ਪ੍ਰੋਗਰਾਮ ਦੀ ਸ਼ੁਰੂਆਤ – ਸਵੇਰੇ 10 ਵਜੇ ਹੀ ਪਰਿਵਾਰਾਂ ਦਾ ਆਉਣਾ ਸ਼ੁਰੂ ਹੋ ਗਿਆ. ਸਭ ਤੋਂ ਪਹਿਲਾਂ ਮਾਨਸਾ ਤੋਂ ਸੀਨੀਅਰ ਬੈਂਕ ਮੈਨੇਜਰ ਸ. ਰਵੇਲ ਸਿੰਘ ਜੀ ਆਪਣੇ ਪਰਿਵਾਰ ਸਮੇਤ ਪਹੁੰਚੇ. ਥੋੜੀ ਦੇਰ ਬਾਅਦ ਹੀ ਸੰਮੇਲਨ ਦੇ ਮੁੱਖ ਮਹਿਮਾਨ ਸ਼੍ਰੀ ਓਮ ਭਾਰਦਵਾਜ ਜੀ ਵੀ ਕਰਨਾਲ ਤੋਂ ਪਰਿਵਾਰ ਸਮੇਤ ਪਹੁੰਚ ਗਏ. ਕਸ਼ਯਪ ਕ੍ਰਾਂਤੀ ਦੀ ਟੀਮ ਨੇ ਉਹਨਾਂ ਦਾ ਸਵਾਗਤ ਕੀਤਾ. ਕਰਮਾ ਅਤੇ ਕਸ਼ਯਪ ਕ੍ਰਾਂਤੀ ਦੀ ਟੀਮ ਸਵੇਰ ਤੋਂ ਹੀ ਸਾਰੀ ਤਿਆਰੀਆਂ ਕਰ ਰਹੀ ਸੀ. ਪੂਰੀ ਟੀਮ ਨੇ ਮੁੱਖ ਮਹਿਮਾਨ ਦੇ ਨਾਲ ਹੀ ਨਾਸ਼ਤਾ ਕੀਤਾ. ਇਸ ਦੌਰਾਨ ਪਰਿਵਾਰਾਂ ਦਾ ਆਉਣਾ ਹੁੰਦਾ ਰਿਹਾ ਅਤੇ ਹਾਲ ਭਰਦਾ ਰਿਹਾ. ਸਭ ਤੋਂ ਪਹਿਲਾਂ ਕਰਮਾ ਦੇ ਪ੍ਰਧਾਨ ਪ੍ਰਿੰਸੀਪਲ ਕੁਲਵੀਰ ਚੰਦ ਨੇ ਮੁੱਖ ਮਹਿਮਾਨ ਸ਼੍ਰੀ ਓਮ ਭਾਰਦਵਾਜ ਦਾ ਸਟੇਜ ਉਪਰ ਫੁੱਲਾਂ ਨਾਲ ਸਵਾਗਤ ਕੀਤਾ. ਇਸਦੇ ਨਾਲ ਹੀ ਉਤਰ ਪ੍ਰਦੇਸ਼ ਤੋਂ ਸਾਬਕਾ ਮੰਤਰੀ ਸ਼੍ਰੀ ਕਿਰਨਪਾਲ ਕਸ਼ਯਪ ਵੀ ਪਹੁੰਚ ਗਏ ਅਤੇ ਟੀਮ ਨੇ ਉਹਨਾਂ ਦਾ ਵੀ ਸਵਾਗਤ ਕੀਤਾ. ਸਾਰੇ ਮਹਿਮਾਨਾਂ ਨੇ ਮਿਲ ਕੇ ਜਯੋਤੀ ਪ੍ਰਜਵਲਿਤ ਕਰਕੇ ਰਸਮੀ ਤੌਰ ‘ਤੇ 11 ਵੇਂ ਪਰਿਵਾਰ ਸੰਮੇਲਨ ਦੀ ਸ਼ੁਰੂਆਤ ਕੀਤੀ. ਜਯੋਤੀ ਪ੍ਰਜਵਲਿਤ ਹੋਣ ਦੇ ਨਾਲ ਹੀ ਬੇਬੀ ਸ਼ਿਰੀਨ ਨੇ ਸਰਸਵਤੀ ਵੰਦਨਾ ਉਪਰ ਬਹੁਤ ਹੀ ਸੁੰਦਰ ਡਾਂਸ ਪੇਸ਼ ਕੀਤਾ. ਇਸ ਦੌਰਾਨ ਕਸ਼ਯਪ ਕ੍ਰਾਂਤੀ ਦੇ ਪ੍ਰਮੁੱਖ ਸ਼੍ਰੀ ਨਰਿੰਦਰ ਕਸ਼ਯਪ ਨੇ ਸਾਰੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਅਗਲੀ ਕਾਰਵਾਈ ਲਈ ਸਟੇਜ ਸਕੱਤਰ ਸ਼੍ਰੀ ਅਸ਼ੋਕ ਟਾਂਡੀ ਨੂੰ ਸਟੇਜ ਸੰਭਾਲ ਦਿੱਤੀ. ਅਸ਼ੋਕ ਟਾਂਡੀ ਜੀ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਰਮਾ ਦੀ ਟੀਮ ਦੇ ਹਰੇਕ ਮੈਂਬਰ ਬਾਰੇ ਵਿਸਥਾਰ ਨਾਲ ਜਾਣਕਾਰੀ ਦੱਸੀ. ਇਸਦੇ ਨਾਲ ਹੀ ਉਹਨਾਂ ਆਉਣ ਵਾਲੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨਾਂ ਦੇ ਬਾਰੇ ਵੀ ਪੂਰੀ ਜਾਣਕਾਰੀ ਨਾਲ ਸਮਾਜ ਦੇ ਪਰਿਵਾਰਾਂ ਨੂੰ ਜਾਣੂ ਕਰਵਾਇਆ. ਇਹਨਾਂ ਦੇ ਨਾਲ ਹੀ ਪ੍ਰੋ. ਰ.ਲ.ਬੱਲ ਵੀ ਸਟੇਜ ਨੂੰ ਸੰਭਾਲਣ ਦੀ ਜਿੰਮੇਵਾਰੀ ‘ਚ ਟਾਂਡੀ ਜੀ ਦਾ ਸਾਥ ਦੇ ਰਹੇ ਸਨ. ਇਕ ਇਕ ਕਰਕੇ ਪਰਿਵਾਰਾਂ ਨੂੰ ਵੀ ਸਟੇਜ ਉਪਰ ਬੁਲਾ ਕੇ ਉਹਨਾਂ ਦੀ ਜਾਣ-ਪਛਾਣ ਬਾਕੀ ਪਰਿਵਾਰਾਂ ਨਾਲ ਕਰਵਾਉਣੀ ਸ਼ੁਰੂ ਕੀਤੀ ਗਈ. ਬਹੁਤ ਸਾਰੇ ਪਰਿਵਾਰਾਂ ਨੇ ਸਟੇਜ ‘ਤੇ ਆ ਕੇ ਆਪਣੇ ਪਰਿਵਾਰ ਬਾਰੇ ਦੱਸਿਆ ਜਿਸਦਾ ਬਾਕੀ ਪਰਿਵਾਰਾਂ ਨੇ ਖੁੱਲੇ ਦਿਲ ਨਾਲ ਸਵਾਗਤ ਕੀਤਾ.
ਵਿਸ਼ੇਸ਼ ਮਹਿਮਾਨਾਂ ਦਾ ਆਉਣਾ ਅਤੇ ਸਵਾਗਤ – 11 ਵੇਂ ਪਰਿਵਾਰ ਸੰਮੇਲਨ ਦੌਰਾਨ ਮੁੱਖ ਮਹਿਮਾਨ ਸ਼੍ਰੀ ਸੁਖਦੇਵ ਕੋਮਲ (ਸੁਖਦੇਵ ਕੈਟਰਿੰਗ ਸਰਵਿਸਿਜ਼ ਲਿ. ਯੂ.ਕੇ.) ਵਿਸ਼ੇਸ਼ ਤੌਰ ‘ਤੇ ਸੰਮੇਲਨ ‘ਚ ਸ਼ਾਮਲ ਹੋਣ ਲਈ ਆਏ ਸਨ ਅਤੇ ਪਰਿਵਾਰ ਸਮੇਤ ਸੰਮੇਲਨ ‘ਚ ਪਹੁੰਚੇ. ਇਹਨਾਂ ਦੇ ਨਾਲ ਹੀ ਸ਼੍ਰੀ ਓਮ ਭਾਰਦਵਾਜ ਜੀ ਪਹਿਲਾਂ ਹੀ ਪਹੁੰਚ ਚੁੱਕੇ ਸਨ. ਕਰਮਾ ਦੀ ਟੀਮ ਅਤੇ ਵਿਸ਼ੇਸ਼ ਮਹਿਮਾਨਾਂ ਨੇ ਸ਼੍ਰੀ ਸੁਖਦੇਵ ਕੋਮਲ ਦਾ ਫੁੱਲਾਂ ਦੀ ਮਾਲਾ ਅਤੇ ਬੁੱਕੇ ਨਾਲ ਸਵਾਗਤ ਕੀਤਾ. ਸਟੇਜ ਸਕੱਤਰ ਅਸ਼ੋਕ ਟਾਂਡੀ ਅਤੇ ਰ.ਲ.ਬੱਲ ਜੀ ਵਿਸ਼ੇਸ਼ ਮਹਿਮਾਨਾਂ ਬਾਰੇ ਪੂਰੀ ਜਾਣਕਾਰੀ ਸਮਾਜ ਨੂੰ ਦੇ ਰਹੇ ਸਨ ਅਤੇ ਵੱਡੀ ਸਕਰੀਨ ਉਪਰ ਇਹਨਾਂ ਨਾਲ ਸੰਬੰਧਤ ਪਿਛਲੇ ਪਰਿਵਾਰ ਸੰਮੇਲਨਾਂ ਦੀਆਂ ਝਲਕੀਆਂ ਵੀ ਦਿਖਾਈ ਦੇ ਰਹੀਆਂ ਸਨ. ਹੁਣ ਮੰਚ ਉਪਰ ਦੋਵੇਂ ਮੁੱਖ ਮਹਿਮਾਨ ਸ਼੍ਰੀ ਸੁਖਦੇਵ ਕੋਮਲ ਅਤੇ ਸ਼੍ਰੀ ਓਮ ਭਾਰਦਵਾਜ ਜੀ ਵਿਰਾਜਮਾਨ ਸਨ. ਇਹਨਾਂ ਦੇ ਨਾਲ ਹੀ ਵਿਸ਼ੇਸ਼ ਮਹਿਮਾਨ ਸ਼੍ਰੀ ਬਲਦੇਵ ਰਾਜ ਜੀ ਪੰਨਾ ਪਕੌੜੇ ਵਾਲੇ, ਪੰਜਾਬ ਕਸ਼ਯਪ ਰਾਜਪੂਤ ਸਭਾ ਦੇ ਸਾਬਕਾ ਪ੍ਰਧਾਨ ਸ਼੍ਰੀ ਦੇਵ ਰਾਜ ਮਾਲੜਾ, ਸ਼੍ਰੀ ਕਿਰਨਪਾਲ ਕਸ਼ਯਪ, ਸ. ਨਿਰਮਲ ਸਿੰਘ ਐਸ.ਐਸ., ਸ਼੍ਰੀ ਸਤਪਾਲ ਮਹਿਰਾ ਕਪੂਰਥਲਾ, ਚੰਡੀਗੜ੍ਹ ਕਸ਼ਯਪ ਰਾਜਪੂਤ ਸਭਾ ਦੇ ਪ੍ਰਧਾਨ ਸ਼੍ਰੀ ਐਨ.ਆਰ. ਮਹਿਰਾ ਅਤੇ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਚੈਰੀਟੇਬਲ ਟਰਸਟ ਤੋਂ 31 ਮੈਂਬਰੀ ਕਮੇਟੀ ਦੇ ਕਨਵੀਨਰ ਸ. ਪ੍ਰਸ਼ੋਤਮ ਸਿੰਘ ਜੀ ਸਟੇਜ ਦੀ ਸ਼ੋਭਾ ਵਧਾ ਰਹੇ ਸਨ. ਉਹਨਾਂ ਦੇ ਨਾਲ ਕਰਮਾ ਦੀ ਟੀਮ ਤੋਂ ਪ੍ਰਿੰਸੀਪਲ ਕੁਲਵੀਰ ਚੰਦ, ਸ਼੍ਰੀ ਸੁਸ਼ੀਲ ਕਸ਼ਯਪ, ਵਿਜੇ ਕੁਮਾਰ, ਜਗਦੀਸ਼ ਸਿੰਘ ਲਾਟੀ, ਅਮਰੀਕ ਸਿੰਘ ਮੰਨੀ, ਜਗਦੀਪ ਕੁਮਾਰ ਬੱਬੂ, ਸੁਭਾਸ਼ ਚੰਦਰ ਜਗਰਾਉਂ, ਕਸ਼ਮੀਰ ਸਿੰਘ ਨੀਲਾ ਅੰਮ੍ਰਿਤਸਰ, ਕਮਲਜੀਤ ਸਿੰਘ ਭੋਗਪੁਰ, ਕਸ਼ਯਪ ਕ੍ਰਾਂਤੀ ਦੇ ਪ੍ਰਮੁੱਖ ਅਤੇ ਕਰਮਾ ਦੇ ਸੰਯੋਜਕ ਸ਼੍ਰੀ ਨਰਿੰਦਰ ਕਸ਼ਯਪ ਜੀ ਵਿਰਾਜਮਾਨ ਸਨ.