ਸ਼ਹੀਦੀ ਜੋੜ ਮੇਲੇ ਦੌਰਾਨ ਬਾਬਾ ਮੋਤੀ ਰਾਮ ਮਹਿਰਾ ਦੀ ਯਾਦਗਾਰ ਵਿਖੇ ਵੱਡੀ ਗਿਣਤੀ ਵਿਚ ਜੁੜੀਆਂ ਸੰਗਤਾਂ
ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਦੁੱਧ ਪਿਲਾਉਣ ਵਾਲੇ ਗਲਾਸਾਂ ਦੇ ਕੀਤੇ ਦਰਸ਼ਨ
ਬਾਬਾ ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਉਤਰ ਪ੍ਰਦੇਸ਼ ਦੇ ਐਮ.ਐਲ.ਸੀ. ਕਿਰਨਪਾਲ ਕਸ਼ਯਪ
ਫਤਿਹਗੜ੍ਹ ਸਾਹਿਬ, 26-12-2024 (ਨਰਿੰਦਰ ਕਸ਼ਯਪ) – ਸਰਹਿੰਦ ਦੀ ਧਰਤੀ ਤੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਯਾਦ ਵਿਚ ਚੱਲ ਰਹੇ ਸਲਾਨਾ ਸ਼ਹੀਦੀ ਜੋੜ ਮੇਲੇ ਦੌਰਾਨ ਲੱਖਾਂ ਦੀ ਗਿਣਤੀ ਵਿਚ ਸ਼ਰਧਾਲੂ ਆਪਣੀ ਹਾਜਰੀ ਭਰਨ ਲਈ ਸ਼ਾਮਲ ਹੋ ਰਹੇ ਹਨ। 25 ਦਿਸੰਬਰ ਤੋਂ ਸ਼ੁਰੂ ਹੋਏ ਸ਼ਹੀਦੀ ਜੋੜ ਮੇਲੇ ਦੌਰਾਨ ਜਿੱਥੇ ਸੰਗਤਾਂ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਪ੍ਰਣਾਮ ਕਰ ਰਹੇ ਹਨ ਉਥੇ ਨਾਲ ਹੀ ਉਹਨਾਂ ਨੂੰ ਠੰਡੇ ਬੁਰਜ ਵਿਚ ਕੈਦ ਸਮੇਂ ਗਰਮ ਦੁੱਧ ਦੀ ਸੇਵਾ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕਰ ਰਹੇ ਹਨ। ਇਸ ਦੁੱਧ ਦੀ ਸੇਵਾ ਕਰਨ ਬਦਲੇ ਬਾਬਾ ਮੋਤੀ ਰਾਮ ਮਹਿਰਾ ਦੇ ਪੂਰੇ ਪਰਿਵਾਰ ਨੂੰ ਕੋਹਲੂ ਵਿਚ ਪੀੜ੍ਹ ਕੇ ਸ਼ਹੀਦ ਕਰ ਦਿੱਤਾ ਗਿਆ ਸੀ।
ਬਾਬਾ ਮੋਤੀ ਰਾਮ ਮਹਿਰਾ ਦੀ ਯਾਦ ਵਿਚ ਬਣੀ ਯਾਦਗਾਰ ਵਿਖੇ ਸੰਗਤਾਂ ਵੱਡੀ ਗਿਣਤੀ ਵਿਚ ਪਹੁੰਚੀਆਂ ਅਤੇ ਉਹਨਾਂ ਬਾਬਾ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਨੂੰ ਯਾਦ ਕੀਤਾ। ਲੰਮੀਆਂ ਲੰਮੀਆਂ ਲਾਈਨਾਂ ਵਿਚ ਲੱਗ ਕੇ ਸੰਗਤਾਂ ਨੇ ਮੱਥਾ ਟੇਕਿਆ ਅਤੇ ਉਹਨਾਂ ਗਲਾਸਾਂ ਦੇ ਦਰਸ਼ਨ ਵੀ ਕੀਤੇ ਜਿਹਨਾਂ ਵਿਚ ਬਾਬਾ ਮੋਤੀ ਰਾਮ ਮਹਿਰਾ ਨੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਤਿੰਨ ਰਾਤਾਂ ਗਰਮ ਦੁੱਧ ਦੀ ਸੇਵਾ ਕੀਤੀ ਸੀ। ਇਸ ਦੌਰਾਨ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਵਿਖੇ ਲਗਾਤਾਰ ਧਾਰਮਿਕ ਦੀਵਾਨ ਚੱਲ ਰਹੇ ਹਨ ਜਿੱਥੇ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ ਅਤੇ ਨਾਲ ਹੀ ਬਾਬਾ ਮੋਤੀ ਰਾਮ ਮਹਿਰਾ ਦੀ ਸੇਵਾ ਅਤੇ ਕੁਰਬਾਨੀ ਬਾਰੇ ਦੱਸਿਆ ਜਾ ਰਿਹਾ ਹੈ। ਦੂਜੇ ਦਿਨ ਦੇ ਦੀਵਾਨਾਂ ਵਿਚ ਬੀਬੀ ਪ੍ਰਕਾਸ਼ ਕੌਰ ਖਾਲਸਾ, ਗਿਆਨੀ ਪਰਮਜੀਤ ਸਿੰਘ ਪਾਰਸ, ਬੀਬੀ ਸੁਰਿੰਦਰ ਕੌਰ, ਭਾਈ ਸ਼ਮਸ਼ੇਰ ਸਿੰਘ ਘੁੰਗਰਾਲੀ, ਮਹਿੰਦਰ ਸਿੰਘ ਜੋਸ਼ੀਲਾ, ਅਮਰਦੀਪ ਕੌਰ, ਗੁਰਜੀਤ ਸਿੰਘ, ਕਰਨੈਲ ਸਿੰਘ ਰਾਣਾ, ਭਾਈ ਦਲੇਰ ਸਿੰਘ ਆਦਿ ਢਾਡੀ, ਰਾਗੀ, ਕਵੀਸ਼ਰਾਂ, ਕੀਰਤਨੀਆਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਸਰਹਿੰਦ ਦੀ ਧਰਤੀ ਦੇ ਇਤਿਹਾਸ ਨਾਲ ਜੋੜਿਆ।
ਇਸ ਦੌਰਾਨ ਵੱਖ ਵੱਖ ਪਿੰਡਾਂ ਦੀ ਸੰਗਤਾਂ ਵੱਲੋਂ ਲਗਾਤਾਰ ਗਰਮ ਦੁੱਧ ਦੇ ਨਾਲ ਨਾਲ ਬ੍ਰੈਡ, ਰਸ ਅਤੇ ਬਿਸਕੁਟ ਦੇ ਲੰਗਰ ਦੀ ਸੇਵਾ ਕੀਤੀ ਗਈ। ਇਸ ਮੌਕੇ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਕਿਹਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੀ ਕੁਰਬਾਨੀ ਨੂੰ ਹੁਣ ਸਾਰੀ ਦੁਨੀਆ ਜਾਣਦੀ ਹੈ। ਟਰੱਸਟ ਵੱਲੋਂ ਇਥੇ ਆਉਣ ਵਾਲੀ ਸੰਗਤ ਦੇ ਲਈ ਲੰਗਰ ਅਤੇ ਰਿਹਾਇਸ਼ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਅੱਜ ਉਚੇਚੇ ਤੌਰ ਤੇ ਪਹੁੰਚੇ ਉਤਰ ਪ੍ਰਦੇਸ਼ ਤੋਂ ਕਸ਼ਯਪ ਸਮਾਜ ਦੇ ਨੇਤਾ ਅਤੇ ਐਮ.ਐਲ.ਸੀ. ਕਿਰਨਪਾਲ ਕਸ਼ਯਪ ਅਤੇ ਉਹਨਾਂ ਦੇ ਪੁੱਤਰ ਦਾ ਟਰੱਸਟ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਖਦੇਵ ਸਿੰਘ ਰਾਜ, ਨਿਰਮਲ ਸਿੰਘ ਮੀਨੀਆ, ਪਰਮਜੀਤ ਸਿੰਘ ਠੇਕੇਦਾਰ, ਸਰਪ੍ਰਸਤ ਜੱਥੇਦਾਰ ਸੁਖਬੀਰ ਸਿੰਘ ਸ਼ਾਲੀਮਾਰ, ਸੈਕਟਰੀ ਗੁਰਮੀਤ ਸਿੰਘ ਮੋਰਿੰਡਾ, ਕੈਸ਼ੀਅਰ ਜਸਪਾਲ ਸਿੰਘ, ਬਲਦੇਵ ਸਿੰਘ ਦੋਸਾਂਝ, ਨਵਜੋਤ ਸਿੰਘ, ਰਾਜ ਕੁਮਾਰ ਪਾਤੜਾਂ, ਪਰਮਜੀਤ ਸਿੰਘ ਖੰਨਾ, ਅਮੀਚੰਦ ਮਾਛੀਵਾੜਾ, ਬਲਜਿੰਦਰ ਕੌਰ ਪ੍ਰਧਾਨ ਮਹਿਲਾ ਵਿੰਗ, ਗੁਰਦੇਵ ਸਿੰਘ ਨਾਭਾ, ਜੋਗਿੰਦਰਪਾਲ ਸਿੰਘ ਆਦਿ ਮੈਂਬਰ ਆਪਣੀ ਜਿੰਮੇਵਾਰੀ ਪੂਰੀ ਸ਼ਰਧਾ ਨਾਲ ਨਿਭਾ ਰਹੇ ਸਨ। ਕਸ਼ਯਪ ਰਾਜਪੂਤ ਵੈਬਸਾਈਟ ਦੇ ਮਾਲਕ ਨਰਿੰਦਰ ਕਸ਼ਯਪ ਵੀ ਉਚੇਚੇ ਤੌਰ ਤੇ ਹਾਜਰੀ ਲਗਵਾਉਣ ਲਈ ਪਹੁੰਚੇ। ਟਰੱਸਟ ਵੱਲੋਂ ਆਈ ਹੋਈ ਸੰਗਤ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਸ਼ਹੀਦੀ ਦੀ ਜਾਣਕਾਰੀ ਵਾਲੀ ਨਵੇਂ ਸਾਲ 2025 ਦੀ ਜੰਤਰੀ ਵੀ ਵੰਡੀ ਗਈ।