ ਵਾਲੇ ਨਿਰਮਲ ਸਿੰਘ ਐਸ.ਐਸ. ਨੇ ਵੀ ਆਪਣੇ ਚੋਣ ਮੈਨੀਫੈਸਟੋ ਵਿਚ ਸੰਗਤ ਨਾਲ ਬਹੁਤ ਸਾਰੇ ਵਾਅਦੇ ਕੀਤੇ ਸਨ ਕਿ ਉਹ ਚੇਅਰਮੈਨ ਬਣੇ ਤਾਂ ਇਹ ਕੰਮ ਪਹਿਲ ਦੇ ਅਧਾਰ ਤੇ ਕਰਨਗੇ। ਕਿਉਂਕਿ ਇਹ ਚੋਣ ਨਿਰਮਲ ਸਿੰਘ ਐਸ.ਐਸ. ਨੇ ਜਿੱਤੀ ਸੀ ਅਤੇ ਉਹ ਟਰੱਸਟ ਦੇ ਚੇਅਰਮੈਨ ਬਣੇ ਸੀ, ਇਸ ਕਰਕੇ ਗੱਲ ਸਿਰਫ ਉਹਨਾਂ ਦੇ ਚੋਣ ਮੈਨੀਫੈਸਟੋ ਦੀ ਹੀ ਕਰਾਂਗੇ। ਨਿਰਮਲ ਸਿੰਘ ਨੂੰ ਚੇਅਰਮੈਨ ਬਣੇ ਨੂੰ ਹੁਣ ਚਾਰ ਸਾਲ ਤੋਂ ਵੱਧ ਸਮਾਂ ਬੀਤ ਗਿਆ ਹੈ ਜਦਕਿ ਉਹਨਾਂ ਨੂੰ ਦੋ ਸਾਲ ਲਈ ਚੇਅਰਮੈਨ ਚੁਣਿਆ ਗਿਆ ਸੀ। ਹੁਣ ਅਸੀਂ ਉਹਨਾਂ ਵੱਲੋਂ ਚਾਰ ਸਾਲ ਪਹਿਲਾਂ ਸਮਾਜ ਨਾਲ ਕੀਤੇ ਗਏ ਵਾਅਦਿਆਂ ਬਾਰੇ ਗੱਲ ਕਰਾਂਗੇ ਕਿ ਉਹਨਾਂ ਜਿਹੜਾ ਵਾਅਦਾ ਕੀਤਾ ਸੀ ਉਸ ਬਾਰੇ ਕੀ ਕੀਤਾ ਹੈ?
ਸ. ਨਿਰਮਲ ਸਿੰਘ ਐਸ.ਐਸ. ਦਾ ਚੋਣ ਮੈਨੀਫੈਸਟੋ ਦਾ ਪਹਿਲਾ ਅਤੇ ਅਹਿਮ ਵਾਅਦਾ ਸੀ ਕਿ ਜੇਕਰ ਉਹ ਚੇਅਰਮੈਨ ਬਣਦੇ ਹਾਂ ਤਾਂ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟੱ੍ਰਸਟ (ਰਜਿ.) ਸ਼੍ਰੀ ਫਤਿਹਗੜ੍ਹ ਸਾਹਿਬ ਦਾ ਹਿਸਾਬ-ਕਿਤਾਬ ਕੰਪਿਊਟਰਾਈਜ਼ਡ ਅਤੇ ਆਨ-ਲਾਈਨ ਕੀਤਾ ਜਾਵੇਗਾ ਤਾਂ ਕਿ ਕੋਈ ਵੀ ਮੈਂਬਰ ਕਿਸੇ ਸਮੇਂ ਵੀ ਚੈਕ ਕਰ ਸਕੇ। ਚਾਰ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਟਰੱਸਟ ਦਾ ਅਕਾਉਂਟ ਆਨ-ਲਾਈਨ ਨਹੀਂ ਕੀਤਾ ਗਿਆ ਹੈ। ਇਸ ਵਿਚ ਕਿੱਥੇ ਅਤੇ ਕਿਉਂ ਕਮੀ ਰਹਿ ਗਈ ਜਾਂ ਇਹ ਅਕਾਉਂਟ ਆਨ-ਲਾਈਨ ਕਿਉਂ ਨਹੀਂ ਹੋ ਸਕਿਆ ਹੈ, ਇਸਦੇ ਬਾਰੇ ਤਾਂ ਮੈਨੇਜਮੈਂਟ ਕਮੇਟੀ ਨੂੰ ਹੀ ਪਤਾ ਹੈ। ਪਰ ਇਹ ਨੇਕ ਕੰਮ ਨਾ ਕਰਕੇ ਨਿਰਮਲ ਸਿੰਘ ਐਸ.ਐਸ. ਨੇ ਇਕ ਵੱਡਾ ਮੌਕਾ ਆਪਣੇ ਹੱਥੋਂ ਗੰਵਾ ਲਿਆ ਹੈ। ਜੇਕਰ ਉਹ ਟਰੱਸਟ ਦਾ ਅਕਾਉਂਟ ਆਪਣੇ ਸਮੇਂ ਵਿਚ ਆਨ-ਲਾਈਨ ਕਰ ਜਾਂਦੇ ਤਾਂ ਸਮਾਜ ਦੇ ਇਤਿਹਾਸ ਵਿਚ ਉਹਨਾਂ ਦਾ ਨਾਮ ਅਮਰ ਹੋ ਜਾਣਾ ਸੀ ਕਿ ਉਹਨਾਂ ਇਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ। ਇਹਨਾਂ ਦੇ ਚੇਅਰਮੈਨ ਬਣਨ ਤੋਂ ਪਹਿਲਾਂ ਟਰੱਸਟ ਵਿਚ ਜਿਹੜਾ ਘਪਲਾ ਹੋਇਆ ਹੈ ਉਸ ਬਾਰੇ ਸਾਰੇ ਸਮਾਜ ਨੂੰ ਪਤਾ ਹੈ। ਇਸੇ ਕਾਰਣ ਇਹਨਾਂ ਚੋਣਾਂ ਵਿਚ ਅਕਾਉਂਟ ਨੂੰ ਆਨ-ਲਾਈਨ ਦਾ ਮੁੱਦਾ ਬਹੁਤ ਵੱਡਾ ਸੀ ਅਤੇ ਸਮਾਜ ਨੇ ਵੀ ਨਿਰਮਲ ਸਿੰਘ ਤੇ ਭਰੋਸਾ ਕੀਤਾ ਕਿ ਉਹ ਟਰੱਸਟ ਦਾ ਅਕਾਉਂਟ ਆਨ-ਲਾਈਨ ਕਰਨਗੇ। ਜੇਕਰ ਨਿਰਮਲ ਸਿੰਘ ਐਸ.ਐਸ. ਟਰੱਸਟ ਦੇ ਅਕਾਉਂਟ ਨੂੰ ਆਨ-ਲਾਈਨ ਕਰ ਜਾਂਦੇ ਤਾਂ ਆਉਣ ਵਾਲੀਆਂ ਕਮੇਟੀਆਂ ਨੂੰ ਉਸ ਉਪਰ ਅਮਲ ਕਰਨਾ ਪੈਣਾ ਸੀ ਅਤੇ ਉਹਨਾਂ ਨੂੰ ਵੀ ਸੰਗਤ ਨੂੰ ਸਾਰਾ ਹਿਸਾਬ-ਕਿਤਾਬ ਦੇਣਾ ਪੈਣਾ ਸੀ। ਜੇਕਰ ਕੋਈ ਕਮੇਟੀ ਜਾਂ ਚੇਅਰਮੈਨ ਇਹ ਅਕਾਉਂਟ ਆਨ-ਲਾਈਨ ਨਹੀਂ ਕਰਦਾ ਤਾਂ ਸਾਫ ਪਤਾ ਲੱਗ ਜਾਣਾ ਸੀ ਕਿ ਇਹ ਕਮੇਟੀ ਸਮਾਜ ਦੀ ਗੁਨਹਗਾਰ ਹੈ। ਪਰ ਅਫਸੋਸ! ਸ. ਨਿਰਮਲ ਸਿੰਘ ਐਸ.ਐਸ. ਨੇ ਇਹ ਸੁਨਹਿਰੀ ਮੌਕਾ ਆਪਣੇ ਹੱਥੋਂ ਗੰਵਾ ਲਿਆ ਹੈ।
ਜੇਕਰ ਮੌਜੂਦਾ ਚੇਅਰਮੈਨ ਅਤੇ ਕਮੇਟੀ ਨੇ ਇਕ ਫੈਸਲਾ ਕਰਕੇ ਟਰੱਸਟ ਦਾ ਅਕਾਉਂਟ ਆਨ-ਲਾਈਨ ਕੀਤਾ ਹੁੰਦਾ ਤਾਂ ਅੱਜ ਟਰੱਸਟ ਵਿਚ ਅਕਾਉਂਟ ਬਾਰੇ ਜਿਹੜਾ ਰੌਲਾ ਪੈ ਰਿਹਾ ਹੈ ਅਤੇ ਇਕ ਦੂਜੇ ਉਪਰ ਇਲਜਾਮ ਲਗਾਏ ਜਾ ਰਹੇ ਹਨ, ਉਹ ਕਦੇ ਵੀ ਨਾ ਹੁੰਦਾ। ਹੁਣ ਜਲਦੀ ਹੀ ਟਰੱਸਟ ਦੀ ਨਵੀਂ ਕਮੇਟੀ ਦੀ ਚੋਣ ਹੋਵੇਗੀ ਜਾਂ ਸਰਬ ਸੰਮਤੀ ਨਾਲ ਨਵੀਂ ਕਮੇਟੀ ਬਣੇਗੀ, ਇਹ ਤਾਂ ਸਮਾਂ ਹੀ ਦੱਸੇਗਾ, ਪਰ ਸਮਾਜ ਉਮੀਦ ਕਰਦਾ ਹੈ ਕਿ ਜਿਹੜੀ ਵੀ ਕਮੇਟੀ ਬਣੇ ਜਾਂ ਜਿਹੜਾ ਨਵਾਂ ਚੇਅਰਮੈਨ ਬਣੇ ਉਹ ਸਭ ਤੋਂ ਪਹਿਲਾਂ ਟਰੱਸਟ ਦੇ ਅਕਾਉਂਟ ਨੂੰ ਆਨ-ਲਾਈਨ ਕਰੇ ਤਾਂ ਜੋ ਸਮਾਜ ਦਾ ਇਸ ਟਰੱਸਟ ਦੀ ਕਮੇਟੀ ਤੇ ਵਿਸ਼ਵਾਸ ਬਣ ਸਕੇ। ਇਥੇ ਵੀ ਰਾਜਨੀਤੀ ਵਾਲੀ ਗੱਲ ਨਾ ਹੋਵੇ ਕਿ ਜਨਤਾ ਨਾਲ ਵਾਅਦੇ ਕਰ ਲਓ, ਪੂਰੇ ਹੋਣ ਜਾਂ ਨਾ ਹੋਣ ਕੀ ਫਰਕ ਪੈਂਦਾ ਹੈ। ਕਸ਼ਯਪ ਸਮਾਜ ਨੂੰ ਇਸ ਟਰੱਸਟ ਵਿਚ ਸਮਾਜ ਸੇਵਾ ਵਾਲੇ ਚੰਗੇ ਟਰੱਸਟੀ ਚਾਹੀਦੇ ਹਨ ਜੋ ਸਮਾਜ ਅਤੇ ਟਰੱਸਟ ਨੂੰ ਅੱਗੇ ਲੈ ਕੇ ਜਾਣ ਨਾ ਕਿ ਝੂਠੇ ਵਾਅਦੇ ਕਰਕੇ ਸਮਾਜ ਨੂੰ ਗੁਮਰਾਹ ਕਰਨ।
ਨਰਿੰਦਰ ਕਸ਼ਯਪ
ਮੁੱਖ ਸੰਪਾਦਕ – ਕਸ਼ਯਪ ਕ੍ਰਾਂਤੀ ਪੱਤ੍ਰਿਕਾ