ਸ਼ਰਧਾ ਨਾਲ ਮਨਾਇਆ ਗਿਆ ਭਾਥ ਗੋਤਰ ਦੇ ਜਠੇਰਿਆਂ ਦਾ ਸਲਾਨਾ ਮੇਲਾ
ਮੇਲੇ ਦੌਰਾਨ ਪ੍ਰਬੰਧਕੀ ਕਮੇਟੀ ਦੇ ਮੈਂਬਰ
ਟਾਂਡਾ, 20 ਮਾਰਚ 2023 (ਪਰਮਜੀਤ ਸਿੰਘ) – ਕਸ਼ਯਪ ਰਾਜਪੂਤ ਸਮਾਜ ਦੇ ਭਾਥ ਗੋਤਰ ਦੇ ਜਠੇਰਿਆਂ ਦਾ ਸਲਾਨਾ ਮੇਲਾ ਹਰ ਸਾਲ ਵਾਂਗ ਇਸ ਸਾਲ ਵੀ ਉਹਨਾਂ ਦੇ ਪਵਿੱਤਰ ਅਸਥਾਨ ਪਿੰਡ ਲੋਧੀਚੱਕ, ਨੇੜੇ ਟਾਂਡਾ ਜਿਲਾ ਹੁਸ਼ਿਆਰਪੁਰ, ਪੰਜਾਬ ਵਿਖੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮੇਲੇ ਦੌਰਾਨ ਸਵੇਰੇ ਬਾਬਾ ਜੀ ਦੇ ਅਸਥਾਨ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਵਾਇਆ ਗਿਆ ਅਤੇ ਨਵੇਂ ਵਸਤਰ ਪਹਿਨਾਏ ਗਏ। ਇਸ ਤੋਂ ਬਾਅਦ 8.30 ਵਜੇ ਸਰਬਤ ਦੇ ਭਲੇ ਵਾਸਤੇ ਹਵਨ ਯੱਗ ਕੀਤਾ ਗਿਆ ਅਤੇ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਸਾਰੀ ਸੰਗਤ ਵੱਲੋਂ ਮਿਲ ਕੇ ਝੰਡਾ ਚੜਾਉਣ ਦੀ ਰਸਮ ਕੀਤੀ ਗਈ। ਇਸ ਤੋਂ ਬਾਅਦ ਕਮੇਟੀ ਮੈਂਬਰਾਂ ਨੇ ਮਿਲ ਕੇ ਕੰਜਕ ਪੂਜਨ ਕੀਤਾ ਗਿਆ। ਉਪਰੰਤ ਆਈ ਹੋਈ ਸੰਗਤ ਵਾਸਤੇ ਚਾਹ ਪਕੌੜਿਆਂ ਦਾ ਲੰਗਰ ਸ਼ੁਰੂ ਕੀਤਾ ਗਿਆ।
ਇਸ ਦੌਰਾਨ ਲਗਾਤਾਰ ਸੰਗਤ ਦਾ ਆਉਣਾ ਚੱਲਦਾ ਰਿਹਾ। ਸੰਗਤ ਆਪਣੇ ਜਠੇਰਿਆਂ ਦੇ ਅਸਥਾਨ ਤੇ ਮੱਥਾ ਟੇਕ ਕੇ ਆਪਣੇ ਵੱਡੇ ਵਡੇਰਿਆਂ ਦਾ ਅਸ਼ੀਰਵਾਦ ਲੈ ਰਹੀ ਸੀ। ਸੰਗਤ ਵਿਚ ਬਹੁਤ ਉਤਸ਼ਾਹ ਸੀ ਕਿਉਂਕਿ ਇੱਥੇ ਆ ਕੇ ਸਾਰੀਆਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ। ਬਾਰਿਸ਼ ਦੇ ਬਾਵਜੂਦ ਵੀ ਸੰਗਤ ਦਾ ਪੂਰਾ ਜੋਸ਼ ਸੀ ਅਤੇ ਪ੍ਰਬੰਧਕ ਕਮੇਟੀ ਵੱਲੋਂ ਵੀ ਪੂਰੀ ਸ਼ਰਧਾ ਨਾਲ ਸੇਵਾ ਕੀਤੀ ਜਾ ਰਹੀ ਸੀ। ਸੰਗਤ ਨੇ ਵੀ ਪੂਰਾ ਸਾਥ ਦਿੱਤਾ ਅਤੇ ਪ੍ਰਬੰਧਕ ਕਮੇਟੀ ਨਾਲ ਸਹਿਯੋਗ ਕੀਤਾ। ਦੁਪਹਿਰ ਨੂੰ ਗੁਰੂ ਦਾ ਲੰਗਰ ਅਤੁੱਟ ਵਰਤਿਆ ਅਤੇ ਸੰਗਤ ਨੂੰ ਪ੍ਰਸ਼ਾਦਿ ਦੇ ਰੂਪ ਵਿਚ ਘਰ ਲੈ ਕੇ ਜਾਣ ਲਈ ਵੀ ਦਿੱਤਾ।
ਇਸ ਦੌਰਾਨ ਪ੍ਰਬੰਧਕੀ ਕਮੇਟੀ ਵੱਲੋਂ ਜਸਵਿੰਦਰ ਸਿੰਘ, ਦੇਵ ਕਿਸ਼ਨ, ਪ੍ਰਦੀਪ ਸਿੰਘ, ਬਿੱਟੂ ਸਰੀਂਹ, ਪਰਮਜੀਤ ਸਿੰਘ ਠੇਕੇਦਾਰ, ਮੱਖਣ ਸਿੰਘ ਜੋਹਲ, ਬਲਵਿੰਦਰ ਸਿੰਘ ਝਾਵਾਂ, ਹਰਬੰਸ ਸਿੰਘ ਰੁੜਕਾ ਅਤੇ ਪਰਿਵਾਰ, ਬੱਬੂ ਕਿਸ਼ਨਪੁਰਾ ਜਲੰਧਰ, ਵਿਜੇ ਕੁਮਾਰ ਟਾਂਡਾ ਨੇ ਸੇਵਾ ਕੀਤੀ।