ਜਲੰਧਰ, 18-3-2018 – ਕਸ਼ਯਪ ਰਾਜਪੂਤ ਸਮਾਜ ਨੂੰ ਸਮਾਜਿਕ ਪੱਧਰ ਤੇ ਜੋੜਨ ਵਾਲਾ ਪੰਜਾਬ ਦਾ ਇਕੋਲਤਾ ਮੰਚ – ਕਸ਼ਯਪ ਰਾਜਪੂਤ ਪਰਿਵਾਰ ਸੰਮੇਲਨ ਹੈ. ਕਸ਼ਯਪ ਰਾਜਪੂਤ ਮੈਂਬਰਸ ਐਸੋਸੀਏਸ਼ਨ (ਕਰਮਾ) ਅਤੇ ਕਸ਼ਯਪ ਕ੍ਰਾਂਤੀ ਮੈਗਜ਼ੀਨ ਵੱਲੋਂ ਸਮਾਜ ਦੇ ਪਰਿਵਾਰਾਂ ਨੂੰ ਆਪਸ ‘ਚ ਮਿਲਾਉਣ ਵਾਲਾ 12 ਵਾਂ ਪਰਿਵਾਰ ਸੰਮੇਲਨ 18 ਮਾਰਚ 2018 ਨੂੰ ਜਲੰਧਰ ਸ਼ਹਿਰ ਦੇ ਜਲ ਵਿਲਾਸ ਪੈਲਸ ਵਿਖੇ ਕਰਵਾਇਆ ਗਿਆ. ਸਮਾਜ ਦੇ ਚੰਗੇ ਪਰਿਵਾਰਾਂ ਨੂੰ ਇਸ ਸੰਮੇਲਨ ਦਾ ਬੇਸਬਰੀ ਨਾਲ ਇੰਤਜਾਰ ਰਹਿੰਦਾ ਹੈ ਕਿ ਇਥੇ ਆ ਕੇ ਸਮਾਜ ਦੇ ਹੋਰ ਵੀ ਚੰਗੇ-ਚੰਗੇ ਪਰਿਵਾਰਾਂ ਨਾਲ ਮੇਲ-ਮਿਲਾਪ ਹੋਵੇਗਾ ਅਤੇ ਸਮਾਜ ਬਾਰੇ ਜਾਣਕਾਰੀ ਮਿਲੇਗੀ.
ਸਵੇਰੇ 9 ਵਜੇ ਹੀ ਕਰਮਾ ਦੀ ਟੀਮ ਪੈਲਸ ਵਿਚ ਪਹੁੰਚ ਗਈ ਜਿਸ ਵਿਚ ਸਰਵਸ਼੍ਰੀ ਸੁਸ਼ੀਲ ਕਸ਼ਯਪ, ਪ੍ਰਿੰਸੀਪਲ ਕੁਲਵੀਰ ਚੰਦ, ਵਿਜੇ ਕੁਮਾਰ, ਨਰਿੰਦਰ ਕਸ਼ਯਪ, ਜਗਦੀਸ਼ ਸਿੰਘ ਲਾਟੀ, ਜਗਦੀਪ ਕੁਮਾਰ ਬੱਬੂ, ਅਨਿਲ ਕੁਮਾਰ, ਰਾਜ ਕੁਮਾਰ, ਲੱਕੀ ਸੰਸੋਆ, ਮੁਨੀਸ਼ ਬੱਲ, ਆਰ.ਐਲ.ਬੱਲ, ਅਸ਼ੋਕ ਟਾਂਡੀ, ਜਸਵਿੰਦਰ ਸਿੰਘ ਅਤੇ ਲੇਡੀਜ਼ ਵਿੰਗ ਤੋਂ ਸ਼੍ਰੀਮਤੀ ਮੀਨਾਕਸ਼ੀ ਕਸ਼ਯਪ, ਬਲਜੀਤ ਕੌਰ, ਸੁਨੀਤਾ, ਵੀਨਾ ਰਾਣੀ, ਨੇਹਾ, ਨੀਤੂ, ਸੰਤੋਸ਼ ਕੁਮਾਰੀ ਨੇ ਆ ਕੇ ਆਪਣੀ-ਆਪਣੀ ਡਿਊਟੀ ਸੰਭਾਲ ਲਈ. ਸਾਰਿਆਂ ਨੇ ਇਕੱਠੇ ਹੀ ਨਾਸ਼ਤਾ ਕੀਤਾ ਅਤੇ ਸੰਮੇਲਨ ਲਈ ਤਿਆਰ ਹੋ ਗਏ. ਇਸੇ ਦੌਰਾਨ ਮਹਿਮਾਨਾਂ ਦਾ ਆਉਣਾ ਸ਼ੁਰੂ ਹੋ ਗਿਆ. ਕਸ਼ਯਪ ਸਮਾਜ ਧਰਮਸ਼ਾਲਾ ਸਮਿਤੀ ਰੁੜਕੀ ਦੇ ਪ੍ਰਧਾਨ ਸ਼੍ਰੀ ਅਰਵਿੰਦ ਕਸ਼ਯਪ ਜੀ ਆਪਣੇ ਸਾਥੀ ਸਮੇਤ ਸਵੇਰੇ ਹੀ ਪਹੁੰਚ ਗਏ ਸੀ ਜਿਨ੍ਹਾਂ ਨੂੰ ਰਾਜ ਕੁਮਾਰ ਜੀ ਸਟੇਸ਼ਨ ਤੋਂ ਲੈ ਕੇ ਆਏ ਸੀ. ਆਉਣ ਵਾਲੇ ਮਹਿਮਾਨ ਗਰਮਾ-ਗਰਮ ਛੋਲੇ ਭਟੂਰੇ ਦਾ ਨਾਸ਼ਤਾ ਕਰਕੇ ਹਾਲ ਵਿਚ ਬੈਠ ਰਹੇ ਸੀ.