ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹਾਦਤ ਸੇਵਾ ਦੀ ਇਕ ਲਸਾਨੀ ਮਿਸਾਲ ਹੈ - ਨਾਇਬ ਸਿੰਘ ਸੈਣੀ
ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਵਿਖੇ ਹਰਿਆਣਾ ਦੇ ਮੁੱਖ ਮੰਤਰੀ ਨੇ ਲਗਵਾਈ ਹਾਜਰੀ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਅਸ਼ਵਨੀ ਸ਼ਰਮਾ, ਨਿਰਮਲ ਸਿੰਘ ਐਸ.ਐਸ., ਅਨੂਪ ਭਾਰਦਵਾਜ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਟਰੱਸਟ ਵਿਖੇ ਹਾਜਰੀ ਲਗਵਾਉਂਦੇ ਹੋਏ
ਫਤਿਹਗੜ ਸਾਹਿਬ, 25-12-2025 (ਨਰਿੰਦਰ ਕਸ਼ਯਪ) – ਸਰਹਿੰਦ ਦੀ ਪਵਿੱਤਰ ਧਰਤੀ ਤੇ ਸ਼ਹੀਦੀ ਜੋੜ ਮੇਲੇ ਦੌਰਾਨ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਸ਼ਹਾਦਤ ਨੂੰ ਯਾਦ ਕਰਨ ਅਤੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਇਸ ਸਮੇਂ ਦੇਸ਼ ਵਿਦੇਸ਼ ਦੀ ਸੰਗਤ ਵੱਡੀ ਗਿਣਤੀ ਵਿਚ ਆਪਣੀ ਹਾਜਰੀ ਲਗਵਾ ਰਹੀ ਹੈ। ਇਸ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰ ਵੀ ਇੱਥੇ ਪਹੁੰਚ ਕੇ ਸ਼ਹੀਦਾਂ ਦੀ ਧਰਤੀ ਨੂੰ ਪ੍ਰਣਾਮ ਕਰ ਰਹੇ ਹਨ ਅਤੇ ਛੋਟੇ ਸਾਹਿਬਜਾਦਿਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰ ਰਹੇ ਹਨ। ਇਸਦੇ ਨਾਲ ਹੀ ਠੰਡੇ ਬੁਰਜ ਵਿਚ ਕੈਦ ਛੋਟੇ ਸਾਹਿਬਜਾਦਿਆਂ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਮਾਤਾ ਗੁਜਰ ਕੌਰ ਨੂੰ ਤਿੰਨ ਰਾਤਾਂ ਗਰਮ ਦੁੱਧ ਦੀ ਸੇਵਾ ਕਰਨ ਦੇ ਬਦਲੇ ਪਰਿਵਾਰ ਸਮੇਤ ਕੋਹਲੂ ਵਿਚ ਪੀੜ ਕੇ ਸ਼ਹੀਦ ਕੀਤੇ ਗਏ ਮੋਤੀ ਰਾਮ ਮਹਿਰਾ ਜੀ ਦੀ ਲਸਾਨੀ ਸ਼ਹਾਦਤ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਬਾਬਾ ਮੋਤੀ ਰਾਮ ਮਹਿਰਾ ਜੀ ਯਾਦ ਵਿਚ ਬਣੀ ਯਾਦਗਾਰ ਵਿਖੇ ਵੱਡੀ ਗਿਣਤੀ ਵਿਚ ਸੰਗਤ ਹਾਜਰੀ ਭਰ ਰਹੀ ਹੈ ਅਤੇ ਉਹਨਾਂ ਪਵਿੱਤਰ ਗਲਾਸਾਂ ਦੇ ਦਰਸ਼ਨ ਵੀ ਕਰ ਰਹੀ ਜਿਹਨਾਂ ਵਿਚ ਮੋਤੀ ਰਾਮ ਮਹਿਰਾ ਨੇ ਦੁੱਧ ਦੀ ਸੇਵੀ ਕੀਤੀ ਸੀ।
ਸ਼ਹੀਦੀ ਜੋੜ ਮੇਲੇ ਦੇ ਪਹਿਲੇ ਦਿਨ 25 ਦਿਸੰਬਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਵੀ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਅਤੇ ਆਪਣੀ ਹਾਜਰੀ ਲਗਵਾਉਣ ਲਈ ਟਰੱਸਟ ਵੱਲੋਂ ਬਣਾਈ ਗਈ ਯਾਦਗਾਰ ਵਿਖੇ ਪਹੁੰਚੇ। ਇਹਨਾਂ ਦੇ ਨਾਲ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਨੇ ਵੀ ਗੁਰੂ ਘਰ ਵਿਚ ਆਪਣੀ ਹਾਜਰੀ ਭਰੀ। ਇੱਥੇ ਉਹਨਾਂ ਨੇ ਪਵਿੱਤਰ ਗਲਾਸਾਂ ਦੇ ਦਰਸ਼ਨ ਵੀ ਕੀਤੇ। ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਅਤੇ ਬਾਕੀ ਅਹੁਦੇਦਾਰਾਂ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਮਹਾਨ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਕਿਹਾ ਕਿ ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ। ਜਿੱਥੇ ਗੁਰੂ ਸਾਹਿਬਾਂ ਨੇ ਸਮਾਜ ਦੀ ਰੱਖਿਆ ਲਈ ਆਪਣਾ ਬਲਿਦਾਨ ਦਿੱਤਾ ਉਥੇ ਗੁਰੂ ਸਾਹਿਬਾਨ ਦੇ ਸਿੱਖਾਂ ਨੇ ਵੀ ਵੱਡੀਆਂ ਕੁਰਬਾਨੀਆਂ ਦਿੱਤੀਆਂ। ਅਜਿਹੀ ਹੀ ਇਕ ਮਹਾਨ ਕੁਰਬਾਨੀ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਵੀ ਹੈ ਜਿਹਨਾਂ ਨੇ ਨਵਾਬ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਆਪਣਾ ਸਿੱਖੀ ਧਰਮ ਨਿਭਾਉਂਦੇ ਹੋਏ ਠੰਡੇ ਬੁਰਜ ਵਿਚ ਕੈਦ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸੇਵਾ ਕੀਤੀ। ਇਸੇ ਸੇਵਾ ਬਦਲੇ ਉਹਨਾਂ ਦਾ ਪੂਰਾ ਪਰਿਵਾਰ ਸ਼ਹੀਦ ਕਰ ਦਿੱਤਾ ਗਿਆ, ਪਰ ਇਤਿਹਾਸ ਵਿਚ ਮੋਤੀ ਰਾਮ ਮਹਿਰਾ ਦਾ ਨਾਮ ਸਦਾ ਲਈ ਅਮਰ ਹੋ ਗਿਆ। ਇਹ ਕਸ਼ਯਪ ਸਮਾਜ ਦੀ ਬਹੁਤ ਵੱਡੀ ਕੁਰਬਾਨੀ ਹੈ। ਟਰੱਸਟ ਵੱਲੋਂ ਨਾਇਬ ਸਿੰਘ ਸੈਣੀ ਨੂੰ ਗੁਰੂ ਘਰ ਦੀ ਨਿਸ਼ਾਨੀ ਸੀਰੀ ਸਾਹਿਬ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਕੁਰਬਾਨੀ ਵਾਲੀ ਯਾਦਗਾਰੀ ਤਸਵੀਰ ਭੇਂਟ ਕੀਤੀ ਗਈ। ਇਸ ਤੋਂ ਅਲਾਵਾ ਆਲ ਇੰਡੀਆ ਕਸ਼ਯਪ ਰਾਜਪੂਤ ਪੰਜਾਬੀ ਵੈਲਫੇਅਰ ਸੁਸਾਇਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਅਨੂਪ ਭਾਰਦਵਾਜ ਨੇ ਵੀ ਆਪਣੀ ਟੀਮ ਨਾਲ ਇੱਥੇ ਹਾਜਰੀ ਲਗਵਾਈ ਅਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਟਰੱਸਟ ਦੇ ਅਹੁਦੇਦਾਰਾਂ ਨਾਲ ਮਿਲ ਕੇ ਸਮਾਜ ਦੀ ਬਿਹਤਰੀ ਵਾਸਤੇ ਵਿਚਾਰ ਸਾਂਝੇ ਕੀਤੇ। ਉਹਨਾਂ ਦੱਸਿਆ ਕਿ ਅੰਬਾਲਾ ਦੇ ਦੇਵੀ ਨਗਰ ਵਿਖੇ ਬਣਾਏ ਗਏ ਮੰਦਿਰਾਂ ਵਿਚ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਦੋ ਵਾਰੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਨ ਅਤੇ ਉਥੇ ਦੇ ਕਸ਼ਯਪ ਸਮਾਜ ਨੂੰ ਬਹੁਤ ਮਾਣ-ਸਨਮਾਣ ਦਿੱਤਾ ਹੈ। ਇਹਨਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਸ਼੍ਰੀ ਮਨੋਹਰ ਲਾਲ ਖੱਟਰ ਵੀ ਉਥੇ ਮੁੱਖ ਮਹਿਮਾਨ ਵਜੋਂ ਆ ਚੁੱਕੇ ਹਨ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸਨਮਾਨਤ ਕਰਦੇ ਹੋਏ ਟਰੱਸਟ ਦੇ ਅਹੁਦੇਦਾਰ

ਪ੍ਰੈਸ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ
ਸ਼ਹੀਦੀ ਜੋੜ ਮੇਲਾ – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਯਾਦ ਵਿਚ ਬਣਾਈ ਗਈ ਯਾਦਗਾਰ ਵਿਖੇ ਸਲਾਨਾ ਸ਼ਹੀਦੀ ਜੋੜ ਮੇਲਾ 24 ਦਿਸੰਬਰ ਤੋਂ ਚੱਲ ਰਿਹਾ ਹੈ। ਇਸ ਦੌਰਾਨ 24 ਦਿਸੰਬਰ ਨੂੰ ਸਫਰ-ਏ-ਸ਼ਹਾਦਤ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਭਾਈ ਗੁਰਇਕਬਾਲ ਸਿੰਘ ਨੇ ਸੰਗਤ ਨੂੰ ਸਿੱਖ ਇਤਿਹਾਸ ਨਾਲ ਜੋੜਿਆ ਅਤੇ ਸ਼ਹੀਦੀ ਸਾਕੇ ਬਾਰੇ ਵਿਸਥਾਰ ਨਾਲ ਕੀਰਤਨ ਕੀਤਾ। ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਦੀ ਅਗਵਾਈ ਹੇਠ 28 ਦਿਸੰਬਰ ਤੱਕ ਇਹ ਸ਼ਹੀਦੀ ਜੋੜ ਮੇਲਾ ਕਰਵਾਇਆ ਜਾ ਰਿਹਾ ਹੈ, ਜਿੱਥੇ ਬਹੁਤ ਦੂਰ ਦੂਰ ਤੋਂ ਸੰਗਤਾਂ ਬਾਬਾ ਮੋਤੀ ਰਾਮ ਮਹਿਰਾ ਜੀ ਵੱਲੋਂ ਪਿਲਾਏ ਗਏ ਦੁੱਧ ਵਾਲੇ ਗਿਲਾਸਾਂ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਹਨ। ਇਸ ਮੌਕੇ ਵੱਖ-ਵੱਖ ਢਾਡੀ ਜੱਥੇ ਲਗਾਤਾਰ ਸਿੱਖ ਇਤਿਾਹਸ, ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ, ਸਰਹਿੰਦ ਦਾ ਸਾਕਾ, ਬਾਬਾ ਮੋਤੀ ਰਾਮ ਮਹਿਰਾ ਜੀ ਵੱਲੋਂ ਕੀਤੀ ਗਰਮ ਦੁੱਧ ਦੀ ਸੇਵਾ ਅਤੇ ਉਹਨਾਂ ਦੀ ਪਰਿਵਾਰ ਸਮੇਤ ਸ਼ਹੀਦੀ, ਦੀਵਾਨ ਟੋਡਰ ਵੱਲੋਂ ਕੀਤੀ ਗਈ ਸੇਵਾ ਦੇ ਇਤਿਾਹਸ ਨਾਲ ਸੰਗਤ ਨੂੰ ਜੋੜ ਰਹੇ ਹਨ।
ਟਰੱਸਟ ਦੇ ਕਾਰਜਕਾਰੀ ਕਮੇਟੀ ਮੈਂਬਰ ਪੂਰੀ ਜਿੰਮੇਵਾਰੀ ਨਾਲ ਆਪਣੀ ਡਿਊਟੀ ਨਿਭਾਉਂਦੇ ਹੋਏ ਸੰਗਤ ਦੀ ਸੇਵਾ ਕਰ ਰਹੇ ਹਨ। ਇਹਨਾਂ ਵਿਚ ਸੀਨੀਅਰ ਵਾਈਸ ਚੇਅਰਮੈਨ ਸੁਖਦੇਵ ਸਿੰਘ ਰਾਜ, ਪਰਮਜੀਤ ਸਿੰਘ ਖੰਨਾ, ਨਿਰਮਲ ਸਿੰਘ ਮੀਨੀਆ, ਕੈਸ਼ੀਅਰ ਜਸਪਾਲ ਸਿੰਘ, ਬਲਦੇਵ ਸਿੰਘ ਦੁਸਾਂਝ, ਰਾਜ ਕੁਮਾਰ ਪਾਤੜਾਂ, ਜੈ ਕ੍ਰਿਸ਼ਨ, ਅਮੀ ਚੰਦ, ਮੋਹਿੰਦਰ ਸਿੰਘ ਮੋਰਿੰਡਾ, ਬਲਦੇਵ ਸਿੰਘ ਲੋਹਾਰਾ, ਨਵਜੋਤ ਸਿੰਘ, ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਬਲਜਿੰਦਰ ਕੌਰ ਸੰਗਤ ਦੀ ਸੇਵਾ ਕਰ ਰਹੇ ਹਨ। ਟਰੱਸਟ ਵਿਚ ਵੱਖ-ਵੱਖ ਪਿੰਡਾਂ ਦੀ ਸੰਗਤਾਂ ਵੱਲੋਂ ਗਰਮ ਦੁੱਧ ਦੀ ਸੇਵਾ ਲਗਾਤਾਰ ਕੀਤਾ ਜਾ ਰਹੀ ਹੈ।
25 ਦਿਸੰਬਰ 2025 ਨੂੰ ਕਸ਼ਯਪ ਸਮਾਜ ਦੇ ਹੀ ਸਾਥੀ ਇਥੇ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਪਹੁੰਚੇ ਅਤੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਇਹਨਾਂ ਵਿਚ ਚੰਡੀਗੜ ਕਸ਼ਯਪ ਰਾਜਪੂਤ ਸਭਾ ਦੇ ਚੇਅਰਮੈਨ ਕੁਲਵੰਤ ਸਿੰਘ, ਮਨਮੋਹਨ ਸਿੰਘ ਭਾਗੋਵਾਲੀਆ, ਅਨੂਪ ਭਾਰਦਵਾਜ ਪ੍ਰਮੁੱਖ ਰਹੇ। ਟਰੱਸਟ ਵੱਲੋਂ ਇਹਨਾਂ ਨੂੰ ਬਣਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੰਗਤ ਦੇ ਨਾਲ ਕਸ਼ਯਪ ਸਮਾਜ ਦੀਆਂ ਵੱਖ-ਵੱਖ ਸਭਾਵਾਂ ਅਤੇ ਮੈਂਬਰਾਂ ਨੇ ਵੀ ਸ਼ਹੀਦੀ ਦਿਵਸ ਤੇ ਹਾਜਰੀ ਲਗਵਾਈ। ਇਹਨਾਂ ਵਿਚ ਕਸ਼ਯਪ ਕ੍ਰਾਂਤੀ ਦੇ ਮਾਲਿਕ ਨਰਿੰਦਰ ਕਸ਼ਯਪ, ਪਰਮਜੀਤ ਸਿੰਘ, ਸੁਖਬੀਰ ਸਿੰਘ ਸ਼ਾਲੀਮਾਰ, ਠੇਕੇਦਾਰ ਰਣਜੀਤ ਸਿੰਘ, ਚੰਡੀਗੜ ਕਸ਼ਯਪ ਰਾਜਪੂਤ ਸਭਾ ਦੇ ਮੈਂਬਰ, ਅੰਬਾਲਾ ਟੀਮ ਦੇ ਮੈਂਬਰ ਸ਼ਾਮਲ ਸਨ।

ਅਨੂਪ ਭਾਰਦਵਾਜ ਨੂੰ ਸਨਮਾਨਤ ਕਰਦੇ ਹੋਏ ਟਰੱਸਟ ਦੇ ਅਹੁਦੇਦਾਰ

ਕੁਲਵੰਤ ਸਿੰਘ ਨੂੰ ਸਨਮਾਨਤ ਕਰਦੇ ਹੋਏ ਟਰੱਸਟ ਦੇ ਅਹੁਦੇਦਾਰ

