ਸ਼ਰਧਾ ਅਤੇ ਉਤਸ਼ਾਹ ਨਾਲ ਸੰਗਤਾਂ ਨੇ ਮਨਾਇਆ ਚੂੰਦਗੂੰਦ ਗੋਤਰ ਦੇ ਜਠੇਰਿਆਂ ਦਾ ਸਲਾਨਾ ਮੇਲਾ
ਚੱਬੇਵਾਲ, 28-3-2025 (ਨਰਿੰਦਰ ਕਸ਼ਯਪ) – ਕਸ਼ਯਪ ਰਾਜਪੂਤ ਬਿਰਾਦਰੀ ਦੇ ਚੂੰਦਗੂੰਦ ਗੋਤਰ ਦੇ ਜਠੇਰਿਆਂ ਦਾ ਸਲਾਨਾ ਮੇਲਾ ਪ੍ਰਧਾਨ ਸ਼੍ਰੀ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਚੂੰਦਗੂੰਦ ਗੋਤਰ ਦੇ ਪਰਿਵਾਰਾਂ ਨੇ ਆਪਣੇ ਵੱਡੇ ਵਡੇਰਿਆਂ ਦੇ ਅਸਥਾਨ ਤੇ ਸ਼ਰਧਾ ਨਾਲ ਮੱਥਾ ਟੇਕ ਕੇ ਜਠੇਰਿਆਂ ਦਾ ਅਸ਼ੀਰਵਾਦ ਲਿਆ। ਸਵੇਰ ਤੋਂ ਹੀ ਸੰਗਤਾਂ ਦਾ ਆਉਣਾ ਸ਼ੁਰੂ ਹੋ ਗਿਆ ਸੀ। ਪੰਜਾਬ ਅਤੇ ਦਿੱਲੀ ਦੇ ਵੱਖ ਵੱਖ ਸ਼ਹਿਰਾਂ ਤੋਂ ਸੰਗਤਾਂ ਆਪਣੇ ਜਠੇਰਿਆਂ ਦਾ ਅਸ਼ੀਰਵਾਦ ਲੈਣ ਅਤੇ ਆਪਣੀ ਮਨੋਕਾਮਨਾ ਪੂਰੀ ਹੋਣ ਤੇ ਜਠੇਰਿਆਂ ਦਾ ਧੰਨਵਾਦ ਕਰਨ ਲਈ ਲਾਈਨ ਵਿਚ ਲੱਗ ਕੇ ਮੱਥਾ ਟੇਕ ਰਹੀ ਸੀ।
ਕਸ਼ਯਪ ਰਾਜਪੂਤ ਵੱਡੇ ਵਡੇਰੇ ਜਠੇਰੇ (ਚੂੰਦਗੂੰਦ ਗੋਤਰ) ਕਮੇਟੀ (ਰਜਿ.) ਦੇ ਪ੍ਰਧਾਨ ਸੁਰਿੰਦਰ ਕੁਮਾਰ ਆਪਣੀ ਟੀਮ ਨਾਲ ਸੰਗਤਾਂ ਵਾਸਤੇ ਵਧੀਆ ਪ੍ਰਬੰਧ ਕਰਨ ਲਈ ਪੂਰੀ ਤਰ੍ਹਾਂ ਤਿਆਰ ਸੀ। ਕਮੇਟੀ ਦਾ ਹਰੇਕ ਮੈਂਬਰ ਆਪਣੀ ਜਿੰਮੇਵਾਰੀ ਨਿਭਾਉਂਦੇ ਹੋਏ ਸੰਗਤ ਦੀ ਸੇਵਾ ਕਰ ਰਿਹਾ ਸੀ। ਸੰਗਤਾਂ ਵਾਸਤੇ ਸਵੇਰੇ ਤੋਂ ਹੀ ਚਾਹ ਪਕੌੜਿਆਂ ਦਾ ਲੰਗਰ ਚੱਲ ਰਿਹਾ ਸੀ। ਸਵੇਰੇ 10 ਵਜੇ ਸਾਰੀ ਸੰਗਤ ਨੇ ਮਿਲ ਕੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਕਰਕੇ ਨਿਸ਼ਾਨ ਸਾਹਿਬ ਚੜਾਇਆ। ਇਸ ਤੋਂ ਬਾਅਦ ਕਮੇਟੀ ਮੈਂਬਰਾਂ ਵੱਲੋਂ ਕੰਜਕ ਪੂਜਨ ਕੀਤਾ ਗਿਆ। ਇਸ ਦੌਰਾਨ ਸੰਗਤ ਦਾ ਆਉਣਾ ਲਗਾਤਾਰ ਵੱਧ ਰਿਹਾ ਸੀ ਅਤੇ ਸੰਗਤ ਜਠੇਰਿਆਂ ਦੇ ਅਸਥਾਨ ਤੇ ਮੱਥਾ ਟੇਕ ਕੇ ਅਸ਼ੀਰਵਾਦ ਲੈ ਰਹੀ ਸੀ। ਪ੍ਰਧਾਨ ਸੁਰਿੰਦਰ ਕੁਮਾਰ ਜੀ ਆਉਣ ਵਾਲੀ ਸੰਗਤਾਂ ਦਾ ਸਵਾਗਤ ਕਰਦੇ ਹੋਏ ਸੰਗਤਾਂ ਨੂੰ ਬੇਨਤੀ ਕਰਦੇ ਰਹੇ ਕਿ ਉਹ ਜਠੇਰਿਆਂ ਦੀ ਮਰਿਆਦਾ ਦਾ ਪਾਲਣ ਕਰਦੇ ਹੋਏ ਮੱਥਾ ਟੇਕਣ। ਇਸ ਮੌਕੇ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਕ ਸ਼੍ਰੀ ਨਰਿੰਦਰ ਕਸ਼ਯਪ ਵੀ ਉਚੇਚੇ ਤੌਰ ਤੇ ਸ਼ਾਮਲ ਹੋਏ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਪ੍ਰਬੰਧਕੀ ਕਮੇਟੀ ਵੱਲੋਂ ਉਹਨਾਂ ਨੂੰ ਚੁਨਰੀ ਭੇਂਟ ਕਰਕੇ ਸਨਮਾਨਤ ਵੀ ਕੀਤਾ ਗਿਆ। ਇਸਦੇ ਨਾਲ ਹੀ ਗੜ੍ਹਸ਼ੰਕਰ ਤੋਂ ਡਾ. ਸੁਖਵਿੰਦਰ ਸਿੰਘ ਅਤੇ ਡਾ. ਮੀਨੂੰ ਬਾਲਾ ਨੇ ਸੰਗਤਾਂ ਵਾਸਤੇ ਫ੍ਰੀ ਮੈਡੀਕਲ ਕੈਂਪ ਲਗਾਇਆ। ਉਹਨਾਂ ਸੰਗਤਾਂ ਦਾ ਮੁਫਤ ਚੈਕਅੱਪ ਕੀਤਾ ਅਤੇ ਜਰੂਰਤਮੰਦਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ। ਇਸ ਦੌਰਾਨ ਇਕ ਸ਼ਰਧਾਲੂ ਪਰਿਵਾਰ ਨੇ ਸੰਗਤਾਂ ਵਾਸਤੇ ਆਈਸ ਕ੍ਰੀਮ ਦਾ ਲੰਗਰ ਵੀ ਲਗਾਇਆ।
ਦੁਪਹਿਰ ਨੂੰ ਗੁਰੂ ਦਾ ਅਤੁੱਟ ਲੰਗਰ ਵਰਤਿਆ ਅਤੇ ਸੰਗਤਾਂ ਨੇ ਲਾਈਨ ਵਿਚ ਲੱਗ ਕੇ ਲੰਗਰ ਛਕਿਆ। ਸੇਵਾਦਾਰ ਬੜੀ ਨਿਮਰਤਾ ਨਾਲ ਸੰਗਤ ਦੀ ਸੇਵਾ ਕਰਕੇ ਮਾਣ ਮਹਿਸੂਸ ਕਰ ਰਹੇ ਸੀ। ਬਾਅਦ ਵਿਚ ਸੰਗਤਾਂ ਨੂੰ ਪ੍ਰਸ਼ਾਦਿ ਘਰ ਲਿਜਾਣ ਲਈ ਵੀ ਲੰਗਰ ਦਿੱਤਾ ਗਿਆ। ਸ਼ਾਮ ਨੂੰ ਸੇਵਾ ਕਰਨ ਵਾਲੇ ਸੇਵਾਦਾਰਾਂ ਦੇ ਨਾਮ ਦੀ ਪਰਚੀ ਪਾ ਕੇ ਇਕ ਸਿਲਾਈ ਮਸ਼ੀਨ ਇਨਾਮ ਵਿਚ ਦਿੱਤੀ ਗਈ। ਜਿਸ ਸੇਵਾਦਾਰ ਨੂੰ ਇਨਾਮ ਮਿਲਿਆ ਉਸਨੇ ਬਹੁਤ ਖੁਸ਼ ਹੋ ਕੇ ਕਮੇਟੀ ਦਾ ਧੰਨਵਾਦ ਕੀਤਾ।
ਇਸ ਮੇਲੇ ਦੌਰਾਨ ਪ੍ਰਬੰਧਕੀ ਕਮੇਟੀ ਵੱਲੋਂ ਪ੍ਰਧਾਨ ਸੁਰਿੰਦਰ ਕੁਮਾਰ, ਸਰਪ੍ਰਸਤ ਸਤਨਾਮ ਸਿੰਘ, ਚੇਅਰਮੈਨ ਕਰਮ ਸਿੰਘ, ਸੀਨੀਅਰ ਮੀਤ ਪ੍ਰਧਾਨ ਤਰਸੇਮ ਸਿੰਘ ਚੋਲਾਂਗ, ਜਨਰਲ ਸੈਕਟੀ ਕਮਲ ਦੇਵ, ਸੈਕਟਰੀ ਦਵਿੰਦਰ ਕੁਮਾਰ, ਕੈਸ਼ੀਅਰ ਕੇਵਲ ਸਿੰਘ, ਲੰਗਰ ਇੰਚਾਰਜ ਜਸਬੀਰ ਸਿੰਘ, ਮੈਂਬਰ ਸ਼ਸ਼ਾਂਕ, ਯਸ਼ਪਾਲ ਅਤੇ ਹੋਰ ਵੀ ਮੈਂਬਰਾਂ ਨੇ ਬੜੇ ਹੀ ਵਧੀਆ ਢੰਗ ਨਾਲ ਆਪਣੀ ਜਿੰਮੇਵਾਰੀ ਨਿਭਾਈ। ਮੇਲਾ ਸ਼ਾਮ ਤੱਕ ਚੱਲਦਾ ਰਿਹਾ ਅਤੇ ਸੰਗਤਾਂ ਦੇ ਜਾਣ ਤੋਂ ਬਾਅਦ ਪ੍ਰਬੰਧਕੀ ਕਮੇਟੀ ਨੇ ਸਾਰਾ ਸਮਾਨ ਇਕੱਠਾ ਕਰਕੇ ਸੰਭਾਲਿਆ ਅਤੇ ਮੇਲੇ ਦੀ ਸਫਲਤਾ ਲਈ ਜਠੇਰਿਆਂ ਦਾ ਧੰਨਵਾਦ ਕੀਤਾ।