ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਟਾਕ ਗੋਤਰ ਦੇ ਜਠੇਰਿਆਂ ਦਾ ਸਲਾਨਾ ਮੇਲਾ
ਬਾਬਾ ਬੀਰ ਮੱਲ ਟਾਕ ਜੀ ਦੇ ਦਰਬਾਰ ਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਲਗਵਾਈ ਹਾਜਰੀ

ਜਠੇਰਿਆਂ ਦਾ ਅਸ਼ੀਰਵਾਦ ਲੈਂਦੇ ਹੋਏ ਸੰਗਤਾਂ ਦਾ ਇਕੱਠ
ਸ਼ਾਮ ਚੁਰਾਸੀ -13-10-2024 (ਨਰਿੰਦਰ ਕਸ਼ਯਪ) – ਕਸ਼ਯਪ ਰਾਜਪੂਤ ਦੇ ਟਾਕ ਗੋਤਰ ਦੇ ਜਠੇਰਿਆਂ ਦਾ ਸਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 13 ਅਕਤੂਬਰ 2024 ਨੂੰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਪ੍ਰਧਾਨ ਜਸਵਿੰਦਰ ਸਿੰਘ ਸੱਜਣਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਟਾਕ ਗੋਤਰ ਦੇ ਵੱਡੇ ਵਡੇਰੇ ਬਾਬਾ ਬੀਰ ਮੱਲ ਟਾਕ ਜੀ ਦੇ ਅਸਥਾਨ ਪਿੰਡ ਜੰਡੀ, ਨੇੜੇ ਸ਼ਾਮ ਚੁਰਾਸੀ, ਜਿਲਾ ਹੁਸ਼ਿਆਰਪੁਰ ਵਿਖੇ ਇਹ ਸਲਾਨਾ ਮੇਲਾ ਪ੍ਰਬੰਧਕੀ ਕਮੇਟੀ ਟਾਕ ਜਠੇਰੇ ਵੱਲੋਂ ਕਰਵਾਇਆ ਗਿਆ। ਇਸ ਮੌਕੇ ਦੂਰ ਦੂਰ ਤੋਂ ਸੰਗਤ ਆਪਣੇ ਵੱਡੇ ਵਡੇਰਿਆਂ ਦਾ ਅਸ਼ੀਰਵਾਦ ਲੈਣ ਲਈ ਪੁੱਜੀ। ਸੰਗਤਾਂ ਸਵੇਰ ਤੋਂ ਹੀ ਆਪਣੇ ਜਠੇਰਿਆਂ ਦਾ ਅਸ਼ੀਰਵਾਦ ਲੈਣ ਲਈ ਪੁੱਜਣੀਆਂ ਸ਼ੁਰੂ ਹੋ ਗਈਆਂ ਸੀ। ਪ੍ਰਬੰਧਕੀ ਕਮੇਟੀ ਵੱਲੋਂ ਸੰਗਤਾਂ ਵਾਸਤੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਗਿਆ ਸੀ। ਆਉਣ ਵਾਲੀ ਸੰਗਤ ਲਈ ਸਵੇਰੇ ਗਰਮਾ-ਗਰਮ ਚਾਹ ਪਕੌੜਿਆਂ ਦਾ ਲੰਗਰ ਚੱਲਦਾ ਰਿਹਾ।
ਸੰਗਤ ਲਾਈਨਾਂ ਵਿਚ ਲੱਗ ਕੇ ਆਪਣੇ ਜਠੇਰਿਆਂ ਦੇ ਅਸਥਾਨ ਤੇ ਮੱਥਾ ਟੇਕ ਕੇ ਅਸ਼ੀਰਵਾਦ ਲੈ ਰਹੀ ਸੀ। ਪ੍ਰਬੰਧਕੀ ਕਮੇਟੀ ਅਤੇ ਸੰਗਤ ਨੇ ਮਿਲ ਕੇ ਸਵੇਰੇ ਦਰਬਾਰ ਵਿਚ ਝੰਡਾ ਚੜਾਇਆ। ਸੰਗਤਾਂ ਆਟੇ ਦੇ ਦੀਵੇ ਜਠੇਰਿਆਂ ਦੇ ਅਸਥਾਨ ਤੇ ਜਗਾ ਕੇ ਆਪਣੀ ਮਨੋਕਾਮਨਾ ਪੂਰੀ ਕਰਨ ਲਈ ਅਰਦਾਸਾਂ ਕਰ ਰਹੀਆਂ ਸੀ। ਕਮੇਟੀ ਵੱਲੋਂ ਆਈ ਹੋਈ ਸੰਗਤ ਦੀ ਗੱਡੀਆਂ ਦੀ ਪਾਰਕਿੰਗ, ਜੋੜੇ ਜਮਾ ਕਰਣ ਲਈ ਜੋੜਾ ਘਰ, ਮੱਥਾ ਟੇਕਣ ਲਈ ਵੀ ਲਾਈਨ ਲਗਾਉਣ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਸੀ। ਹਾਲ ਦੇ ਵਿਚ ਆਏ ਹੋਏ ਗਾਇਕ ਜਠੇਰਿਆਂ ਦਾ ਗੁਣਗਾਣ ਕਰ ਰਹੇ ਸੀ ਜਿੱਥੇ ਬਹੁਤ ਸਾਰੇ ਕਲਾਕਾਰਾਂ ਨੇ ਆਪਣੀ ਹਾਜਰੀ ਲਗਵਾਈ। ਬਾਹਰ ਲੰਗਰ ਖਾਣ ਅਤੇ ਵਰਤਾਉਣ ਦਾ ਪ੍ਰਬੰਧ ਵੀ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ ਸੀ। ਕੜੀ ਪਕੌੜੇ, ਦਾਲ, ਚਿੱਟੇ ਛੋਲੇ, ਕੜਾਹ ਪ੍ਰਸ਼ਾਦਿ, ਚਾਵਲ, ਰੁਮਾਲੀ ਰੋਟੀ ਅਤੇ ਜਲੇਬੀਆਂ ਦਾ ਲੰਗਰ ਸੰਗਤਾਂ ਨੂੰ ਵਰਤਾਇਆ ਗਿਆ। ਇਸ ਤੋਂ ਅਲਾਵਾ ਘਰ ਪ੍ਰਸ਼ਾਦਿ ਲੈ ਕੇ ਜਾਣ ਲਈ ਵੀ ਪੈਕ ਕਰਕੇ ਦਿੱਤਾ ਗਿਆ।

ਨਸਰਾਲਾ ਦੇ ਸਰਪੰਚ ਜਰਨੈਲ ਸਿੰਘ ਨੂੰ ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ

ਸੱਜਣਾਂ ਪਿੰਡ ਦੇ ਦੇ ਸਰਪੰਚ ਪਰਵਿੰਦਰ ਸਿੰਘ ਨੂੰ ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ

ਹਰਪ੍ਰੀਤ ਸਿੰਘ ਧਾਮੀ ਨੂੰ ਸਨਮਾਨਤ ਕਰਦੇ ਹੋਏ ਪ੍ਰਬੰਧਕੀ ਕਮੇਟੀ

ਕਸ਼ਯਪ ਰਾਜਪੂਤ ਵੈਬਸਾਈਟ ਦੇ ਮਾਲਕ ਨਰਿੰਦਰ ਕਸ਼ਯਪ ਨੂੰ ਸਨਮਾਨਤ ਕਰਦੇ ਹੋਏ
ਬਾਬਾ ਬੀਰ ਮੱਲ ਟਾਕ ਜੀ ਦਾ ਅਸਥਾਨ ਪਿੰਡ ਜੰਡੀ, ਜਿਲਾ ਹੁਸ਼ਿਆਰਪੁਰ ਵਿਖੇ ਸਥਿਤ ਹੈ। ਇਹ ਅਸਥਾਨ ਸ਼ਾਮ ਚੁਰਾਸੀ ਪਿੰਡ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਬਣਿਆ ਹੈ ਜਿੱਥੇ ਬਾਬਾ ਜੀ ਦਾ ਬਹੁਤ ਸੁੰਦਰ ਭਵਨ ਬਣਿਆ ਹੋਇਆ ਹੈ। ਇਸਦੇ ਨਾਲ ਹੀ ਲੰਗਰ ਹਾਲ ਵੀ ਪੱਕਾ ਤਿਆਰ ਕੀਤਾ ਗਿਆ ਹੈ ਅਤੇ ਸੰਗਤ ਦੇ ਬੈਠਣ ਵਾਸਤੇ ਬਰਾਮਦਾ ਵੀ ਬਣਿਆ ਹੋਇਆ ਹੈ। ਲੰਗਰ ਦਾ ਸਮਾਨ ਰੱਖਣ ਲਈ ਵੀ ਸਟੋਰ ਬਣਿਆ ਹੈ। ਲੈਟਰੀਨ ਬਾਥਰੂਮ ਪੱਕੇ ਬਣੇ ਹੋਏ ਹਨ। ਸੰਗਤ ਦੇ ਸਹਿਯੋਗ ਨਾਲ ਪ੍ਰਬੰਧਕੀ ਕਮੇਟੀ ਨੇ ਇਥੇ ਸਾਰੇ ਪ੍ਰਬੰਧ ਵਧੀਆ ਕੀਤੇ ਹੋਏ ਹਨ। ਪਿਛਲੇ ਸਾਲ ਜਠੇਰਿਆਂ ਦੇ ਅਸਥਾਨ ਨੂੰ ਜਾਣ ਵਾਲੇ ਰਾਸਤੇ ਤੇ ਵੀ ਇੰਟਰਲੋਕ ਟਾਈਲਾਂ ਲਗਾ ਦਿੱਤੀਆਂ ਗਈਆਂ ਹਨ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ. ਡਾ. ਰਵਜੋਤ ਸਿੰਘ ਦੇ ਦਫਤਰ ਇੰਚਾਰਜ ਹਰਪ੍ਰੀਤ ਸਿੰਘ ਧਾਮੀ, ਸੱਜਣਾਂ ਪਿੰਡ ਦੇ ਸਰਪੰਚ ਪਰਵਿੰਦਰ ਸਿੰਘ, ਨਸਰਾਲਾ ਦੇ ਸਰਪੰਚ ਜਰਨੈਲ ਸਿੰਘ ਸ਼ਾਮਲ ਹੋਏ ਜਿਹਨਾਂ ਨੂੰ ਕਮੇਟੀ ਵੱਲੋਂ ਯਾਦਗਾਰ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਪ੍ਰਬੰਧਕੀ ਕਮੇਟੀ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਸੱਜਣਾਂ ਨੇ ਕਸ਼ਯਪ ਰਾਜਪੂਤ ਵੈਬਸਾਈਟ ਅਤੇ ਕਸ਼ਯਪ ਕ੍ਰਾਂਤੀ ਪੱਤ੍ਰਿਕਾ ਦੇ ਮਾਲਕ ਨਰਿੰਦਰ ਕਸ਼ਯਪ ਨੂੰ ਵੀ ਉਚੇਚੇ ਤੌਰ ਤੇ ਪੁਜੱਣ ਲਈ ਸਨਮਾਨਤ ਕੀਤਾ। ਪ੍ਰਬੰਧਕੀ ਕਮੇਟੀ ਵੱਲੋਂ ਜਸਵਿੰਦਰ ਸਿੰਘ ਸੱਜਣਾ, ਮੋਹਣ ਸਿੰਘ, ਸੁੱਚਾ ਸਿੰਘ, ਜਸਵਿੰਦਰ ਸਿੰਘ ਟਾਕ, ਜੀਤ ਰਾਮ, ਅਜਮੇਰ ਸਿੰਘ, ਕੁਲਦੀਪ ਸਿੰਘ ਅਤੇ ਹਰਪ੍ਰੀਤ ਕੌਰ ਨੇ ਸਾਰਾ ਪ੍ਰਬੰਧਕ ਬਹੁਤ ਹੀ ਵਧੀਆ ਢੰਗ ਨਾਲ ਸੰਭਾਲਿਆ ਅਤੇ ਆਪਣੀ ਜਿੰਮੇਵਾਰੀ ਨਿਭਾਈ। ਮੇਲਾ ਸ਼ਾਮ ਤੱਕ ਚੱਲਦਾ ਰਿਹਾ ਅਤੇ ਸੰਗਤ ਆਪਣੇ ਜਠੇਰਿਆਂ ਦਾ ਅਸ਼ੀਰਵਾਦ ਲੈ ਕੇ ਆਪਣੇ ਘਰਾਂ ਨੂੰ ਵਾਪਸ ਗਈ।

ਪੰਡਾਲ ਵਿਚ ਸੰਗਤਾਂ ਦਾ ਵੱਡਾ ਇਕੱਠ
