ਪੰਜ ਪਿਆਰਿਆਂ ਵਿਚੋਂ ਇਕ ਭਾਈ ਹਿੰਮਤ ਸਿੰਘ ਜੀ ਸ਼ਹੀਦ
The Legacy of Bhai Himmat Singh Ji
ਸਿੱਖ ਧਰਮ ਦੇ ਇਤਿਹਾਸ ਦਾ ਹਰ ਇਕ ਪੰਨਾ ਅਨੇਕਾਂ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ। ਇਹਨਾਂ ਸ਼ਹੀਦੀਆਂ ਦੀ ਜਾਂਚ ਸਿੱਖ ਗੁਰੂ ਸਾਹਿਬਾਨਾਂ ਨੇ ਆਪ ਸ਼ਹੀਦੀਆਂ ਦੇ ਕੇ ਆਪਣੇ ਸਿੱਖਾਂ ਨੂੰ ਸਿਖਾਈ ਸੀ। ਕਿਉਂਕਿ ਪੰਜਵੇਂ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹੀਦੀ ਅਨੇਕਾਂ ਤਸੀਹਿਆਂ ਤੋਂ ਬਾਅਦ ਹੋਈ ਸੀ। ਜਿਸ ਦੌਰਾਨ ਉਹਨਾਂ ਨੂੰ ਕਦੇ ਕੜਕਦੀ ਧੁੱਪ ਵਿਚ ਰੱਖਿਆ ਗਿਆ ਅਤੇ ਕਦੇ ਤੱਤੀ ਤਵੀ ਤੇ ਬਿਠਾਇਆ ਗਿਆ। ਸੀਸ ਉਤੇ ਸੜਦੀ ਭੁੱਜਦੀ ਰੇਤ ਪਾਈ ਗਈ। ਉਬਲਦੀਆਂ ਦੇਗਾਂ ਵਿਚ ਬਿਠਾਇਆ ਗਿਆ ਅਤੇ ਆਖਰ ਰਵੀ ਦੇ ਠੰਡੇ ਜਲ ਵਿਚ ਉਹ ਸਮਾਂ ਗਏ। ਇਸ ਸ਼ਹੀਦੀ ਨੂੰ ਇਉਂ ਹੀ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਸਾਹਿਬ ਆਉਣ ਵਾਲੇ ਸਮੇਂ ਬਾਰੇ ਹੀ ਦੱਸ ਦਿੱਤਾ ਹੋਵੇ ਕਿ ਗੁਰੂ ਸਾਹਿਬਾਨਾਂ ਅਤੇ ਉਨ੍ਹਾਂ ਦੇ ਗੁਰ ਸਿੱਖਾਂ ਨੂੰ ਕਈ ਤਰ੍ਹਾਂ ਦੇ ਤਸੀਹੇ ਝੱਲਣੇ ਪੈਣਗੇ ਅਤੇ ਉਨ੍ਹਾਂ ਆਪ ਇਹ ਤਸੀਹੇ ਝੱਲ ਕੇ ਮਿਸਾਲ ਕਾਇਮ ਕੀਤੀ। ਸ਼ਹੀਦੀਆਂ ਦੀ ਲੜੀ ਵਿਚ ਅਨੇਕਾਂ ਦੀ ਯੋਧੇ, ਸੂਰਵੀਰ ਅਤੇ ਬਹਾਦਰਾਂ ਦੇ ਨਾਮ ਆਉਂਦੇ ਹਨ। ਉਹਨਾਂ ਵਿਚੋਂ ਇਕ ਨਾਮ ਹਨ ਸ਼ਹੀਦ ਭਾਈ ਹਿੰਮਤ ਸਿੰਘ ਜੀ ਜਿਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਸਮੇਂ ਆਪਣਾ ਸਿਰ ਗੁਰੁੂ ਜੀ ਨੂੰ ਭੇਟ ਕੀਤਾ ਸੀ ਅਤੇ ਜੋ ਕਿ ਚਮਕੌਰ ਦੀ ਗੜੀ ਵਿਚ ਸ਼ਹੀਦੀ ਪ੍ਰਾਪਤ ਕਰ ਗਏ।
ਪਰਿਵਾਰ ਦਾ ਇਤਿਹਾਸ
ਪਟਿਆਲਾ ਰਿਆਸਤ ਦੇ ਪਿੰਡ ਸੰਗਤਪੁਰਾ ਸੋਢੀਆਂ ਦੇ ਭਾਈ ਜੋਤੀ ਰਾਮ ਦੇ ਘਰ ਮਾਤਾ ਰਾਮੋ ਦੀ ਕੁੱਖੋਂ ਰਘੂਰਾਏ ਅਤੇ ਸੱਘੂਰਾਏ ਨੇ ਜਨਮ ਲਿਆ, ਪਰ ਉਹ ਬੱਚੇ ਬਚਪਨ ਵਿਚ ਯਤੀਮ ਹੋ ਗਈ। 1606 ਈੰ. ਨੂੰ ਗੁਰਤਾ ਗੱਦੀ ਮਿਲਣ ਤੋਂ ਬਾਅਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ ਸੀਸ ਤੇ ਕਲਗੀ ਵੀ ਸਜਾਉਣੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਸਿੱਖਾਂ ਨੂੰ ਚੰਗੇ ਸ਼ਸਤਰ ਅਤੇ ਵਧੀਆ ਨਸਲ ਦੇ ਘੋੜੇ ਭੇਂਟ ਕਰਨ ਦੇ ਹੁਕਮ ਕਰ ਦਿੱਤੇ। ਇਸਦੇ ਨਾਲ ਹੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਸਾਹਮਣੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਿਰਜਣਾ ਕਰਕੇ ਮੀਰੀ ਪੀਰੀ ਦਾ ਸਿਧਾਂਤ ਸਿੱਥ ਪੰਥ ਵਿਚ ਲਾਗੂ ਕਰ ਦਿੱਤਾ। ਇਸੇ ਦੌਰਾਨ ਸੰਗਤਪੁਰੇ ਤੋਂ ਸੰਗਤ ਸ਼੍ਰੀ ਅੰਮ੍ਰਿਤਸਰ ਆਈ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦੋਨਾਂ ਯਤੀਮ ਬੱਚਿਆਂ ਦੀ ਆਪਣੇ ਦਰਬਾਰ ਵਿਚ ਪ੍ਰਵਰਿਸ਼ ਕਰਨ ਦੀ ਬੇਨਤੀ ਕੀਤੀ।
ਗੁਰੂ ਸਾਹਿਬ ਨੇ ਰਘੂਰਾਏ ਅਤੇ ਸੱਘੂਰਾਏ ਨੂੰ ਸਮੇਂ ਅਨੁਸਾਰ ਪੜਾਈ ਕਰਵਾਈ ਅਤੇ ਘੋੜ ਸਵਾਰੀ ਦੇ ਨਾਲ ਨਾਲ ਸ਼ਸਤਰ ਵਿਦਿਆ ਵਿਚ ਨਿਪੁੰਨ ਕਰ ਦਿੱਤਾ। ਇਸੇ ਦੌਰਾਨ ਹੀ ਦਿੱਲੀ ਦੇ ਬਾਦਸ਼ਾਹ ਨੇ ਮੁੱਖਲਿਸ ਖਾਨ ਦੀ ਕਮਾਂਡ ਹੇਠ ਫੌਜ ਭੇਜ ਅੰਮ੍ਰਿਤਸਰ ਚੜਾਈ ਕਰਾ ਦਿੱਤੀ। ਲੋਰਗੜ੍ਹ ਦੇ ਮੈਦਾਨ ਵਿਚ ਤਿੰਨ ਦਿਨ ਜੰਗ ਤੋਂ ਬਾਅਦ ਗੁਰੂ ਜੀ ਨੇ ਮੁੱਖਲਿਸ ਖਾਂ ਨੂੰ ਇਕੋ ਹੀ ਵਾਰ ਨਾਲ ਝਟਕਾ ਦਿੱਤਾ। ਇਸ ਜੰਗ ਵਿਚ ਭਾਈ ਸੱਘੂਰਾਏ ਵੀ ਸ਼ਹੀਦ ਹੋ ਗਏ ਪਰ ਭਾਈ ਰਘੂਰਾਏ ਦੀ ਬੰਸ ਅੱਗੇ ਤੁਰੀ। ਉਹਨਾਂ ਦੇ ਪੁੱਤਰ ਗੁਲਜਾਰੀ ਰਾਏ ਹੋਏ ਅਤੇ ਗੁਲਜਾਰੀ ਰਾਏ ਦੇ ਇਕ ਪੱਤਰ ਮਾਲਦਿਉ ਅਤੇ ਇਕ ਪੁੱਤਰੀ ਨੇ ਜਨਮ ਲਿਆ। ਭਾਈ ਮਾਲਦਿਉ ਗੁਰੂ ਤੇਗ ਬਹਾਦਰ ਜੀ ਦੀ ਨੂੰ ਗੁਰਆਈ ਮਿਲਣ ਤੋਂ ਪਹਿਲਾਂ ਹੀ ਉਹਨਾਂ ਨਾਲ ਬਾਬੇ ਬਕਾਲੇ ਆ ਗਏ। ਇਸੇ ਦੌਰਾਨ ਹੀ ਬਾਬਾ ਹਿੰਮਤ ਸਿੰਘ ਜਾ ਦਾ ਜਨਮ ਪਿਤਾ ਸ਼੍ਰੀ ਮਾਲਦਿਉ ਅਤੇ ਮਾਤਾ ਲਾਲ ਦੇਈ ਦੇ ਘਰ 15 ਜੇਠ ਸੰਮਤ 1721 ਬਿ੍ਰਕਮੀ 28 ਮਈ 1664 ਨੂੰ ਬਾਬੇ ਬਕਾਲੇ ਵਿਖੇ ਹੋਇਆ। (ਭਾਈ ਹਿੰਮਤ ਸਿੰਘ ਜੀ ਦੇ ਜਨਮ ਸੰਬੰਧੀ ਬਹੁਤ ਸਾਰੀਆਂ ਕਥਾਵਾਂ ਹਨ ਅਤੇ ਬਹੁਤ ਸਾਰੇ ਇਤਿਹਾਸਕਾਰਾਂ ਦੇ ਵਿਚਾਰ ਆਪਸ ਵਿਚ ਨਹੀਂ ਮਿਲਦੇ।)
ਬਾਬਾ ਮੱਖਣ ਸ਼ਾਹ ਲੁਭਾਣਾ ਦੀ ਸ਼ਰਧਾ ਵਸ ਹੋ ਕੇ ਜਦੋਂ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋਏ ਤਾਂ ਉਸ ਪਿੱਥੋਂ ਉਹ ਸ਼੍ਰੀ ਅਨੰਦਪੁਰ ਸਾਹਿਬ ਚਲੇ ਗਏ। ਭਾਈ ਮਾਲਦਿਓ ਅਤੇ ਬਾਲ ਹਿਮੰਤ ਰਾਏ ਵੀ ਉਹਨਾਂ ਦੇ ਨਾਲ ਅਨੰਦਪੁਰ ਸਾਹਿਬ ਅਤੇ ਫਿਰ ਗੂਰ ਜੀ ਨਾਲ ਸੰਸਾਰ ਦਾ ਭ੍ਰਮਣ ਕਰਦੇ ਹੋਏ ਪਟਨਾ ਪਹੁੰਚ ਗਏ, ਜਿੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਿੰਸਬਰ 1666 ਈ. ਨੂੰ ਹੋਇਆ। ਉਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਭਾਈ ਹਿੰਮਤ ਸਿੰਘ ਜੀ ਜਿੱਥੇ ਪੜਾਈ ਕਰਦੇ ਸੀ ਉਸਦੇ ਨਾਲ ਹੀ ਸ਼ਸਤਰ ਵਿਦਿਆ ਅਤੇ ਘੋੜ ਸਵਾਰੀ ਵਿਚ ਵੀ ਪੂਰੀ ਤਰ੍ਹਾਂ ਨਿਪੁਨ ਹੋ ਗਏ। ਜਦੋਂ ਗੁਰੁ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਹਿੰਦੂ ਗ੍ਰੰਥ ਰਮਾਇਣ, ਮਹਾਂਭਾਰਤ ਸਮੇਤ ਹੋਰ ਸ਼ਾਸਤਰਾਂ ਦੀ ਘੋਖ ਕਰਨ ਲਈ ਬਨਾਰਸ ਭੇਜਿਆ ਤਾਂ ਭਾਈ ਹਿੰਮਤ ਸਿੰਘ ਜੀ ਵੀ ਨਾਲ ਗਏ। ਜਿੱਥੋਂ ਉਹ ਸਿੱਖੀ ਦੇ ਪ੍ਰਚਾਰ ਲਈ ਜਗਨਨਾਥ ਪੁਰੀ ਉੜੀਸਾ ਜਾ ਪਹੁੰਚੇ।
ਖਾਲਸਾ ਪੰਥ ਦੀ ਸਾਜਣਾ ਸਮੇਂ ਸਿਰ ਦਾ ਬਲਿਦਾਨ ਦੇਣਾ
1699 ਦੀ ਵਿਸਾਖੀ ਨੂੰ ਜਦੋਂ ਗੁਰੂ ਸਾਹਿਬ ਦਾ ਹੁਕਮ ਮਿਲਿਆ ਤਾਂ ਉਹ ਆਪਣੇ ਸਾਥੀਆਂ ਸਮੇਤ ਅਨੰਦਪੁਰ ਸਾਹਿਬ ਪਹੁੰਚੇ। ਕੇਸਗੜ੍ਹ ਦੀ ਪਹਾੜੀ ਤੇ ਸਜੇ ਹੋਏ ਦੀਵਾਨ ਵਿਚ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਿਸ਼ਕਦੀ ਕਿਰਪਾਨ ਹੱਥ ਵਿਚ ਫੜ ਕੇ ਕਿਹਾ ਕਿ ਮੈਨੂੰ ਇਕ ਸਿਰ ਦੀ ਲੋੜ ਹੈ ਤਾਂ ਭਾਈ ਦਇਆ ਰਾਮ ਖੱਤਰੀ ਲਾਹੌਰ ਵਾਸੀ ਗੂਰੂ ਜੀ ਸਾਮ੍ਹਣੇ ਜਾ ਖਲੋਤਾ, ਜਿਸਨੂੰ ਗੁਰੂ ਜੀ ਤੰਬੂ ਵਿਚ ਲੈ ਗਏ ਅਤੇ ਬਾਹਰ ਸੰਗਤਾਂ ਨੂੰ ਕਿਰਪਾਨ ਚੱਲਣ ਅਤੇ ਧੜ ਡਿੱਗਣ ਦੀ ਅਵਾਜ਼ ਸੁਣਾਈ ਦਿੱਤੀ। ਗੁਰੂ ਸਾਹਿਬ ਲਹੂ ਨਾਲ ਭਿੱਜੀ ਹੋਈ ਕਿਰਪਾਨ ਲੈ ਕੇ ਫਿਰ ਇਕ ਹੋਰ ਸਿਰ ਦੀ ਮੰਗ ਕੀਤੀ ਤਾਂ ਭਾਈ ਧਰਮਚੰਦ ਜਿਲਾ ਸਹਾਰਨਪੁਰ ਅੱਗੇ ਆਇਆ। ਫਿਰ ਪਹਿਲਾਂ ਵਾਂਗ ਹੀ ਤੰਬੂ ਵਿਚ ਅਵਾਜ਼ ਆਈ ਤਾਂ ਸੰਗਤਾਂ ਵਿਚ ਭਾਜੜਾ ਪੈ ਗਿਆ।
ਜਦੋਂ ਤੀਜੀ ਵਾਰ ਗੁਰੂ ਜੀ ਨੇ ਫਿਰ ਕਿਰਪਾਲ ਲਹਿਰਾਈ ਅਤੇ ਸੀਸ ਮੰਗਿਆ ਤਾਂ ਭਾਈ ਹਿੰਮਤ ਰਾਏ ਜੀ ਮਹਿਰਾ (ਕਸ਼ਯਪ ਰਾਜਪੂਤ) ਨਿਵਾਸੀ ਸੰਗਤਪੁਰਾ, ਰਿਆਸਤ ਪਟਿਆਲਾ ਭੀੜ ਨੂੰ ਚੀਰਦੇ ਹੋਏ ਗੁਰੂ ਜੀ ਦੇ ਕੋਲ ਆ ਗਿਆ। ਗੁਰੂ ਸਾਹਿਬ ਹਿੰਮਤ ਰਾਏ ਨੂੰ ਵੀ ਤੰਬੂ ਵਿਚ ਲੈ ਗਏ ਅਤੇ ਇਕ ਵਾਰ ਫਿਰ ਕਿਰਪਾਨ ਨਾਲ ਸੀਸ ਕੱਟਣ ਦੀ ਅਵਾਜ਼ ਆਈ। ਚੌਥੀ ਵਾਰ ਜਦੋਂ ਗੁਰੂ ਜੀ ਨੇ ਇਕ ਹੋਰ ਸੀਸ ਦੀ ਮੰਗ ਕੀਤੀ ਤਾਂ ਭਾਈ ਮੋਹਕਮ ਚੰਦ ਪਿੰਡ ਬੂੜੀਆਂ ਜਿਲਾ ਅੰਬਾਲਾ ਦਾ ਛੀਂਬਾ ਗੁਰੂ ਜੀ ਦੇ ਅੱਗੇ ਪੇਸ਼ ਹੋਇਆ ਅਤੇ ਪੰਜਵੀ ਵਾਰ ਭਾਈ ਸਾਹਿਬ ਚੰਦ ਪਿੰਡ ਨੰਗਲ ਸ਼ਹੀਦਾਂ ਜਿਲਾ ਹੁਸ਼ਿਆਰਪੁਰ ਨਾਈ ਬਿਰਾਦਰੀ ਨੇ ਆਪਣਾ ਸੀਸ ਭੇਂਟ ਕੀਤਾ।
ਗੁਰੂ ਸਾਹਿਬ ਨੇ ਤੰਬੂ ਵਿਚ ਜਾ ਕੇ ਪੰਜਾਂ ਹੀ ਸਿੰਘਾਂ ਨੂੰ ਜੀਵਤ ਕਰਕੇ ਨਵੇਂ ਲਿਬਾਸ ਵਿਚ ਸੰਗਤ ਦੇ ਸਾਹਮਣੇ ਪੇਸ਼ ਕੀਤਾ ਅਤੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਉਹਨਾਂ ਦੇ ਮੋਢਿਆਂ ਤੇ ਖਾਲਸਾ ਪੰਥ ਦੀ ਨੀਂਹ ਰੱਖ ਦਿੱਤੀ। ਗੁਰੂ ਸਾਹਿਬ ਨੇ ਆਪ ਵੀ ਪੰਜਾਂ ਸਿੰਘਾਂ ਦੇ ਕੋਲੋੋਂ ਅੰਮ੍ਰਿਤ ਦੀ ਦਾਤ ਮੰਗਾ ਤਾਂ ਭਾਈ ਦਇਆ ਸਿੰਘ ਨੇ ਕਿਹਾ ਕਿ ਅਸੀਂ ਤਾਂ ਆਪਣੇ ਸੀਸ ਦੇ ਕੇ ਆਪ ਜੀ ਕੋਲੋਂ ਅੰਮ੍ਰਿਤ ਦੀ ਦਾਲ ਲਈ ਹੈ ਤਾਂ ਤੁਸੀਂ ਕੀ ਭੇਂਟ ਕਰੋਗੇ। ਇਸ ਬਾਰੇ ਕਵੀ ਲਿਖਦਾ ਹੈ –
ਅੰਮ੍ਰਿਤ ਮੈਨੂੰ ਵੀ ਦਿਉ ਗੁਰੂ ਖਾਲਸਾ ਜੀ।
ਗੋਬਿੰਦ ਆਖਿਆ ਪੰਜ ਪਿਆਰਿਆਂ ਨੂੰ॥
ਮੈਨੂੰ ਪੰਥ ਦੇ ਨਾਮ ਦੀ ਚੜੇ ਰੰਗਣ।
ਮੈਂ ਵੀ ਮਾਣ ਲਵਾਂ ਰੱਬੀ ਨਜ਼ਾਰਿਆਂ ਨੂੰ॥
ਦਇਆ ਸਿੰਘ ਨੇ ਮੋੜ ਜਵਾਬ ਦਿੱਤਾ।
ਸੌਦਾ ਕਿਸ ਭਾਅ ਪਿਆ ਵਣਜਾਰਿਆਂ ਨੂੰ॥
ਮਿਲਦਾ ਸਿਰਾਂ ਦੇ ਬੋਬਿਆਂ ਤਾਰਿਆਂ ਨੂੰ।
ਗੋਬਿੰਦ ਆਖਿਆ ਰੱਬ ਗਵਾਹ ਲੈ ਲਓ।
ਕੀਤੇ ਬੋਲਾਂ ਤੇ ਪੂਰਣੇ ਪਾ ਦਿਆਂਗਾ।
ਤੁਸੀਂ ਅੰਮ੍ਰਿਤ ਲਈ ਪੰਜ ਸੀਸ ਦਿੱਤੇ।
ਮੈਂ ਸਰਬੰਸ ਕੁਰਬਾਨ ਕਰਵਾ ਦਿਆਂਗਾਂ॥
ਇਸ ਤੋਂ ਪਿੱਛੋਂ ਗੁਰੂ ਸਾਹਿਬ ਨੇ ਆਪ ਵੀ ਪੰਜਾ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਲਈ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜ ਗਏ। ਉਹਨਾਂ ਦੇ ਬਚਪਨ ਦੇ ਸਾਥੀ ਅਤੇ ਸੂਰਬੂਰ ਜੋਧੇ ਬਾਬਾ ਹਿੰਮਤ ਸਿੰਘ ਨੇ ਮੁਗਲ ਫੌਜਾਂ ਅਤੇ ਬਾਈ ਧਾਰ ਦੇ ਰਾਜਿਆਂ ਵੱਲੋਂ ਠੋਸੀਆਂ ਕਈ ਜੰਗਾਂ ਗੁਰੂ ਸਾਹਿਬ ਦੀ ਅਗਵਾਈ ਹੇਠ ਲੜੀਆਂ।
ਚਮਕੌਰ ਦੀ ਜੰਗ ਅਤੇ ਭਾਈ ਹਿੰਮਤ ਸਿੰਘ ਦੀ ਸ਼ਹਾਦਤ
1704 ਈ ਨੂੰ 20 ਦਿਸੰਬਰ ਦੀ ਰਾਤ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਰੋਪੜ ਵੱਲ ਤੁਰੇ ਤਾਂ ਭਾਈ ਹਿੰਮਤ ਸਿੰਘ ਜੀ ਉਹਨਾਂ ਦੇ ਨਾਲ ਸੀ। ਸਰਸਾ ਨਦੀ ਪਾਰ ਕਰਕੇ ਜਦੋਂ ਗੁਰੂ ਸਾਹਿਬ ਚਮਕੌਰ ਦੀ ਕੱਚੀ ਗੜੀ ਵਿਚ ਪਹੁੰਚੇ ਤਾਂ ਦਸ ਲੱਖ ਦੇ ਕਰੀਬ ਦੁਸ਼ਮਣਾਂ ਦੀਆਂ ਫੌਜਾਂ ਨੇ ਘੇਰਾ ਪਾ ਲਿਆ। ਉਹਨਾਂ ਨਾਲ ਭਾਈ ਹਿੰਮਤ ਸਿੰਘ ਸਮੇਤ 42 ਸਿੰਘ ਸਨ। ਹਕੀਮ ਮਿਰਜਾ ਅੱਲਾ ਯਾਰ ਖਾਂ ਯੋਗ ਰਹਿਮਾਨੀ ਲਿਖਦੇ ਹਨ –
ਜਿੰਨ੍ਹ ਸਿੰਘੋਂ ਨੇ ਕਲ੍ਹ ਮੌਤ ਕੇ ਸਾਹਿਲ ਥਾ ਉਤਰਨਾ। ਕਲ ਸੁਬਹ ਥਾ ਜਿਨ ਖਾਲਸੋਂ ਨੇ ਜੰਗ ਮੇਂ ਮਰਨਾ॥
ਬਾਲੀਂ ਪੇ ਸ਼ਹੀਦੋਂ ਕੀ ਹੁਆ ਜਬ ਕਿ ਗੁਜਰਨਾ। ਮੁਸ਼ਕਿਲ ਹੂਆ ਉਸ ਜਾ ਸੇ ਕਦਮ ਆਗੇ ਕੋ ਧਰਨਾ॥
ਚੂੰਮਾਂ ਕਬੀ ਹਲਕੂਮ ਦਹਿਨ ਚੂੰਮਨੇ ਬੈਠੇ। ਜਬ ਪਾਇੰਤੀ ਆਏ ਤੋਂ ਚਰਨ ਚੂੰਮਨੇ ਬੈਠੇ॥
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਨੂੰ ਇੰਨਾ ਪਿਆਰ ਕਰਦੇ ਸਨ ਕਿ ਚਮਕੌਰ ਦੀ ਗੜੀ ਵਿਚ ਘੋੜਿਆਂ ਦੀਆਂ ਕਾਠੀਆਂ ਦੇ ਸਿਰਹਾਣੇ ਕਰਕੇ ਸੁੱਤੇ ਸਿੰਘਾਂ ਦੇ ਸਾਰੀ ਰਾਤ ਮੁੱਖ ਚੁੰਮਦੇ ਰਹੇ ਅਤੇ ਅੱਲਾ ਯਾਰ ਖਾਂ ਯੋਗੀ ਅਨੁਸਾਰ ਜਦੋਂ ਸਿੰਘਾਂ ਦੇ ਪੈਰਾਂ ਵੱਲ ਆਏ ਤਾਂ ਸਿੰਘਾਂ ਦੇ ਪੈਰਾਂ ਨੂੰ ਵੀ ਗੁਰੂ ਜੀ ਨੇ ਚੁੰਮਿਆ ਜਿਹਨਾਂ ਵਿਚ ਭਾਈ ਹਿੰਮਤ ਸਿੰਘ ਜੀ ਵੀ ਸਨ।
ਅਗਲੇ ਦਿਨ ਗੜੀ ਦੇ ਬਾਹਰ ਘਮਸਾਨ ਦਾ ਯੁੱਧ ਸ਼ੁਰੂ ਹੋਇਆ, ਜਿਸ ਵਿਚ ਪੰਜ-ਪੰਜ ਸਿੰਘਾਂ ਦੇ ਜੱਥੇ ਬਣਾ ਕੇ ਗੁਰੂ ਸਾਹਿਬ ਨੇ ਭੇਜਣੇ ਸ਼ੁਰੂ ਕੀਤੇ। ਜਦੋਂ ਸਾਹਿਬਜਾਦਾ ਅਜੀਤ ਸਿੰਘ ਜੰਗ ਦੇ ਮੈਦਾਨ ਵਿਚ ਜਾਣ ਲੱਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਹਿੰਮਤ ਸਿੰਘ ਜੀ ਨੂੰ ਉਹਨਾਂ ਦੇ ਨਾਲ ਜੰਗ ਦੇ ਮੈਦਾਨ ਵਿਚ ਭੇਜਿਆ ਤਾਕਿ ਜਿਥੋਂ ਉਹ ਦੁਸ਼ਮਣ ਦੇ ਆਹੂ ਲਾਹੁਣ ਉਥੇ ਸਾਹਿਬਜਾਦਾ ਅਜੀਤ ਸਿੰਘ ਨੂੰ ਵੀ ਲੋੜ ਪੈਣ ਤੇ ਸਹਾਇਤਾ ਦੇ ਕੇ ਵੈਰੀ ਨੂੰ ਹਾਰ ਦੇਣ। ਜਦੋਂ ਬਾਬਾ ਹਿੰਮਤ ਸਿੰਘ ਜੰਗ ਦੇ ਮੈਦਾਨ ਵਿਚ ਗਕਏ ਤਾਂ ਦੁਸ਼ਮਣ ਦੇ ਹਵਾਸ ਹੀ ਉਡ ਗਏ ਕਿਉਂਕਿ ਉਹ ਸਸ਼ਤਰ ਵਿਦਿਆ ਦੇ ਬਹੁਤ ਮਾਹਿਰ ਸਨ ਅਤੇ ਉਹਨਾਂ ਮੈਦਾਨ ਵਿਚ ਐਸੀ ਤਲਵਾਰ ਚਲਾਈ ਕਿ ਲਾਸ਼ਾਂ ਦੇ ਢੇਰ ਲੱਗ ਗਏ। ਦੂਜੇ ਪਾਸੇ ਜਦੋਂ ਸਾਹਿਬਜਾਦਾ ਅਜੀਤ ਸਿੰਘ ਨੂੰ ਉਰਹ ਵੈਰੀ ਦਲ ਵਿਚ ਘਿਰਿਆ ਦੇਖਦੇ ਤਾਂ ਫੌਰਨ ਬਿਜਲੀ ਦੀ ਤੇਜੀ ਵਾਂਗੂ ਉਸਦੀ ਸਹਾਇਤਾ ਲਈ ਪੁਹੰਚ ਜਾਂਦੇ। ਦੋਵੇਂ ਸੂਰਬੀਰ ਮੈਦਾਨ ਵਿਚ ਇੰਝ ਗਰਜ ਰਹੇ ਸਨ ਜਿਵੇਂ ਬੱਬਰ ਸ਼ੇਰ ਭੇਡਾਂ ਦੀਆਂ ਡਾਰਾਂ ਵਿਚ ਭੜਥੂ ਪਾਉਂਦੇ ਹਨ। ਬਾਬਾ ਹਿੰਮਤ ਸਿੰਘ ਅਤੇ ਸਾਹਿਬਜਾਦਾ ਅਜੀਤ ਸਿੰਘ ਜਿਸ ਵੀ ਪਾਸੇ ਜਾਂਦੇ ਦੁਸ਼ਮਣ ਦੀਆਂ ਫੌਜਾਂ ਭੇਡਾਂ ਵਾਂਗ ਉਹਨਾਂ ਦੇ ਅੱਗੇ ਦੌੜਦੀਆਂ ਫਿਰਦੀਆਂ। ਜਦੋਂ ਵੈਰੀ ਦਲ ਦੇ ਜਰਨੈਲਾਂ ਨੇ ਦੇਖਿਆ ਕਿ ਉਨ੍ਹਾਂ ਦੀਆਂ ਫੌਜਾਂ ਦਾ ਭਾਰੀ ਜਾਨੀ ਨੁਕਸਾਨ ਹੋ ਰਿਹਾ ਹੈ ਤਾਂ ਉਨਆੰ ਨੇ ਇਕੋ ਵਾਰੀ ਹੀ ਤੀਰ ਦੀ ਬੁਛਾੜ ਕਰ ਦਿੱਤੀ ਜਿਸ ਨਾਲ ਬਾਬਾ ਹਿੰਮਤ ਸਿੰਘ ਦਾ ਜਿਸਮ ਵਿੰਨਿਆ ਗਿਆ ਪਰ ਉਹ ਫੇਰ ਵੀ ਮੈਦਾਨ ਵਿਚ ਗਰਜਦੇ ਰਹੇ, ਜਿਸਨੂੰ ਦੇਖ ਕੇ ਦੁਸ਼ਮਣ ਦੀਆਂ ਫੌਜਾਂ ਦੇ ਹੌਸਲੇ ਪਸਤ ਹੋ ਗਏ। ਅਖੀਰ ਜਿਸਮ ਵਿਚੋਂ ਜਿਆਦਾ ਖੂਨ ਵਹਿ ਜਾਣ ਕਾਰਣ ਜਦੋਂ ਉਹ ਧਰਤੀ ਤੇ ਡਿੱਗਣ ਲੱਗੇ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲ ਨੂੰ ਮੂੰਹ ਕਰਕੇ ਉਹਨਾਂ ਨੂੰ ਆਖਰੀ ਫਤਿਹ ਬੁਲਾ ਦਿੱਤੀ ਅਤੇ ਸ਼ਹੀਦੀ ਪ੍ਰਾਪਤ ਕਰ ਲਈ। ਜਦੋਂ ਭਾਈ ਹਿੰਮਤ ਸਿੰਘ ਜੀ ਜਮੀਨ ਤੇ ਡਿੱਗੇ ਤਾਂ ਗੁਰੂ ਸਾਹਿਬ ਨੇ ਉਚੀ ਜੈਕਾਰਾ ਛੱਡਿਆ ਅਤੇ ਆਪਣੇ ਸਿੰਘ ਨੂੰ ਆਖਰੀ ਸਲਾਮੀ ਦਿੱਤੀ। ਭਾਈ ਹਿੰਮਤ ਸਿੰਘ ਜੀ ਸ਼ਹੀਹੀ ਤੋਂ ਬਾਅਦ ਹੀ ਦੁਸ਼ਮਣ ਦਲ ਦਾ ਜੋਰ ਸਾਹਿਬਜਾਦਾ ਅਜੀਤ ਸਿੰਘ ਤੇ ਚੱਲਿਆ ਅਤੇ ਉਹ ਵੀ ਅਨੇਕ ਪਾਪੀਆਂ ਨੂੰ ਮੌਤੇ ਦੇ ਘਾਟ ਉਤਾਰ ਕੇ ਵੀਰ ਗਤੀ ਨੂੰ ਪ੍ਰਾਪਤ ਹੋ ਗਏ।
