You are currently viewing Kashyap Rajput Sabha Tanda Started Free Charitable Dispensary in The Memory of Late Smt. Kailash Kaur

Kashyap Rajput Sabha Tanda Started Free Charitable Dispensary in The Memory of Late Smt. Kailash Kaur

ਕਸ਼ਯਪ ਰਾਜਪੂਤ ਸਭਾ ਟਾਂਡਾ ਵੱਲੋਂ ਪ੍ਰਧਾਨ ਸਵਰਣ ਸਿੰਘ ਡੱਡੀਆਂ ਦੀ ਸਵਰਗਵਾਸੀ ਧਰਮਪਤਨੀ ਮਾਤਾ ਕੈਲਾਸ਼ ਕੌਰ ਦੀ ਯਾਦ ਵਿਚ ਚੈਰੀਟੇਬਲ ਡਿਸਪੈਂਸਰੀ ਦੀ ਸ਼ੁਰੂਆਤ

ਸੰਤ ਬਾਬਾ ਸਤਨਾਮ ਸਿੰਘ, ਐਮ.ਐਲ.ਏ. ਜਸਵੀਰ ਸਿੰਘ ਰਾਜਾ ਅਤੇ ਸਵਰਣ ਸਿੰਘ ਡੱਡੀਆਂ ਨੇ ਕੀਤਾ ਉਦਘਾਟਨ

ਮਾਤਾ ਕੈਲਾਸ਼ ਕੌਰ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਕਰਦੇ ਹੋਏ ਸੰਤ ਬਾਬਾ ਸਤਨਾਮ ਸਿੰਘ, ਐਮ.ਐਲ.ਏ. ਜਸਵੀਰ ਸਿੰਘ ਰਾਜਾ ਅਤੇ ਪ੍ਰਧਾਨ ਸਵਰਣ ਸਿੰਘ ਡੱਡੀਆਂ

ਟਾਂਡਾ, 20-4-2025 (ਨਰਿੰਦਰ ਕਸ਼ਯਪ) – ਮਨੁੱਖਤਾ ਦੀ ਸੇਵਾ ਵੱਲ ਇਕ ਹੋਰ ਕਦਮ ਅੱਗੇ ਵਧਾਉਂਦੇ ਹੋਏ ਕਸ਼ਯਪ ਰਾਜਪੂਤ ਸਭਾ ਟਾਂਡਾ ਨੇ ਮਾਤਾ ਕੈਲਾਸ਼ ਕੌਰ ਦੀ ਯਾਦ ਵਿਚ ਇਕ ਫ੍ਰੀ ਚੈਰੀਟੇਬਲ ਡਿਸਪੈਂਸਰੀ ਦੀ ਸ਼ੁਰੂਆਤ ਕੀਤੀ। ਸਭਾ ਵੱਲੋਂ ਬਣਾਏ ਗਏ ਗੁਰਦੁਆਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਵਿਖੇ ਮਾਤਾ ਕੈਲਾਸ਼ ਕੌਰ ਚੈਰੀਟੇਬਲ ਡਿਸਪੈਂਸਰੀ ਦਾ ਉਦਘਾਟਨ ਨਰੂੜ ਵਾਲੇ ਸੰਤ ਬਾਬਾ ਸਤਨਾਮ ਸਿੰਘ, ਇਲਾਕੇ ਦੇ ਐਮ.ਐਲ.ਏ. ਜਸਵੀਰ ਸਿੰਘ ਰਾਜਾ ਅਤੇ ਪ੍ਰਧਾਨ ਸਵਰਣ ਸਿੰਘ ਡੱਡੀਆਂ ਨੇ ਕੀਤਾ। ਇਸ ਮੌਕੇ ਆਰ.ਐਸ. ਗਾਂਧੀ ਹੈਲਪਿੰਡ ਹੈਂਡਸ ਹਸਪਤਾਲ ਆਦਮਪੁਰ ਦੇ ਮੈਨੇਜਿੰਗ ਡਾਇਰੈਕਟਰ ਸੰਜੀਵ ਯੋਗੀ ਅਤੇ ਉਹਨਾਂ ਦੀ ਟੀਮ ਨੇ ਆਏ ਹੋਏ ਲੋੜਵੰਦਾਂ ਦੇ ਫ੍ਰੀ ਟੈਸਟ ਕੀਤੇ ਅਤੇ ਜਰੂਰਤਮੰਦਾਂ ਨੂੰ ਦਵਾਈ ਵੀ ਦਿੱਤੀ। ਇਹ ਡਿਸਪੈਂਸਰੀ ਕਸ਼ਯਪ ਰਾਜਪੂਤ ਸਭਾ ਟਾਂਡਾ ਦੇ ਪ੍ਰਧਾਨ ਸਵਰਣ ਸਿੰਘ ਡੱਡੀਆਂ ਦੀ ਧਰਮਪਤਨੀ ਸਵਰਗਵਾਸੀ ਸ਼੍ਰੀਮਤੀ ਕੈਲਾਸ਼ ਕੌਰ ਦੀ ਯਾਦ ਵਿਚ ਬਣਾਈ ਗਈ ਹੈ, ਜਿਸਨੂੰ ਸ਼ੁਰੂ ਕਰਨ ਲਈ ਸਵਰਣ ਸਿੰਘ ਡੱਡੀਆਂ ਦਾ ਵੱਡਾ ਯੋਗਦਾਨ ਹੈ। ਸ਼੍ਰੀਮਤੀ ਕੈਲਾਸ਼ ਕੌਰ ਪਿਛਲੇ ਸਾਲ ਇੰਗਲੈਂਡ ਵਿਚ ਸਵਰਗਵਾਸ ਹੋ ਗਏ ਸੀ। ਉਹਨਾਂ ਦਾ ਅੰਤਿਮ ਸੰਸਕਾਰ ਵੀ ਇੰਗਲੈਂਡ ਵਿਖੇ ਹੀ ਕੀਤਾ ਗਿਆ ਸੀ। ਪੰਜਾਬ ਵਾਪਸ ਆਉਣ ਤੇ ਪਰਿਵਾਰ ਵੱਲੋਂ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ ਜਿੱਥੇ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣ ਅਤੇ ਕਸ਼ਯਪ ਰਾਜਪੂਤ ਸਮਾਜ ਦੇ ਸਾਥੀ ਸ਼ਾਮਲ ਹੋਏ ਅਤੇ ਪ੍ਰਧਾਨ ਸਵਰਣ ਸਿੰਘ ਡੱਡੀਆਂ ਨਾਲ ਦੁੱਖ ਸਾਂਝਾ ਕੀਤਾ।
ਇਸ ਤੋਂ ਪਹਿਲਾਂ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ। ਪਾਠ ਦੇ ਉਪਰੰਤ ਇਲਾਕੇ ਦੇ ਐਮ.ਐਲ.ਏ. ਜਸਵੀਰ ਸਿੰਘ ਰਾਜਾ ਨੇ ਪ੍ਰਧਾਨ ਸਵਰਣ ਸਿੰਘ ਡੱਡੀਆਂ ਅਤੇ ਸਭਾ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਸ਼ਯਪ ਰਾਜਪੂਤ ਸਭਾ ਟਾਂਡਾ ਨੇ ਲੋੜਵੰਦਾਂ ਦੀ ਜਰੂਰਤ ਨੂੰ ਸਮਝਦੇ ਹੋਏ ਇਹ ਡਿਸਪੈਂਸਰੀ ਸ਼ੁਰੂ ਕੀਤੀ ਹੈ। ਉਹਨਾਂ ਆਪਣੇ ਅਤੇ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਮਾਤਾ ਕੈਲਾਸ਼ ਕੌਰ ਇਕ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੀ ਚੰਗੀ ਔਰਤ ਸੀ ਜਿਹਨਾਂ ਦੀ ਪ੍ਰੇਰਣਾ ਅਤੇ ਸਾਥ ਕਾਰਣ ਹੀ ਪ੍ਰ੍ਰਧਾਨ ਸਵਰਣ ਸਿੰਘ ਡੱਡੀਆਂ ਸਮਾਜ ਦੀ ਸੇਵਾ ਕਰਦੇ ਆ ਰਹੇ ਹਨ। ਸੰਤ ਬਾਬਾ ਸਤਨਾਮ ਸਿੰਘ ਨੇ ਸਭਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਮਾਨਵਤਾ ਦੀ ਸੇਵਾ ਲਈ ਇਹੋ ਜਿਹੇ ਉਪਰਾਲੇ ਜਰੂਰ ਕਰਨੇ ਚਾਹੀਦੇ ਹਨ ਤਾਂ ਜੋ ਲੋੜਵੰਦਾਂ ਨੂੰ ਮਦਦ ਮਿਲ ਸਕੇ। ਡੱਡੀਆਂ ਪਿੰਡ ਦੇ ਸਰਪੰਚ ਗੁਰਚਰਣ ਸਿੰਘ ਨੇ ਕਿਹਾ ਕਿ ਸਵਰਣ ਸਿੰਘ ਡੱਡੀਆਂ ਦਾ ਪਰਿਵਾਰ ਹਰ ਤਰ੍ਹਾਂ ਦੇ ਸਮਾਜਿਕ ਕੰਮਾਂ ਵਿਚ ਸਦਾ ਅੱਗੇ ਰਹਿੰਦਾ ਹੈ ਅਤੇ ਵਧ ਚੜ੍ਹ ਕੇ ਸਹਿਯੋਗ ਕਰਦਾ ਹੈ। ਪਿੰਡ ਦੇ ਸਾਰੇ ਪਰਿਵਾਰ ਇਹਨਾਂ ਦਾ ਬਹੁਤ ਸਤਿਕਾਰ ਕਰਦੇ ਹਨ। ਅਖੀਰ ਵਿਚ ਸਵਰਣ ਸਿੰਘ ਡੱਡੀਆਂ ਨੇ ਸਾਰੀ ਸੰਗਤ ਅਤੇ ਸਭਾ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦਾ ਪਰਿਵਾਰ ਹਮੇਸ਼ਾ ਹੀ ਸਮਾਜ ਦੀ ਸੇਵਾ ਵਿਚ ਆਪਣਾ ਯੋਗਦਾਨ ਦਿੰਦਾ ਰਿਹਾ ਹੈ ਅਤੇ ਅੱਗੋਂ ਵੀ ਉਹ ਇਸੇ ਤਰ੍ਹਾਂ ਸੇਵਾ ਕਰਦੇ ਰਹਿਣਗੇ। ਇਸ ਮੌਕੇ ਉਹਨਾਂ ਦੇ ਨਾਲ ਉਹਨਾਂ ਦੀ ਬੇਟੀ ਸੁਰਿੰਦਰ ਕੌਰ, ਜਵਾਈ ਸੁਖਜਿੰਦਰ ਸਿੰਘ ਆਪਣੇ ਬੇਟੇ ਨਾਲ ਅਤੇ ਹੋਰ ਰਿਸ਼ਤੇਦਾਰ ਸ਼ਾਮਲ ਹੋਏ।
ਇਸ ਮੌਕੇ ਸਭਾ ਦੇ ਜਨਰਲ ਸੈਕਟਰੀ ਜਗਦੀਸ਼ ਸਿੰਘ ਲਾਂਬਾ, ਕੈਸ਼ੀਅਰ ਬਸੰਤ ਖਨਮੋਤਰਾ, ਰਮੇਸ਼ ਖਨਮੋਤਰਾ, ਦੇਸ ਰਾਜ, ਤਰਸੇਮ ਲਾਲ ਪੱਪੂ, ਸੂਬੇਦਾਰ ਮੇਜਰ ਤੁਲਸਾ ਸਿੰਘ, ਸੁਖਵਿੰਦਰ ਕੌਰ, ਸਰਬਜੀਤ ਕੌਰ, ਸਤਿੰਦਰ ਰਾਜਾ, ਕਸ਼ਯਪ ਕ੍ਰਾਂਤੀ ਪੱਤ੍ਰਿਕਾ ਤੋਂ ਨਰਿੰਦਰ ਕਸ਼ਯਪ, ਕਾਦੀਆਂ, ਗੁਰਦਾਸਪੁਰ, ਮੁਕੇਰੀਆਂ ਅਤੇ ਗੁਰਦਾਸਪੁਰ ਤੋਂ ਸਭਾਵਾਂ ਦੇ ਅਹੁਦੇਦਾਰ ਅਤੇ ਇਲਾਕੇ ਦੀ ਸੰਗਤ ਸ਼ਾਮਲ ਹੋਈ। ਉਪਰੰਤ ਗੁਰੂ ਦਾ ਲੰਗਰ ਅਤੁੱਟ ਵਰਤਿਆ।

ਡਿਸਪੈਂਸਰੀ ਦੇ ਉਦਘਾਟਨ ਮੌਕੇ ਸਮਾਜ ਦੇ ਪਤਵੰਤੇ ਸੱਜਣ

ਡਿਸਪੈਂਸਰੀ ਦੇ ਉਦਘਾਟਨ ਮੌਕੇ ਸਵਰਣ ਸਿੰਘ ਡੱਡੀਆਂ ਦਾ ਪਰਿਵਾਰ

ਮੁਫਤ ਮੈਡੀਕਲ ਟੈਸਟਾਂ ਦਾ ਫਾਇਦਾ ਲੈਂਦੇ ਹੋਏ ਇਲਾਕੇ ਦੀ ਸੰਗਤ

Leave a Reply