ਟਾਂਡਾ ਵਿਖੇ ਸ਼ਰਧਾ ਨਾਲ ਮਨਾਇਆ ਜਾਏਗਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ 12ਵਾਂ ਸਲਾਨਾ ਸ਼ਹੀਦੀ ਦਿਹਾੜਾ
ਟਾਂਡਾ (ਕ.ਕ.ਪ.) – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ 12ਵਾਂ ਸਲਾਨਾ ਸ਼ਹੀਦੀ ਦਿਹਾੜਾ ਕਸ਼ਯਪ ਰਾਜਪੂਤ ਸਭਾ ਬਲਾਕ ਟਾਂਡਾ ਵੱਲੋਂ ਪ੍ਰ੍ਰਧਾਨ ਸਵਰਣ ਸਿੰਘ ਡੱਡੀਆਂ ਦੀ ਪ੍ਰ੍ਰਧਾਨਗੀ ਹੇਠ ਮਨਾਇਆ ਜਾਏਗਾ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਸਰਵਣ ਸਿੰਘ ਡੱਡੀਆਂ, ਕੈਸ਼ੀਅਰ ਬਸੰਤ ਖਨਮੋਤਰਾ ਅਤੇ ਜਨਰਲ ਸੈਕਟਰੀ ਜਗਦੀਸ਼ ਸਿੰਘ ਲਾਂਬਾ ਨੇ ਦੱਸਿਆ ਕਿ ਕਸ਼ਯਪ ਰਾਜਪੂਤ ਸਭਾ ਬਲਾਕ ਟਾਂਡਾ ਵੱਲੋਂ ਇਹ ਸ਼ਹੀਦੀ ਦਿਹਾੜਾ 25 ਫਰਵਰੀ 2024 ਨੂੰ ਮਨਾਇਆ ਜਾਏਗਾ। ਸਭਾ ਵੱਲੋਂ ਟਾਂਡਾ ਦੇ ਮਿਆਣੀ ਰੋਡ ਉਪਰ, ਪਲਟਾ ਪੈਟ੍ਰੋਲ ਪੰਪ ਦੇ ਨੇੜੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ ਜਿੱਥੇ ਹਰ ਸਾਲ ਫਰਵਰੀ ਮਹੀਨੇ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਇਸ ਤੋਂ ਅਲਾਵਾ ਹਰ ਮਹੀਨੇ ਸੰਗਰਾਂਦ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ।
25 ਫਰਵਰੀ ਨੂੰ ਸਵੇਰੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਣਗੇ। ਪਾਠ ਦੇ ਭੋਗ ਤੋਂ ਉਪਰੰਤ ਪੰਥ ਦੇ ਰਾਗੀ ਅਤੇ ਢਾਡੀ ਜੱਥੇ ਬਾਬਾ ਮੋਤੀ ਰਾਮ ਮਹਿਰਾ ਜੀ ਵੱਲੋਂ ਕੀਤੀ ਗਈ ਦੁੱਧ ਦੀ ਸੇਵਾ ਅਤੇ ਕੁਰਬਾਨੀ ਦੇ ਇਤਿਹਾਸ ਬਾਰੇ ਸੰਗਤ ਨੂੰ ਜਾਣੂ ਕਰਵਾਉਣਗੇ। ਇਸ ਮੌਕੇ ਗੁਰੂ ਦਾ ਲੰਗਰ ਵੀ ਅਤੁੱਟ ਵਰਤੇਗਾ। ਸਮੂਹ ਸਮਾਜ ਅਤੇ ਸਮਾਜ ਦੀਆਂ ਸਾਰੀਆਂ ਸਭਾਵਾਂ ਨੂੰ ਇਸ ਮੌਕੇ ਤੇ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।