ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ 2022 ਦਾ ਬੜਗੋਤਾ ਜਠੇਰਿਆਂ ਦਾ ਸਲਾਨਾ ਮੇਲਾ
ਹਵਨ ਕਰਦੇ ਹੋਏ ਬੜਗੋਤਾ ਪਰਿਵਾਰਾਂ ਦੀ ਸੰਗਤ
ਨਵਾਂਸ਼ਹਿਰ, 14-4-2022 (ਗੁਰਿੰਦਰ ਕਸ਼ਯਪ) – ਬੜਗੋਤਾ ਗੋਤਰ ਦੇ ਜਠੇਰਿਆਂ ਦਾ ਸਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਸੰਗਤ ਵੱਲੋਂ ਪਿੰਡ ਗਰਚਾ ਵਿਖੇ ਜਠੇਰਿਆਂ ਦੇ ਪਵਿੱਤਰ ਅਸਥਾਨ ਤੇ ਮਨਾਇਆ ਗਿਆ। ਦੇਸ਼ ਵਿਚ ਚੱਲ ਰਹੀ ਕੋਰੋਨਾ ਮਹਾਂਮਾਰੀ ਅਤੇ ਲੋਕਡਾਉਨ ਤੋਂ ਬਾਅਦ 2022 ਦਾ ਇਹ ਭਰਵਾਂ ਮੇਲਾ ਮਨਾਇਆ ਗਿਆ। ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ (ਰਜਿ.) ਵੱਲੋਂ ਪ੍ਰਧਾਨ ਸ਼੍ਰੀ ਰਜਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਇਹ ਮੇਲਾ ਸਫਲਤਾ ਨਾਲ ਮਨਾਇਆ ਗਿਆ। ਪਿਛਲੇ ਸਾਲ 2020 ਵਿਚ ਕੋਰਨਾ ਕਾਰਣ ਲੌਕਡਾਉਨ ਲੱਗਾ ਹੋਇਆ ਸੀ ਜਿਸ ਕਾਰਣ ਮੇਲਾ ਨਹੀਂ ਹੋ ਸਕਿਆ ਸੀ ਅਤੇ 2021 ਵਿਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੇਲਾ ਕਰਵਾਇਆ ਗਿਆਸੀ।
ਮੇਲੇ ਤੋਂ ਇਕ ਦਿਨ ਪਹਿਲਾਂ 13-4-2022 ਨੂੰ ਕਮੇਟੀ ਦੇ ਸੀਨੀਅਰ ਵਾਈਸ ਪ੍ਰਧਾਨ ਸ਼੍ਰੀ ਮਦਨ ਲਾਲ ਦੀ ਅਗਵਾਈ ਹੇਠ ਪਿੰਡ ਗਰਚਾ ਤੋਂ ਸਾਰੇ ਕਮੇਟੀ ਮੈਂਬਰਾਂ ਨੇ ਮੇਲੇ ਦੀ ਤਿਆਰੀ ਕੀਤੀ। ਪ੍ਰ੍ਰਸ਼ਾਸਨ ਕੋਲੋਂ ਮੇਲੇ ਦੀ ਮੰਜੂਰੀ ਲਈ ਗਈ ਅਤੇ ਸੰਗਤ ਵਾਸਤੇ ਮਾਸਕ ਅਤੇ ਸੈਨੀਟਾਈਜ਼ਰ ਦਾ ਪ੍ਰਬੰਧ ਕੀਤਾ ਗਿਆ। ਪਿੰਡ ਗਰਚਾ ਦੇ ਸਾਰੇ ਬੜਗੋਤਾ ਪਰਿਵਾਰਾਂ ਨੇ ਟੈਂਟ ਲਗਵਾਉਣ, ਰਾਸ਼ਨ ਅਤੇ ਸਬਜ਼ੀ ਲਿਆਉਣ, ਭਾਂਡੇ ਸਾਫ ਕਰਨ, ਪਾਣੀ ਦਾ ਪ੍ਰਬੰਧ ਆਦਿ ਸਾਰੇ ਕੰਮ ਬੜੇ ਉਤਸ਼ਾਹ ਨਾਲ ਕੀਤੇ। ਇਸ ਦੌਰਾਨ ਛੋਟੇ ਬੱਚਿਆਂ ਨੇ ਵੀ ਖੁਸ਼ੀ ਖੁਸ਼ੀ ਸੇਵਾ ਕੀਤੀ। ਇਸ ਦਿਨ ਕਮੇਟੀ ਦੇ ਜਨਰਲ ਸਕੱਤਰ ਨਰਿੰਦਰ ਕਸ਼ਯਪ ਵੀ ਹਾਜਰ ਸਨ।
14-4-2022 ਨੂੰ ਮੇਲੇ ਵਾਲੇ ਦਿਨ ਜਠੇਰਿਆਂ ਦੇ ਅਸਥਾਨ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਵਾ ਕੇ ਚੁੰਨੀ ਚੜਾਈ ਗਈ। ਸਵੇਰੇ 7 ਵਜੇ ਤੋਂ ਹੀ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ। ਕਮੇਟੀ ਵੱਲੋਂ ਸੰਗਤਾਂ ਵਾਸਤੇ ਚਾਹ ਅਤੇ ਬ੍ਰੈਡ ਪਕੌੜੇ ਦਾ ਲੰਗਰ ਤਿਆਰ ਸੀ ਜੋ ਸੰਗਤਾਂ ਨੂੰ ਸਵੇਰ ਤੋਂ ਹੀ ਵਰਤਾਣਾ ਸ਼ੁਰੂ ਕੀਤਾ ਗਿਆ। ਸੰਗਤਾਂ ਨੇ ਵੀ ਲਾਈਨ ਵਿਚ ਲੱਗ ਕੇ ਸ਼ਰਧਾ ਨਾਲ ਮੱਥਾ ਟੇਕ ਕੇ ਜਠੇਰਿਆਂ ਦਾ ਅਸ਼ੀਰਵਾਦ ਲਿਆ। ਇਸ ਦੌਰਾਨ ਸਾਰੇ ਮੈਂਬਰਾਂ ਅਤੇ ਸੰਗਤ ਨੇ ਮਿਲ ਕੇ ਝੰਡਾ ਚੜਾਉਣ ਦੀ ਰਸਮ ਪੂਰੀ ਕੀਤੀ ਗਈ। ਕਮੇਟੀ ਦੇ ਸਾਰੇ ਮੈਂਬਰ ਆਪਣੀ ਡਿਊਟੀ ਪੂਰੀ ਜਿੰਮੇਵਾਰੀ ਨਾਲ ਨਿਭਾ ਰਹੇ ਸਨ। ਪਿੰਡ ਤੋਂ ਜਠੇਰਿਆਂ ਦੀ ਸੇਵਾ ਕਰ ਰਹੇ ਮਦਨ ਲਾਲ ਜੀ ਸਾਰਾ ਪ੍ਰਬੰਧ ਦੇਖ ਰਹੇ ਸੀ, ਜਦਕਿ ਜਸਬੀਰ ਸਿੰਘ ਪਾਣੀ ਦੀ ਸੇਵਾ ਕਰ ਰਹੇ ਸਨ। ਪ੍ਰ੍ਰਧਾਨ ਰਜਿੰਦਰ ਕੁਮਾਰ, ਜਨਰਲ ਸਕੱਤਰ ਨਰਿੰਦਰ ਕਸ਼ਯਪ, ਵਾਈਸ ਪ੍ਰਧਾਨ ਸ਼ਾਮ ਸੁੰਦਰ ਸੰਗਤਾਂ ਵੱਲੋਂ ਦਿੱਤੇ ਸਹਿਯੋਗ ਦੀ ਰਸੀਦ ਕੱਟ ਰਹੇ ਸੀ ਜਦਕਿ ਸਟੋਰ ਕੀਪਰ ਲਖਵੀਰ ਕੁਮਾਰ ਸੰਗਤਾਂ ਵੱਲੋਂ ਆਇਆ ਰਾਸ਼ਨ ਅਤੇ ਫਲਾਂ ਦਾ ਪ੍ਰਸ਼ਾਦਿ ਸੰਭਾਲ ਰਹੇ ਸੀ। ਰਾਜ ਕੁਮਾਰ, ਸੰਦੀਪ ਕੁਮਾਰ, ਨਵਦੀਪ ਕੁਮਾਰ ਆਪਣੀ ਟੀਮ ਨਾਲ ਲੰਗਰ ਦੀ ਸੇਵਾ ਸੰਭਾਲ ਰਹੇ ਸੀ। ਸਵੇਰੇ 10 ਵਜੇ ਹਵਨ ਸ਼ੁਰੂ ਕਰ ਦਿੱਤਾ ਗਿਆ, ਜਿਸ ਵਿਚ ਸੰਗਤ ਨੇ ਸਰਬੱਤ ਦੇ ਭਲੇ ਵਾਸਤੇ ਆਹੂਤੀਆਂ ਪਾਈਆਂ ਅਤੇ 11 ਵਜੇ ਹਵਨ ਸੰਪੂਰਨ ਹੋਇਆ। ਇਸ ਦੌਰਾਨ ਸੰਗਤ ਦਾ ਆਉਣਾ ਲਗਾਤਾਰ ਜਾਰੀ ਸੀ। ਇਸ ਤੋਂ ਕੰਜਕਾਂ ਦੀ ਪੂਜਾ ਕੀਤੀ ਗਈ। ਕੰਜਕਾਂ ਕਰਨ ਤੋਂ ਬਾਅਦ ਦੁਪਹਿਰ 12 ਵਜੇ ਦੇ ਕਰੀਬ ਲੰਗਰ ਸ਼ੁਰੂ ਕਰ ਦਿੱਤਾ ਗਿਆ ਅਤੇ ਸੰਗਤ ਨੂੰ ਪ੍ਰਸ਼ਾਦਿ ਦੇ ਤੌਰ ਲਿਜਾਣ ਵਾਸਤੇ ਵੀ ਲੰਗਰ ਦਿੱਤਾ ਗਿਆ। ਬੀਬੀਆਂ ਵੱਲੋਂ ਭਾਂਡੇ ਸਾਫ ਕਰਨ ਦੀ ਜਿੰਮੇਵਾਰੀ ਨਾਲ ਹੀ ਨਿਭਾਈ ਜਾ ਰਹੀ ਸੀ। ਦੁਪਹਿਰ ਤੱਕ ਸੰਗਤ ਆਪਣੇ ਜਠੇਰਿਆਂ ਦਾ ਅਸ਼ੀਰਵਾਦ ਲੈ ਕੇ ਆਪਣੇ ਘਰਾਂ ਨੂੰ ਵਾਪਸ ਚਲੀ ਗਈ ਅਤੇ ਮੇਲਾ ਸ਼ਰਧਾ ਅਤੇ ਸੁਰੱਖਿਆ ਨਾਲ ਸੰਪੂਰਨ ਹੋਇਆ। ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਰਾ ਸਮਾਨ ਸੰਭਾਲ ਕੇ ਜਠੇਰਿਆਂ ਦਾ ਅਸ਼ੀਰਵਾਦ ਲੈ ਕੇ ਹੀ ਆਪਣੇ ਘਰਾਂ ਨੂੰ ਗਏ।
ਨੋਟ – ਸੰਗਤ ਦੇ ਸਹਿਯੋਗ ਨਾਲ ਕਸ਼ਯਪ ਰਾਜਪੂਤ ਬੜਗੋਤਾ ਵੈਲਫੇਅਰ ਸੁਸਾਇਟੀ ਦੇ ਨਾਮ ਉਪਰ 20 ਮਰਲੇ ਜਗਹ ਖਰੀਦ ਲਈ ਗਈ ਹੈ। ਇਸਦੇ ਨਾਲ ਦਾ ਹੀ ਇਕ ਹੋਰ ਪਲਾਟ 20 ਮਰਲੇ ਖਰੀਦਣ ਦਾ ਵਿਚਾਰ ਹੈ ਜੋ ਸੰਗਤਾਂ ਦੇ ਸਹਿਯੋਗ ਨਾਲ ਜਲਦੀ ਹੀ ਪੂਰਾ ਹੋ ਜਾਏਗਾ। ਇਥੇ ਹੀ ਜਠੇਰਿਆਂ ਦਾ ਅਸਥਾਨ, ਆਪਣਾ ਲੰਗਰ ਹਾਲ, ਸੰਗਤ ਦੇ ਬੈਠਣ ਵਾਸਤੇ ਹਾਲ ਆਦਿ ਬਣਾਇਆ ਜਾਵੇਗਾ। ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਆਟੇ ਦੇ ਵੱਖਰੇ ਦੀਵੇ ਨਾ ਬਣਾਇਆ ਕਰਨ। ਕਮੇਟੀ ਵੱਲੋਂ ਇਕ ਅਖੰਡ ਜਗਣ ਵਾਲੀ ਜੋਤ ਤਿਆਰ ਕੀਤੀ ਗਈ ਹੈ ਜਿਸ ਵਿਚ ਇਕ ਦੀਵੇ ਦੀ ਅਖੰਡ ਜੋਤ ਜਗਦੀ ਰਹਿੰਦੀ ਹੈ। ਸਾਰੀ ਸੰਗਤ ਨੂੁੰ ਬੇਨਤੀ ਹੈ ਕਿ ਉਹ ਆਪਣੇ ਵੱਲੋਂ ਲਿਆਂਦਾ ਗਿਆ ਦੇਸੀ ਘਿਓ ਇਸ ਜੋਤ ਵਿਚ ਹੀ ਪਾਉਣ, ਕਿਉਂਕਿ ਦੀਵੇ ਬਹੁਤ ਜਲਦੀ ਜਗਹ ਤੋਂ ਚੁੱਕ ਕੇ ਸੁੱਟਣੇ ਪੈਂਦੇ ਹਨ ਜਿਸ ਨਾਲ ਵੱਡੇ ਵਡੇਰਿਆਂ ਦਾ ਅਪਮਾਨ ਹੁੰਦਾ ਹੈ।
2022 ਦੇ ਮੇਲੇ ਦਾ ਅਕਾਉਂਟ ਦੇਖਣ ਲਈ ਇਸ ਲਿੰਕ ਨੂੰ ਕਲਿਕ ਕਰੋ-