ਸਵਰਣ ਸਿੰਘ ਡੱਡੀਆਂ ਦੀ ਧਰਮਪਤਨੀ ਸ਼੍ਰੀਮਤੀ ਕੈਲਾਸ਼ ਕੌਰ ਨੂੰ ਦਿੱਤੀ ਨਿੱਘੀ ਸ਼ਰਧਾਂਜਲੀ
ਸਾਬਕਾ ਐਮ.ਐਲ.ਏ. ਸੰਗਤ ਸਿੰਘ ਗਿਲਜੀਆਂ ਤੇ ਸਭਾਵਾਂ ਦੇ ਮੈਂਬਰਾਂ ਨੇ ਕੀਤਾ ਦੁੱਖ ਸਾਂਝਾ
ਸਵਰਣ ਸਿੰਘ ਡੱਡੀਆਂ ਨਾਲ ਦੁੱਖ ਸਾਂਝਾ ਕਰਦੇ ਹੋਏ ਟਾਂਡਾ ਸਭਾ ਦੇ ਮੈਂਬਰ
ਟਾਂਡਾ, 28-12-2024 (ਕ.ਕ.ਪ.) – ‘‘ਕਸ਼ਯਪ ਰਾਜਪੂਤ ਸਭਾ ਬਲਾਕ ਟਾਂਡਾ ਦੇ ਪ੍ਰਧਾਨ ਸ. ਸਵਰਣ ਸਿੰਘ ਡੱਡੀਆਂ ਦਾ ਸਮਾਜ ਸੇਵਾ ਵਿਚ ਬਹੁਤ ਵੱਡਾ ਯੋਗਦਾਨ ਹੈ। ਟਾਂਡਾ ਵਿਖੇ ਬਣੀ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਯਾਦਗਾਰ ਬਨਾਉਣ ਵਿਚ ਸਭ ਤੋਂ ਵੱਧ ਇਹਨਾਂ ਦਾ ਯੋਗਦਾਨ ਹੈ। ਪਿੰਡ ਦੇ ਕੰਮਾਂ ਨੂੰ ਲੈ ਕੇ ਵੀ ਇਹ ਹਮੇਸ਼ਾ ਮੋਹਰੀ ਰਹੇ ਹਨ। ਇਹਨਾਂ ਸਭ ਕੰਮਾਂ ਵਿਚ ਜਿੱਥੇ ਸਵਰਣ ਸਿੰਘ ਡੱਡੀਆਂ ਨੇ ਅੱਗੇ ਹੋ ਕੇ ਕੰਮ ਕੀਤਾ ਹੈ ਉਥੇ ਇਹਨਾਂ ਦਾ ਸਾਥ ਇਹਨਾਂ ਦੀ ਧਰਮਪਤਨੀ ਸ਼੍ਰੀਮਤੀ ਕੈਲਾਸ਼ ਕੌਰ ਨੇ ਨਿਭਾਇਆ ਹੈ। ਇਹ ਸ਼੍ਰੀਮਤੀ ਕੈਲਾਸ਼ ਕੌਰ ਦੀ ਪ੍ਰੇਰਣਾ ਅਤੇ ਸਾਥ ਦਾ ਹੀ ਨਤੀਜਾ ਹੈ ਕਿ ਸਵਰਣ ਸਿੰਘ ਡੱਡੀਆਂ ਨੇ ਸਮਾਜ ਸੇਵਾ ਵਿਚ ਮੋਹਰੀ ਬਣ ਕੇ ਸੇਵਾ ਨਿਭਾਈ। ਅੱਜ ਆਪਣੀ ਜੀਵਨ ਸਾਥਣ ਦੇ ਚਲੇ ਜਾਣ ਦੇ ਨਾਲ ਸਰਵਣ ਸਿੰਘ ਡੱਡੀਆਂ ਇਕੱਲੇ ਹੋ ਗਏ। ਦੁੱਖ ਦੀ ਇਸ ਘੜੀ ਵਿਚ ਸਾਰਾ ਪਿੰਡ, ਕਸ਼ਯਪ ਸਮਾਜ ਅਤੇ ਇਲਾਕੇ ਦੇ ਲੋਕ ਇਹਨਾਂ ਨਾਲ ਖੜੇ ਹਨ।’’ ਇਹਨਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਐਮ.ਐਲ.ਏ. ਸੰਗਤ ਸਿੰਘ ਗਿਲਜੀਆਂ ਨੇ ਸਵਰਣ ਸਿੰਘ ਡੱਡੀਆਂ ਦੀ ਧਰਮਪਤਨੀ ਸ਼੍ਰੀਮਤੀ ਕੈਲਾਸ਼ ਕੌਰ ਦੇ ਨਮਿਤ ਰੱਖੇ ਗਏ ਪਾਠ ਦੇ ਭੋਗ ਮੌਕੇ ਕੀਤਾ।
ਸ਼੍ਰੀਮਤੀ ਕੈਲਾਸ਼ ਕੌਰ ਆਪਣੀ ਸੁਆਸਾਂ ਦੀ ਪੂੰਜੀ ਨੂੰ ਭੋਗਦੇ ਹੋਏ 20 ਨਵੰਬਰ 2024 ਨੂੰ ਇੰਗਲੈਂਡ ਦੇ ਕੁਵੈਂਟਰੀ ਸ਼ਹਿਰ ਵਿਖੇ ਸਵਰਗਵਾਸ ਹੋ ਗਏ ਸੀ। ਉਥੇ ਹੀ ਨਿਯਮਾਂ ਅਨੁਸਾਰ ਇਹਨਾਂ ਦਾ ਅੰਤਿਮ ਸੰਸਕਾਰ 13 ਦਿਸੰਬਰ 2024 ਨੂੰ ਇੰਗਲੈਂਡ ਵਿਖੇ ਹੀ ਸਵੇਰੇ 11.15 ਵਜੇ ਕੀਤਾ ਗਿਆ। ਉਸੇ ਦਿਨ ਹੀ ਸਹਿਜ ਪਾਠ ਦਾ ਭੋਗ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਕੁਵੈਂਟਰੀ ਵਿਖੇ ਪਾਇਆ ਗਿਆ। ਸਵਰਣ ਸਿੰਘ ਡੱਡੀਆਂ ਅਤੇ ਸ਼੍ਰੀਮਤੀ ਕੈਲਾਸ਼ ਕੌਰ ਆਪਣੇ ਬੱਚਿਆਂ ਨੂੰ ਮਿਲਣ ਲਈ ਥੋੜੇ ਦਿਨ ਪਹਿਲਾਂ ਹੀ ਇੰਗਲੈਂਡ ਗਏ ਸੀ, ਜਿੱਥੇ ਇਹ ਦੁਖਦਾਈ ਘਟਨਾ ਵਾਪਰ ਗਈ। ਇਸ ਦੁਖਦ ਖਬਰ ਬਾਰੇ ਪਤਾ ਲੱਗਣ ਤੇ ਬਹੁਤ ਸਾਰੇ ਸੱਜਣਾਂ ਨੇ ਸਵਰਣ ਸਿੰਘ ਡੱਡੀਆਂ ਨਾਲ ਫੋਨ ਤੇ ਦੁੱਖ ਸਾਂਝਾ ਕੀਤਾ।
ਉਸ ਤੋਂ ਬਾਅਦ ਸਵਰਣ ਸਿੰਘ ਡੱਡੀਆਂ ਦੇ ਆਪਣੇ ਪਿੰਡ ਵਾਪਸ ਆਉਣ ਤੇ 28-12-2024 ਨੂੰ ਇਹਨਾਂ ਨੇ ਨਿਵਾਸ ਅਸਥਾਨ ਤੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ। ਉਪਰੰਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਪਿੰਡ ਦੇ ਹੀ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ। ਇਸ ਮੌਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਕਸ਼ਯਪ ਰਾਜਪੂਤ ਬਲਾਕ ਟਾਂਡਾ ਦੇ ਜਨਰਲ ਸਕੱਤਰ ਜਗਦੀਸ਼ ਸਿੰਘ ਲਾਂਬਾ, ਕੈਸ਼ੀਅਰ ਬਸੰਤ ਖਨਮੋਤਰਾ, ਤਰਸੇਮ ਲਾਲ ਪੱਪੂ, ਰਮੇਸ਼ ਖਨਮੋਤਰਾ, ਦੇਸ ਰਾਜ, ਬਚਨ ਸਿੰਘ, ਅਵਤਾਰ ਸਿੰਘ ਬੁੱਢੀਪਿੰਡ, ਦਸੂਹਾ ਤੋਂ ਕੁੰਦਨ ਲਾਲ ਸਨੋਤਰਾ, ਟੌਪ ਨਿਊਜ਼ ਦੇ ਮਾਲਕ ਸਤਿੰਦਰ ਰਾਜਾ ਤੋਂ ਅਲਾਵਾ ਰਿਸ਼ੇਤਦਾਰ, ਹੋਰ ਸਭਾਵਾਂ ਦੇ ਮੈਂਬਰ, ਸਮਾਜਿਕ ਅਤੇ ਰਾਜਨੀਤਿਕ ਆਗੂ ਸ਼ਾਮਲ ਹੋਏ ਅਤੇ ਬਹੁਤ ਸਾਰੀਆਂ ਸਭਾਵਾਂ ਨੇ ਸ਼ੋਕ ਸੰਦੇਸ਼ ਭੇਜੇ।
ਸ਼੍ਰੀਮਤੀ ਕੈਲਾਸ਼ ਕੌਰ ਅਤੇ ਸਵਰਣ ਸਿੰਘ ਡੱਡੀਆਂ ਦੇ ਦੋ ਸਪੁੱਤਰ ਗੁਰਵਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਇੰਗਲੈਂਡ ਅਤੇ ਸਪੇਨ ਵਿਚ ਆਪਣੇ ਪਰਿਵਾਰਾਂ ਨਾਲ ਸੈਟਲ ਹਨ ਜਦਕਿ ਬੇਟੀ ਸੁਰਿੰਦਰ ਕੌਰ ਇਬ੍ਰਾਹੀਮਵਾਲ ਵਿਆਹੀ ਹੋਈ ਹੈ। ਇਸੇ ਸਾਲ ਹੀ ਸਵਰਣ ਸਿੰਘ ਅਤੇ ਕੈਲਾਸ਼ ਕੌਰ ਨੇ ਆਪਣੇ ਵਿਆਹਤਾ ਜਿੰਦਗੀ ਦੇ 50 ਸਾਲ ਪੂਰੇ ਕੀਤੇ ਸੀ।
ਦੁੱਖ ਦੀ ਇਸ ਘੜੀ ਵਿਚ ਅਦਾਰਾ ਕਸ਼ਯਪ ਕ੍ਰਾਂਤੀ ਅਤੇ ਕਸ਼ਯਪ ਰਾਜਪੂਤ ਵੈਬਸਾਈਟ ਆਪਣੇ ਸਾਥੀ ਸਵਰਣ ਸਿੰਘ ਡੱਡੀਆਂ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੈ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਣਾਂ ਵਿਚ ਨਿਵਾਸ ਬਖਸ਼ਿਸ਼ ਕਰਨ।