ਸਤਪਾਲ ਮਹਿਰਾ ਦੀ ਧਰਮਪਤੀ ਸ਼੍ਰੀਮਤੀ ਚਰਨਜੀਤ ਮਹਿਰਾ ਨੂੰ ਸ਼ਰਧਾਂਜਲੀ ਦੇਣ ਲਈ ਉਮੜਿਆ ਜਨ ਸੈਲਾਬ

ਸਮਾਜ ਦੀਆਂ ਵੱਖ ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਦਿੱਤੀ ਸ਼ਰਧਾਂਜਲੀ

ਆਖਰੀ ਰਸਮਾਂ ਪੂਰੀਆਂ ਕਰਦੇ ਹੋਏ ਬੇਟੇ ਸੁਨੀਲ ਮਹਿਰਾ, ਅਕਾਸ਼ ਮਹਿਰਾ ਅਤੇ ਰਾਜੇਸ਼ ਮਹਿਰਾ

ਕਪੂਰਥਲਾ, 7-9-2026 (ਨਰਿੰਦਰ ਕਸ਼ਯਪ) – ਕਪੂਰਥਲਾ ਤੋਂ ਕਸ਼ਯਪ ਰਾਜਪੂਤ ਸਮਾਜ/ਮਹਿਰਾ ਦੇ ਉਘੇ ਸਮਾਜ ਸੇਵੀ, ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ, ਰੇਲਵੇ ਦੇ ਕਾਂਟਰੈਕਟਰ, ਕਾਂਗਰਸ ਦੇ ਸੀਨੀਆਰ ਆਗੂ ਅਤੇ ਸਾਬਕਾ ਐਮ.ਸੀ. ਸ਼੍ਰੀ ਸਤਪਾਲ ਦੀ ਧਰਮਪਤਨੀ ਸ਼੍ਰੀਮਤੀ ਚਰਨਜੀਤ ਮਹਿਰਾ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਸਮਾਜ ਦੇ ਹਰੇਕ ਵਰਗ ਤੋਂ ਸੰਗਤ ਵੱਡੀ ਗਿਣਤੀ ਵਿਚ ਸ਼ਾਮਲ ਹੋਈ। ਇਹਨਾਂ ਵਿਚ ਧਾਰਮਿਕ, ਸਮਾਜਿਕ, ਰਾਜਨੀਤਿਕ, ਰੇਲਵੇ ਨਾਲ ਸੰਬੰਧਿਤ ਸੰਸਥਾਵਾਂ, ਰਿਸ਼ਤੇਦਾਰ, ਭੈਣ-ਭਰਾ, ਬੱਚਿਆਂ ਦੇ ਸਹੁਰਾ ਪਰਿਵਾਰ, ਸੱਜਣ-ਮਿੱਤਰ ਅਤੇ ਕਸ਼ਯਪ ਸਮਾਜ ਦੀਆਂ ਕਈ ਸਭਾਵਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ ਅਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਰੋਹ ਕਪੂਰਥਲਾ ਦੇ ਸ਼ਹਿਨਾਈ ਪੈਲੇਸ ਵਿਖੇ ਹੋਇਆ ਜਿੱਥੇ ਸ਼੍ਰੀਮਤੀ ਚਰਨਜੀਤ ਮਹਿਰਾ ਨੂੰ ਸ਼ਰਧਾਂਜਲੀ ਦੇਣ ਲਈ ਇਕ ਵੱਡਾ ਇਕੱਠ ਸ਼ਾਮਲ ਹੋਇਆ।
ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਨੂਰਮਹਿਲ ਦੀਆਂ ਸਾਧਵੀਆਂ ਵੱਲੋਂ ਇਕ ਬਹੁਤ ਹੀ ਸੁੰਦਰ ਕੀਰਤਨ ਕੀਤਾ ਗਿਆ ਜਿੱਥੇ ਗੀਤਾ ਦੇ ਉਪਦੇਸ਼ ਨੂੰ ਉਹਨਾਂ ਬੜੇ ਵਧੀਆ ਢੰਗ ਨਾਲ ਵਿਆਖਿਆ ਕਰਕੇ ਦੱਸਿਆ। ਸਤਪਾਲ ਮਹਿਰਾ ਅਤੇ ਚਰਨਜੀਤ ਮਹਿਰਾ ਦੇ ਤਿੰਨਾ ਨੂੰਹਾਂ-ਪੁੱਤਰਾਂ ਨੇ ਬਹੁਤ ਹੀ ਵਧੀਆ ਢੰਗ ਨਾਲ ਸਾਰਾ ਪ੍ਰਬੰਧ ਕੀਤਾ। ਸਮਾਜ ਦੀਆਂ ਵੱਖ-ਵੱਖ ਸ਼ਖਸ਼ੀਅਤਾਂ ਵੱਲੋਂ ਸ਼ਰਧਾਂਜਲੀ ਦੇ ਸ਼ੋਕ ਸੰਦੇਸ਼ ਆਏ। ਕਪੂਰਥਲਾ ਤੋਂ ਐਮ.ਐਲ.ਏ. ਰਾਣਾ ਗੁਰਜੀਤ ਵੱਲੋਂ ਵੀ ਸ਼ੋਕ ਸੰਦੇਸ਼ ਭੇਜ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਰਮੇਸ਼ ਮਹਿਰਾ, ਬਲਦੇਵ ਸਿੰਘ ਕੈਪਸਨ, ਨਰਿੰਦਰ ਸਿੰਘ ਕੈਪਸਨ, ਬਖਸ਼ੀਸ਼ ਸਿੰਘ, ਪਰਮਜੀਤ ਸਿੰਘ ਠੇਕੇਦਾਰ, ਗੁਰਦਿਆਲ ਸਿੰਘ ਰਸੀਆ, ਰਾਜ ਕੁਮਾਰ ਮਹਿਰਾ, ਰਾਹੁਲ ਮਹਿਰਾ, ਸ਼ਰਮਾ ਪਰਿਵਾਰ, ਸੰਘਾ ਪਰਿਵਾਰ, ਵਰਮਾ ਪਰਿਵਾਰ, ਰੇਲ ਕੋਚ ਫੈਕਟਰੀ ਦੇ ਕਈ ਵੱਡੇ ਅਫਸਰ, ਕਪੂਰਥਲਾ ਸ਼ਹਿਰ ਦੇ ਕਈ ਕੋਂਸਲਰ, ਰੋਟਰੀ ਕਲੱਬ ਦੇ ਮੈਂਬਰ ਅਤੇ ਸ਼ਹਿਰ ਦੇ ਨਾਮੀ ਵਕੀਲ ਸ਼ਾਮਲ ਹੋਏ ਅਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਸ਼ਰਧਾਂਜਲੀ ਭੇਂਟ ਕਰਨ ਲਈ ਕਸ਼ਯਪ ਕ੍ਰਾਂਤੀ ਦੇ ਮਾਲਕ ਸ਼੍ਰੀ ਨਰਿੰਦਰ ਕਸ਼ਯਪ ਅਤੇ ਮੁੱਖ ਸੰਪਾਦਕ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ ਉਚੇਚੇ ਤੌਰ ਤੇ ਸ਼ਾਮਲ ਹੋਏ ਕਿਉਂਕਿ ਇਹਨਾਂ ਦਾ ਸਤਪਾਲ ਮਹਿਰਾ ਦੇ ਪਰਿਵਾਰ ਨਾਲ ਬਹੁਤ ਪਿਆਰ ਹੈ। ਪਰਿਵਾਰ ਵੱਲੋਂ ਇਸ ਮੌਕੇ ਬਹੁਤ ਹੀ ਵਧੀਆ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ। ਪਰਿਵਾਰ ਵੱਲੋਂ ਸੁਨੀਲ ਮਹਿਰਾ, ਅਕਾਸ਼ ਮਹਿਰਾ ਅਤੇ ਰਾਜੇਸ਼ ਮਹਿਰਾ ਨੇ ਆਈ ਹੋਈ ਸਾਰੀ ਸੰਗਤ ਦਾ ਧੰਨਵਾਦ ਕੀਤਾ।

ਕੀਰਤਨ ਕਰਦੇ ਹੋਏ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੀਆਂ ਸਾਧਵੀਆਂ

ਸ਼ਰਧਾਂਜਲੀ ਭੇਂਟ ਕਰਨ ਲਈ ਸ਼ਾਮਲ ਹੋਇਆ ਵੱਡਾ ਇਕੱਠ

ਪਰਿਵਾਰ – ਸ਼੍ਰੀ ਸਤਪਾਲ ਮਹਿਰਾ ਅਤੇ ਸ਼੍ਰੀਮਤੀ ਚਰਨਜੀਤ ਮਹਿਰਾ ਕਪੂਰਥਲਾ ਦੇ ਵਿਚ ਆਪਣੀ ਇਕ ਵੱਖਰੀ ਪਛਾਣ ਰੱਖਦੇ ਹਨ। ਸਤਪਾਲ ਮਹਿਰਾ ਰੇਲਵੇ ਦੇ ਲਾਈਜ਼ਨਿੰਗ ਕਾਂਟ੍ਰੈਕਟਰ ਹਨ ਅਤੇ ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ ਹਨ। ਸਮਾਜ ਸੇਵਾ ਵਿਚ ਇਹ ਪਰਿਵਾਰ ਹਮੇਸ਼ਾ ਹੀ ਅੱਗੇ ਰਿਹਾ ਹੈ ਅਤੇ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਇਹਨਾਂ ਦਾ ਬਹੁਤ ਸਹਿਯੋਗ ਰਿਹਾ ਹੈ। ਇਹਨਾਂ ਦੇ ਪਰਿਵਾਰ ਵਿਚ ਤਿੰਨ ਪੁੱਤਰ-ਨੂੰਹਾ ਸੁਨੀਲ ਮਹਿਰਾ-ਸ਼੍ਰੀਮਤੀ ਮਨੋਰਮਾ ਮਹਿਰਾ, ਆਕਾਸ਼ ਮਹਿਰਾ-ਰਾਜਵਿੰਦਰ ਕੌਰ ਮਹਿਰਾ ਅਤੇ ਰਾਜੇਸ਼ ਮਹਿਰਾ-ਸਿੰਮੀ ਮਹਿਰਾ ਹਨ ਜਦਕਿ ਇਕ ਬੇਟੀ-ਦਾਮਾਦ ਆਰਤੀ-ਵਿਪਨ ਮਾਂਡੀਆਨ ਲੁਧਿਆਣਾ ਦੇ ਨਾਲ ਵਿਆਹੀ ਹੋਈ ਹੈ। ਸਾਰੇ ਬੱਚੇ ਵਿਆਹੇ ਹੋਏ ਹਨ ਅਤੇ ਆਪਣੇ ਬੱਚਿਆਂ ਅਤੇ ਪਰਿਵਾਰਾਂ ਨਾਲ ਇਕ ਖੁਸ਼ਹਾਲ ਜਿੰਦਗੀ ਬਿਤਾ ਰਹੇ ਹਨ। ਤਿੰਨੋ ਬੇਟੇ ਵੱਖ-ਵੱਖ ਦੇਸ਼ਾਂ ਵਿਚ ਸੈਟਲ ਹਨ ਅਤੇ ਚੰਗੇ ਕੰਮ ਕਰ ਰਹੇ ਹਨ।
ਅਸੀਂ ਕਸ਼ਯਪ ਕ੍ਰਾਂਤੀ ਪੱਤਿ੍ਰਕਾ ਅਤੇ ਕਸ਼ਯਪ ਰਾਜਪੂਤ ਵੈਬਸਾਈਟ ਵੱਲੋਂ ਸ਼੍ਰੀਮਤੀ ਚਰਨਜੀਤ ਮਹਿਰਾ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹਾਂ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ।

Leave a Reply