ਇਤਿਹਾਸ ਬਾਬਾ ਮੋਤੀ ਰਾਮ ਮਹਿਰਾ ਜੀ
ਸਰਬੰਸਦਾਨੀ ਸਤਿਗੁਰੂ ਦੇ ਸਰਬੰਸਦਾਨੀ ਸਿੱਖ
ਸਿੱਖ ਪੰਥ ਦੇ ਅਨਮੋਲ ਮੋਤੀ
ਅਮਰ ਸ਼ਹੀਦ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ
ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਸਿੱਖ ਪੰਥ ਦੇ ਲਾਸਾਨੀ ਅਤੇ ਸ਼੍ਰੋਮਣੀ
ਸ਼ਹੀਦ ਹੋਏ ਹਨ ਜਿਨ੍ਹਾਂ ਨੇ ਗੁਰੂ ਚਰਨਾਂ ਦੇ ਪ੍ਰੇਮ ਵਿੱਚ ਭਿੱਜ ਕੇ ਆਪਣਾ ਤਨ ,ਮਨ ,ਧਨ
ਨਿਸ਼ਾਵਰ ਕਰਦਿਆਂ “ਅਮਰ ਸ਼ਹੀਦ “ਦਾ ਖਿਤਾਬ ਪ੍ਰਾਪਤ ਕੀਤਾ |
ਬਾਬਾ ਮੋਤੀ ਰਾਮ ਮਹਿਰਾ ਜੀ ਦਾ ਜਨਮ 9 ਫਰਵਰੀ ,1677 ਨੂੰ ਪਿਤਾ ਹਰਾ ਰਾਮ ਜੀ ਦੇ ਘਰ ਮਾਤਾ ਲੱਧੋ ਜੀ ਦੀ ਕੁੱਖ ਤੋਂ ਹੋਇਆ | ਆਪ ਜੀ ਦੇ ਪਿਤਾ ਜੀ ਖਾਣਾ ਬਣਾਉਣ ਦਾ ਕੰਮ ਕਰਦੇ ਸਨ | ਪਿਤਾ ਪੁਰਖੀ ਕਾਰੋਬਾਰ ਹੋਣ ਕਾਰਨ ਆਪ ਜੀ ਨੇ ਵੀ ਇਸੀ ਕਾਰੋਬਾਰ ਵਿੱਚ ਮੁਹਾਰਤ ਹਾਸਲ ਕੀਤੀ ਅਤੇ 17 ਸਾਲ ਦੀ ਆਯੂ ਵਿੱਚ ਆਪ ਜੀ ਨੂੰ ਸੂਬਾ ਸਰਹਿੰਦ ਦੇ ਕੈਦਖਾਨੇ ਵਿੱਚ ਰਸੋਸੀਏ ਦੀ ਨੌਕਰੀ ਮਿਲੀ |
ਬਾਬਾ ਮੋਤੀ ਰਾਮ ਮਹਿਰਾ ਜੀ ਸਰਹਿੰਦ ਦੀ ਜੇਲ੍ਹ ਵਿਚ ਨਜ਼ਰਬੰਦ ਹਿੰਦੂ ਕੈਦੀਆਂ ਦੇ ਲੰਗਰ ਦੇ ਇੰਚਾਰਜ ਸਨ |
ਪਰੀ ਨਿਸਾ ਇੱਕ ਮੋਤੀ ਰਾਮ | ਪੈਂਚ ਕੈਦੀਆਂ ਰੋਟੀ ਰਾਮ |
( ਸ਼੍ਰੀ ਗੁਰਪੁਰ ਪ੍ਰਕਾਸ਼ )
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋ ਥਾਪੇ ਪੰਜ ਪਿਆਰਿਆਂ ਵਿੱਚੋ ਭਾਈ ਹਿੰਮਤ ਸਿੰਘ ਰਿਸ਼ਤੇ ਵਿੱਚ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਚਾਚਾ ਜੀ ਲੱਗਦੇ ਸਨ |
ਮੋਤੀ ਰਾਮ ਸੰਗਿਤਪੁਰ ਵਾਸੀ | ਰਾਮ ਨਾਮ ਜਪ ਪੁੰਨ ਕਮਾਸੀ |
ਹਿੰਮਤ ਸਿੰਘ ਤਿਤ ਚਾਚੂ ਜਾਨਹੁ | ਪਾਂਚ ਪਯਾਰਣ ਮਾਹਿ ਪ੍ਰਧਾਨਹੁ |
ਧੰਨ ਧੰਨ ਮਾਤਾ ਗੁਜਰ ਕੌਰ ਜੀ ਅਤੇ ਛੋਟ ਸਾਹਿਬਜਾਦਿਆ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਤੇ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਨੂੰ ਜਦੋਂ ਮੋਰਿੰਡਾ ਦੇ ਕੋਤਵਾਲ ਨੇ ਗੰਗੂ ਬ੍ਰਾਹਮਣ ਦੀ ਸ਼ਿਕਾਇਤ ਤੇ ਗ੍ਰਿਫਤਾਰ ਕਰਕੇ ਸਰਹਿੰਦ ਦੇ ਨਵਾਬ ਵਜ਼ੀਰ ਖਾਂ ਅੱਗੇ ਪੇਸ਼ ਕੀਤੇ ਤਾਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ |
ਸਰਹਿੰਦ ਦੇ ਨਵਾਬ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਵੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਮਦਦ ਕਰੇਗਾ , ਉਸ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ ਪਰ ਇਸ ਦੇ ਬਾਵਜੂਦ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਜਦੋ ਪਤਾ ਲੱਗਿਆ ਕਿ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਹੋਇਆ ਹੈ ਤਾਂ ਉਹ ਬੜੇ ਪਿਆਰ ਨਾਲ ਪਰਸ਼ਾਦਾ ਤਿਆਰ ਕਰਕੇ ਠੰਡੇ ਬੁਰਜ ਪਹੁੰਚੇ ਪਰ ਮਾਤਾ ਜੀ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਕਿਹਾ ਕਿ ਆਪ ਜੀ ਦੀ ਸੇਵਾ ਪ੍ਰਵਾਨ ਹੈ ਪਰ ਅਸੀਂ ਮੁਗ਼ਲਾਂ ਦੀ ਰਸੋਈ ਦਾ ਬਣਿਆ ਖਾਣਾ ਨਹੀਂ ਛੱਕਣਾ | ਇਹ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਬਹੁਤ ਚਿੰਤਤ ਹੋਏ ਤੇ ਉਦਾਸੀ ਦੇ ਆਲਮ ਵਿੱਚ ਆਪਣੇ ਘਰ ਪੁਹੁੰਚੇ | ਬਾਬਾ ਜੀ ਦੇ ਮਾਤਾ ਜੀ ਅਤੇ ਧਰਮ ਸੁਪਤਨੀ ਨੇ ਬਾਬਾ ਜੀ ਨੂੰ ਚਿੰਤਾ ਦਾ ਕਾਰਨ ਪੁੱਛਿਆ ਤਾ ਉੰਨਾਂ ਨੇ ਦੱਸਿਆਂ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਤਿਕਾਰਯੋਗ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆ ਨੂੰ ਸਰਹਿੰਦ ਦੇ ਨਵਾਬ ਨੇ ਠੰਡੇ ਬੁਰਜ ਵਿੱਚ ਰੱਖਿਆ ਹੋਇਆ ਹੈ , ਮਲੇਛਾਂ ਦੀ ਰਸੋਈ ਦਾ ਖਾਣਾ ਖਾਣ ਤੋਂ ਉੱਨਾ ਨੇ ਇਨਕਾਰ ਕਰ ਦਿੱਤਾ ਹੈ ਤੇ ਕਈ ਦਿਨਾਂ ਤੋਂ ਉਹ ਭੁੱਖੇ ਪਿਆਸੇ ਹਨ |ਜੰਗਲ ਬੇਲਿਆਂ ਵਿੱਚ ਸਫਰ ਕਰਨ ਕਰਕੇ ਕੰਡਿਆਲੀਆਂ ਝਾੜੀਆਂ ਨਾਲ ਉੱਨਾ ਦੇ ਬਸਤਰ ਲੀਰੋ ਲੀਰ ਹੋ ਗਏ ਹਨ ਅਤੇ ਸਰੀਰ ਤੇ ਝਰੀਟਾਂ ਅਤੇ ਜਖ਼ਮ ਵੀ ਹੋ ਚੁੱਕੇ ਹਨ | ਲੰਬਾ ਸਫਰ ਹੋਣ ਕਰਕੇ ਸਾਹਿਬਜ਼ਾਦਿਆਂ ਦੇ ਪੈਰ ਵਿੱਚ ਛਾਲੇ ਪੈ ਗਏ ਜਨ ਅਤੇ ਪੈਰ ਵੀ ਸੁੱਜ ਗਏ ਹਨ ਤੇ ਹੁਣ ਠੰਡੇ ਬੁਰਜ ਵਿੱਚ ਤੇਜ਼ ਹਵਾ ਚੱਲਣ ਕਰਕੇ ਕੜਾਕੇ ਦੀ ਠੰਡ ਨਾਲ ਸਾਹਿਬਜ਼ਾਦਿਆਂ ਦੇ ਜ਼ਖਮ ਆਕੜ ਗਏ ਹਨ ਤੇ ਬਹੁਤ ਤਕਲੀਫ ਦੇ ਰਹੇ ਹਨ ਪਰ ਇਸ ਦੇ ਬਾਵਜੂਦ ਮਾਤਾ ਜੀ ਅਤੇ ਸਾਹਿਬਜਾਦੇ ਚੜ੍ਹਦੀਕਲਾਂ ਵਿੱਚ ਹਨ | ਇਹ ਦਰਦ ਭਰੀ ਦਾਸਤਾਨ ਸੁਣ ਕੇ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਮਾਤਾ ਜੀ ਅਤੇ ਧਰਮ ਸੁਪਤਨੀ ਜੀ ਨੇ ਕਿਹਾ ਕਿ ਇਸ ਸਮੇਂ ਸਾਨੂੰ ਗੁਰੂ ਸਾਹਿਬ ਜੀ ਦੇਪਰਿਵਾਰ ਦੀ ਸੇਵਾ ਵਿੱਚ ਹਾਜ਼ਰ ਹੋਣਾ ਚਾਹੀਦਾ ਹੈ | ਆਪਣੇ ਘਰ ਸਲਾਹ ਕਰਕੇ ਬਾਬਾ ਮੋਤੀ ਰਾਮ ਮਹਿਰਾ ਜੀ ਬੜੀ ਸੁਚਮੱਤਾ ਨਾਲ ਗਰਮ ਦੁੱਧ ਦਾ ਗੜਵਾ ਲੈ ਕੇ ਠੰਡੇ ਬੁਰਜ ਵੱਲ ਚੱਲ ਪਏ | ਚੱਲਣ ਤੋਂ ਪਹਿਲਾਂ ਬਾਬਾ ਜੀ ਦੇ ਧਰਮ ਸੁਪਤਨੀ ਨੇ ਆਪਣੇ ਗਹਿਣੇ ਦੇ ਕੇ ਅੱਗੇ ਲੰਘ ਜਾਣਾ ਪਰ ਇਹ ਸੇਵਾ ਜ਼ਰੂਰ ਨਿਭਾਉਣੀ | ਧੰਨ ਹਨ ਬਾਬਾ ਜੀ ਦੇ ਮਾਤਾ ਜੀ ਅਤੇ ਧਰਮ ਸੁਪਤਨੀ ਜਿਨ੍ਹਾਂ ਨੇ ਨਿਭਾਉਣ ਲਈ ਬਾਬਾ ਜੀ ਲਈ ਤਨ , ਮਨ ਅਤੇ ਧਨ ਨਾਲ ਸਾਥ ਦਿੱਤਾ | ਬਾਬਾ ਮੋਤੀ ਰਾਮ ਮਹਿਰਾ ਜੀ ਜਦੋਂ ਦੁੱਧ ਦਾ ਗੜਵਾ ਲੈ ਕੇ ਠੰਡਾ ਬੁਰਜ ਕੋਲ ਪੁਹੰਚੇ ਤਾਂ ਪਹਿਰੇਦਾਰ ਨੇ ਰੋਕ ਲਿਆ ਤੇ ਬਾਬਾ ਜੀ ਨੇ ਗਹਿਣੇ ਰਿਸ਼ਵਤ ਦੇ ਰੂਪ ਵਿੱਚ ਪਹਿਰੇਦਾਰ ਨੂੰ ਦੇ ਦਿੱਤਾ | ਪਹਿਰੇਦਾਰ ਬਾਬਾ ਜੀ ਨੂੰ ਪੁੱਛਣ ਲੱਗਾ ਕਿ ਕੀ ਤੁਹਾਨੂੰ ਨਵਾਬ ਦਾ ਡਰ ਨਹੀਂ ਲੱਗਦਾ ਕਿਉਂਕਿ ਉਸ ਨੇ ਐਲਾਨ ਕੀਤਾ ਹੋਇਆ ਹੈ ਕਿ ਜਿਹੜਾ ਵੀ ਗੁਰੂ ਸਾਹਿਬ ਜੀ ਦੇ ਪਰਿਵਾਰ ਦੀ ਮਦਦ ਕਰੇਗਾ , ਉਸ ਨੇ ਕੋਹਲੂ ਵਿੱਚ ਪੀੜ ਦਿੱਤਾ ਜਵੇਗਾ |ਬਾਬਾ ਜੀ ਬੜੀ ਨਿਮਰਤਾ ਨੇ ਪ੍ਰੇਮ ਵਿੱਚ ਭਿੱਜ ਕੇ ਕਹਿਣ ਲੱਗੇ , ਗੁਰੂ ਦੀ ਖੁਸ਼ੀ ਪ੍ਰਾਪਤ ਕਰਨ ਲਈ ਜੇ ਆਪਣਾ ਆਪ ਨਿਛਾਵਰ ਵੀ ਕਰਨਾ ਪੈ ਜਾਵੇ ਤੇ ਕੋਈ ਵੱਡੀ ਗੱਲ ਨਹੀਂ |ਪਹਿਰੇਦਾਰ ਨੇ ਅੱਗੇ ਜਾਣ ਦੀ ਇਜ਼ਾਜਤ ਦੇ ਦਿੱਤੀ |ਕੜਾਕੇ ਦੀ ਠੰਡ ਵਿੱਚ ਠੰਡੇ ਬੁਰਜ ਵਿੱਚ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਗਰਮ ਗਰਮ ਦੁੱਧ ਪਿਲਾਇਆ ਤੇ ਮਾਤਾ ਗੁਜਰ ਕੌਰ ਜੀ ਕੇ ਅਨੇਕਾਂ ਆਸੀਸ਼ਾ ਦਿੱਤੀਆਂ | ਕਵੀ ਸੰਤਰੇਣ ਭਾਈ ਪ੍ਰੇਮ ਸਿੰਘ ਜੀ ਲਿਖਦੇ ਜਨ :
ਪਿਖ ਕੇ ਪ੍ਰੇਮ ਸੁ ਮੋਤੀ ਕੇਰਾ | ਮਾਤਾ ਕਹੈਯੋ ਭਲਾ ਹੋਵੈ ਤੇਰਾ |
ਬਾਬਾ ਮੋਤੀ ਰਾਮ ਜੀ ਲਈ ਮਾਤਾ ਗੁਜਰ ਕੌਰ ਜੀ ਦੇ ਅਸੀਸ ਇੱਕ ਅਗੰਮੀ ਸਰਮਾਇਆ ਸੀ | ਇਸ ਸਰਮਾਏ ਦੇ ਸਾਮਹਣੇ ਦੁਨੀਆਂ ਦੀਆ ਸਭ ਦੌਲਤਾਂ ਉੱਨਾ ਲਈ ਹੁਣ ਮਿੱਟੀ ਸਮਾਨ ਸਨ | ਬਾਬਾ ਜੀ ਨੇ ਤਿੰਨ ਰਾਤਾਂ ਮਾਤਾ ਜੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਦੁੱਧ ਛਕਾਉਣ ਦੀ ਪਾਵਨ ਸੇਵਾ ਨਿਭਾਈ |
ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਆਪਣੀ ਅੱਖੀਂ ਦੇਖੀ ਤੇ ਫਿਰ ਵੈਰਾਗ ਵਿੱਚ ਆ ਕੇ ਆਪਣੀਆਂ ਹੰਜੂਆਂ ਨਾਲ ਭਰੀਆਂ ਅੱਖਾਂ ਨੂੰ ਸੰਭਾਲਦਿਆਂ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਜਾ ਕੇ ਇਸ ਸ਼ਹੀਦੀ ਸਾਕੇ ਦੀ ਖ਼ਬਰ ਦੱਸੀ | ਮਾਤਾ ਜੀ ਨੂੰ ਇਹ ਖ਼ਬਰ ਦੱਸਣੀ ਬਾਬਾ ਮੋਤੀ ਰਾਮ ਮਹਿਰਾ ਜੀ ਲਈ ਕਿਸੇ ਕਰੜੀ ਘਾਲਣਾ ਨਾਲੋਂ ਘੱਟ ਨਹੀਂ ਸੀ | ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੁਣ ਕੇ ਮਾਤਾ ਜੀ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਮਿਹਰਾਂ ਦੀ ਝਾਰੀ ਲੱਗਾ ਦਿੱਤੀ |ਉਪਰੰਤ ਮਾਤਾ ਜੀ ਵੀ ਦੇ ਦਸਮ ਦਵਾਰ ਰਾਹੀਂ ਆਪਣੇ ਸਵਾਸ ਬਾਹਰ ਕੱਢ ਕੇ ਸੱਚਖੰਡ ਪਿਆਨਾ ਕੀਤਾ | ਮਾਤਾ ਜੀ ਅਤੇ ਸਾਹਿਬਜਾਦਿਆਂ ਦੀ ਸ਼ਹੀਦੀ ਉਪਰੰਤ ਦੀਵਾਨ ਟੋਡਰ ਮੱਲ ਜੀ ਨਾਲ ਸਲਾਹ ਕਰਕੇ ਬਾਬਾ ਜੀ ਨੇ ਅੱਤੇ ਖਾਨ ਨਾਮੀ ਲੱਕੜਹਾਰੇ ਤੋਂ ਚੰਦਨ ਦੀ ਲੱਕੜ ਦਾ ਗੱਡਾ ਭਰ ਕੇ ਲਿਆਂਦਾ ਤੇ ਗੁਰੂਦਵਾਰਾ ਜੋਤੀ ਸਰੂਪ ਸਾਹਿਬ ਵਿਖੇ ਆਪਣੇ ਹੱਥੀਂ ਚਿਖਾ ਚਿਨ ਕੇ ਦੀਵਾਰ ਟੋਡਰ ਮੱਲ ਜੀ ਨਾਲ ਮਾਤਾ ਜੀ ਤੇ ਛੋਟੇ ਸਾਹਿਬਜਾਂਦਿਆਂ ਦਾ ਸੰਸਕਾਰ ਕੀਤਾ |ਬਾਬਾ ਜੀ ਨੇ ਆਪਣੇ ਪਾਵਨ ਬਿਬਾਨਾ ਨੂੰ ਮੋਢੇ ਲਗਾਇਆ | ਬਾਬਾ ਮੋਤੀ ਰਾਮ ਮਹਿਰਾ ਜੀ ਵਲੋਂ ਨਿਭਾਈ ਗਈ ਇਹ ਸੇਵਾ ਗੁਪਤ ਹੀ ਰਹਿੰਦੀ ਪਰ ਗੰਗੂ ਬ੍ਰਾਹਮਣ ਦਾ ਚਚੇਰਾ ਭਰਾ ਜਿਸ ਦਾ ਇਤਿਹਾਸ ਵਿੱਚ ਨਾਂ ਪੰਮਾ ਲੰਗਾ ਆਇਆ ਹੈ ਜਿਹੜਾ ਬਾਬਾ ਮੋਤੀ ਰਾਮ ਮਹਿਰਾ ਜੀ ਨਾਲ ਵਜੀਦ ਖਾਂ ਦੀ ਰਸੋਈ ਵਿੱਚ ਰਸੋਈਏ ਦਾ ਕੰਮ ਕਰਦਾ ਸੀ ,ਨੇ ਵਜੀਦ ਖਾਂ ਨੂੰ ਬਾਬਾ ਜੀ ਦੀ ਸ਼ਿਕਾਇਤ ਕਰ ਦਿੱਤੀ |
ਨੀਚ ਗੰਗੂ ਕੋ ਭ੍ਰਾਂਤ ਇਕ ਲੰਗਾ || ਤਿਨ ਲੀਨੋ ਮੋਤੀ ਸੰਗ ਪੰਗਾ ||
ਜਾਇ ਵਜੀਦ੍ਹੀ ਭੇਦ ਬਤਾਇਯੋ ||ਇੱਕ ਝੀਵਰ ਹੈ ਪੇਯ ਪਿਆਇਯੋ ||
ਗੁਰ ਕੋ ਮਾਤ ਬਾਲ ਸੁਖਦਾਈ || ਇਸਹਿ ਦੀਨ ਬਹੁਤ ਵਡਿਆਈ ||
ਪੰਮੇ ਲੰਗੇ ਦੀ ਚੁਗਲੀ ਕਰਨ ਨੇ ਵਜੀਦ ਖਾਂ ਦੇ ਹੁਕਮ ਨਾਲ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਪਰਿਵਾਰ ਸਮੇਤ ਪੇਸ਼ ਹੋਣ ਲਈ ਕਿਹਾ ਗਿਆ | ਵਜੀਦ ਖਾਂ ਨੇ ਕਰੋਧ ਨਾਲ ਅੱਗ ਬਬੂਲਾ ਹੋ ਜੋ ਗਰਜ ਕ ਕਿਹਾ ਮੋਤੀ ਰਾਮ, ਤੇਰੀ ਸ਼ਿਕਾਇਤ ਆਈ ਹੈ ਕਿ ਤੂੰ ਵੀ ਸਿੱਖ ਹੈ ਤੇ ਤੂੰ ਮਾਤਾ ਜੀ ਅਤੇ ਸਾਹਿਬਜਾਦਿਆਂ ਨੂੰ ਦੁੱਧ ਪਿਲਾਇਆ ਹੈ | ਬਾਬਾ ਮੋਤੀ ਰਾਮ ਮਹਿਰਾ ਜੀ ਕਹਿਣ ਲੱਗੇ ਕਿ ਇਹ ਸੱਚਾਈ ਹੈ |ਮੈਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਰਧਾਲੂ ਹਾਂ ਅਤੇ ਮੇਰੇ ਪਿਤਾ ਜੀ ਹਰਾ ਰਾਮ ਜੀ ਸ਼੍ਰੀ ਅਨੰਦਪੁਰ ਸਾਹਿਬ ਰਸਮ ਦਾ ਗੱਡਾ ਲੈ ਕੇ ਗਏ ਸਨ ਪਰ ਘੇਰਾਬੰਦੀ ਹੋਣ ਕਰਕੇ ਉਹ ਸ਼੍ਰੀ ਅਨੰਦਪੁਰ ਸਾਹਿਬ ਕਿਲੋ ਦੇ ਅੰਦਰ ਹੀ ਰਹੇ ਤੇ ਫਿਰ ਅੰਮ੍ਰਿਤ ਛੱਕ ਕੇ ਸਿੰਘ ਸਜ ਗਏ ਤੇ ਹਰਾ ਸਿੰਘ ਬਣ ਗਏ | ਉੱਨਾ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਜੰਗ ਵਿੱਚ ਸ਼ਹੀਦੀ ਪ੍ਰਾਪਤ ਕੀਤੀ |ਇਹ ਸੁਣ ਕੇ ਵਜੀਦ ਖਾਂ ਹੋਰ ਭੜਕ ਗਿਆ ਤੇ ਹੁਕਮ ਕਰ ਦਿੱਤਾ ਜਾਂ ਤਾਂ ਮੁਸਲਮਾਨ ਬਣ ਜਾਓ ਨਹੀਂ ਤਾਂ ਫਿਰ ਕੋਹਲੂ ਵਿੱਚ ਪੀੜ ਦਿੱਤਾ ਜਾਵੇਗਾ |ਬਾਬਾ ਜੀ ਨੇ ਸ਼ਹੀਦ ਹੋਣ ਪ੍ਰਵਾਨ ਕੀਤਾ |ਜ਼ਾਲਮ ਹਾਕਮ ਅਜੇ ਹੋਰ ਵੀ ਅਜਮਾਇਸ਼ ਲੈਣਾ ਚਾਹੁੰਦੇ ਸਨ|ਸੁਭਾ ਸਰਹਿੰਦ ਨੇ ਹੁਕਮ ਸੁਣਾਇਆ ਕਿ ਸਭ ਤੋਂ ਪਹਿਲਾਂ ਇਸ ਦੇ ਪੁੱਤਰ ਨੂੰ ਕੋਹਲੂ ਚਕੇ ਪੀੜ ਦਿਓ |ਬਾਬਾ ਜੀ ਨੇ ਆਪਣੇ ਪੁੱਤਰ ਨੂੰ ਦੇਖਿਆ |ਸਾਰਾ ਦਰਬਾਰ ਸਾਹ ਰੋਕੀ ਪਿਓ ਪੁੱਤਰ ਦੀ ਮਿਲਣੀ ਨੂੰ ਵਾਚ ਰਿਹਾ ਸੀ |ਬਾਬਾ ਜੀ ਨੂੰ ਮਹਿਸੂਸ ਹੋਇਆ ਜਿਸ ਰਸਤੇ ਗੁਰੂ ਜੀ ਦੇ ਲਾਲ ਤੁਰੇ ਹਨ , ਉਸੇ ਹੀ ਪਗਡੰਡੀ ਤੇ ਤੁਰਨ ਦਾ ਸੁਭਾਗ ਉਸ ਨੂੰ ਗੁਰੂ ਦੀ ਇਲਾਹੀ ਨਦਰਿ ਨਾਲ ਪ੍ਰਾਪਤ ਹੋ ਰਿਹਾ ਹੈ |ਬਾਬਾ ਮੋਤੀ ਰਾਮ ਜੀ ਦੀਆਂ ਅੱਖਾਂ ਸਾਹਮਣੇ ਬਾਬਾ ਜੀ ਦੇ ਛੇ ਸਾਲਾਂ ਸੁਪੁੱਤਰ ;ਅੱਸੀ ਸਾਲਾਂ ਮਾਤਾ , ਮਾਤਾ ਲੱਧੋ ਜੀ ਅਤੇ ਧਰਮ ਸੁਪਤਨੀ ਬੀਬੀ ਭੋਲੀ ਜੀ ਨੂੰ ਸਰਹਿੰਦ ਤੇ ਤੇਲੀਆਂ ਮੁਹੱਲੇ ਵਿੱਚ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ |ਪਰਿਵਾਰ ਕੋਹਲੂ ਵਿੱਚ ਪੀੜ੍ਹਿਆਂ ਜਾ ਰਿਹਾ ਸੀ ਪਰ ਬਾਬਾ ਮੋਤੀ ਰਾਮ ਮਹਿਰਾ ਜੀ ਰੱਬੀ ਭਾਣਿਆ ਦੇ ਵਿਸਮਾਦੀ ਕੌਤਕਾਂ ਨੂੰ ਮੁੰਦੀਆਂ ਹੋਈਆਂ ਅੱਖਾਂ ਨਾਲ ਵੇਖ ਰਹੇ ਸਨ |ਵਾਰੋ ਵਾਰੀ ਸਾਰਾ ਪਰਿਵਾਰ ਕੋਹਲੂ ਵਿੱਚ ਪੀੜ ਦਿੱਤਾ ਗਿਆ |ਤੇਲ ਵਾਲਾ ਕੜਾਹਾ ਖੂਨ ਨਾਲ ਭਰ ਗਿਆ |ਹੱਡੀਆਂ ਦਾ ਚੂਨਾ ਬਣ ਗਿਆ | ਮਾਸ ਨਪੀੜ ਹੋ ਕੇ ਮਿੱਝ ਦੀ ਸ਼ਕਲ ਵਿੱਚ ਬਦਲ ਗਿਆ | ਸੰਸਾਰ ਦੀ ਨਾਸਵਾਸਨਤਾ ਦਾ ਭਿਅੰਕਰ ਰੂਪ ਬਾਬਾ ਮੋਤੀ ਰਾਮ ਮਹਿਰਾ ਜੀ ਦੇ ਸਾਹਮਣੇ ਪ੍ਰਗਟ ਹੋ ਗਿਆ ਪਰ ਸਤਿਗੁਰ ਜੀ ਦੀ ਮਿਹਰਵਾਨ ਨਦਰਿ ਸਦਕਾ ਇੱਕ ਛਿਨ ਵਿੱਚ ਹੀ ਬਾਬਾ ਮੋਤੀ ਰਾਮ ਮਹਿਰਾ ਜੀ ਤ੍ਰੇਕਾਲ ਦਰਸ਼ੀ ਬਣ ਗਏ |ਬਾਬਾ ਜੀ ਨੇ ਸ਼ਹੀਦੀ ਉਪਰੰਤ ਫਿਰ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ | ਬਾਬਾ ਬੰਦਾ ਬਹਾਦਰ ਨੇ ਜਦੋਂ ਸਰਹਿੰਦ ਫਤਿਹ ਕੀਤੀ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਘਾਲਣਾ ਸੁਣ ਉੱਨਾ ਦੇ ਮੁੱਖ ਵਿੱਚੋ ਫਿਰ ਇਹ ਬਚਨ ਨਿਕਲਿਆ :
ਧੰਨ ਮੋਤੀ ਜਿਨੁ ਪੁੰਨ ਕਮਾਇਆ | ਗੁਰ ਲਾਲਾਂ ਤਾਈਂ ਦੁੱਧ ਪਿਲਾਇਆ |
ਬਾਬਾ ਮੋਤੀ ਰਾਮ ਮਹਿਰਾ ਜੀ ਸਤਿਗੁਰੂ ਜੀ ਦੇ ਸਨਮੁੱਖ ਅਮਲੀ ਤੌਰ ਤੇ ਨਾਮ ਸਿਮਰ ਕੇ ਪ੍ਰਵਾਨ ਹੋਏ ਅਤੇ ਉੱਨਾ ਨੂੰ ਸੱਚੀ ਦਰਗਾਹ ਵਿੱਚ ਮਾਣ ਪ੍ਰਾਪਤ ਹੋਇਆ |
ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣ ||
ਨਾਨਕ ਕੁਲ ਉਧਾਰਹਿ ਆਪਣਾ ਦਰਗਹ ਪਾਵਹਿ ਮਾਣੁ ||
ਗੁਰੂਦਵਾਰਾ ਅਮਰ ਸ਼ਹੀਦ ਬਾਬਾ ਮੋਤੀ ਰਾਮ ਜੀ ਮਹਿਰਾ ,ਗੁਰੂਦਵਾਰਾ ਫਤੇਹਗੜ੍ਹ ਸਾਹਿਬ ਤੋਂ ਕੁਝ ਮੀਟਰ ਦੀ ਦੂਰੀ ਤੇ ਸਥਿਤ ਹੈ | ਇੱਥੇ ਉਹ ਪਾਵਨ ਗਿਲਾਸ ਸੁਭਾਇਮਾਨ ਹਨ ਜਿਨ੍ਹਾਂ ਵਿੱਚ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਨੇ ਠੰਡੇ ਬੁਰਜ ਵਿਖੇ ਦੁੱਧ ਛਕਿਆ ਸੀ |
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋ ਧੰਨ ਧੰਨ ਬਾਬਾ ਮੋਤੀ ਰਾਮ ਮੇਹਰ ਜੀ ਨੂੰ ਬਖ਼ਸ਼ਸ਼ ਕੀਤੀ ਅਸੀਸ
ਦਸਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਸਮੇਂ ਮਾਲਵੇ ਪਿੰਡ ਵਿੱਚ ਸੀਲੋਆਨੀ ਵਿਖੇ ਸਨ ਜਦੋਂ ਉੰਨਾ ਨੂੰ ਕਲ੍ਹਾ ਦੇ ਭੇਜੇ ਹੋਏ ਨੂਰੇ ਮਾਹੀ ਨੇ ਛੋਟੇ ਸਾਹਿਬਜਾਦਿਆਂ ਦੀ ਸ਼ਹਾਦਤ ਦਾ ਸਾਕਾ ਸੁਣਾਇਆ ਅਤੇ ਸਰਹਿੰਦ ਵਿੱਚ ਸਾਰੀ ਬੀਤੀ ਹੋਈ ਵਿਸਥਾਰ ਨਾਲ ਦੱਸੀ |ਚੋਜੀ ਸਤਿਗੁਰੂ ਜੀ ਨੇ ਜ਼ੁਲਮ ਦੀ ਇੰਤਹਾ ਵਾਰੇ ਸੁਣ ਕੇ ਉੱਥੇ ਉੱਗੇ ਕਾਈ ਦੇ ਬੂਟੇ ਨੂੰ ਪੁੱਟ ਕੇ ਸੁਟਿਆ ਅਤੇ ਬਚਨ ਕੀਤੇ ਕਿ ਸਰਹਿੰਦ ਦੇ ਤੁਰਕਾਂ ਦੀ ਜੜ੍ਹ ਪੁੱਟੀ ਗਈ | ਪਾਪ ਦੀ ਬੇੜੀ ਭਰ ਚੁੱਕੀ ਹੈ | ਅੱਜ ਤੋਂ ਜ਼ੁਲਮੀ ਹਕੂਮਤ ਦਾ ਖ਼ਾਤਮਾ ਹੋਣਾ ਸ਼ੁਰੂ ਗਿਆ ਹੈ |
ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸੇਵਾ ਅਤੇ ਸ਼ਹਾਦਤ ਨੂੰ ਕਰੜੀ ਘਾਲਣਾ ਦਾ ਨਾਂ ਦਿੰਦਿਆਂ ਸ਼੍ਰੀ ਦਸ਼ਮੇਸ਼ ਪਿਤਾ ਜੀ ਨੇ ਫ਼ਰਮਾਇਆ ਕਿ ਮੋਤੀ ਰਾਮ ਮਹਿਰਾ ਨੇ ਆਪਣੇ ਘਾਲ ਕਮਾਈ ਨਾਲ ਸਾਡੇ ਅਤਿ ਨਿਕਟ ਪਿਆਰੇ ਗੁਰੂਸਿੱਖ ਦਾ ਦਰਜਾ ਪ੍ਰਾਪਤ ਕਰ ਲਿਆ ਹੈ |ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਗਤ ਦਾ ਤਮਾਸ਼ਾ ਦੇਖ ਕੇ ਜਦੋ ਅਸੀਂ ਸੱਚਖੰਡ ਵਿੱਚ ਜਾ ਕੇ ਬਿਰਾਜਾਗੇ ,ਉੱਦੋ ਮੋਤੀ ਰਾਮ ਦਾ ਵਸੇਬਾ ਬਿਲਕੁਲ ਸਾਡੇ ਨਜ਼ਦੀਕ ਹੋਵੇਗਾ ਅਤੇ ਅਸੀਂ ਹਮੇਸ਼ਾ ਉਸ ਨੂੰ ਆਪਣੇ ਗਲੇ ਦਾ ਹਾਰ ਬਣਾ ਕੇ ਹਿਰਦੇ ਵਿੱਚ ਵਸਾ ਕੇ ਰੱਖਾਂਗੇ | ਭਾਈ ਕਿਸ਼ਨ ਸਿੰਘ ਜੀ ਰਚਿਤ ਸਾਹਿਦਨਾਮਾ ਦੀ ਗਵਾਹੀ ਹੈ :
ਮੋਤੀ ਹਮਰੇ ਸਿੱਖ ਪਯਾਰਾ | ਤਿਸ ਕਾ ਕਰਜ ਮਮ ਸਿਰ ਭਾਰਾ |
ਜਬ ਹਮ ਦਰਗਹਿ ਜਾਇ ਬਿਰਾਜੈ | ,ਮੋਤੀ ਰਾਮ ਹਮ ਨਿਕਟ ਰਹਾਜੇ |
ਸੱਚਖੰਡ ਜਬ ਕਰਹਿ ਹਮ ਵਾਸਾ | ਮੋਤੀ ਰਾਮ ਮਮ ਢਿੱਗ ਹੋਇ ਵਾਸਾ |
ਹਮਰੇ ਉਰ ਕਾ ਹਾਰ ਵਹ ਬਨੇ | ਸਦ ਹੀ ਹਮਰੇ ਰਿਦ ਸੰਗ ਸਨੇ |
ਤਵਾਰੀਖ ਅਤੇ ਲੋਕ ਚੇਤਨਾ ਕਿਸੇ ਵਿਅਕਤੀ ਨੂੰ ਐਸਾ ਰੁਤਵਾ ਆਵੇ ਨਹੀਂ ਦੇ ਦਿੰਦੇ | ਅਜਿਹਾ ਅਵਸਥਾ ਦੀ ਪ੍ਰਾਪਤੀ ਲਈ ਪੂਰਬਲੇ ਕਰਮਾਂ ਦੇ ਆਮਿਨਵੇਂ ਤੇਜ ਦੇ ਨਾਲ ਰੱਬੀ ਰਹਿਮਤਾਂ ਦਾ ਵਿਸ਼ਮਾਦੀ ਵਰਤਾਵਾਂ ਅਤੇ ਸਰਬੱਤ ਤੋਂ ਆਪਾ ਕੁਰਬਾਨ ਕਰਨ ਦੀ ਦਰਿਸ਼ਟੀ ਵੀ ਪ੍ਰਗਟ ਹੋਣੀ ਚਾਹੀਦੀ ਹੈ | ਅਜਿਹੀ ਪ੍ਰਾਪਤੀ ਸਤਿਗੁਰੂ ਜੀ ਦੀ ਸਵੱਲੀ ਨਦਰਿ ਨਾਲ ਹੀ ਸੰਭਵ ਹੁੰਦੀ ਹੈ | ਤੁੱਠੇ ਸਤਿਗੁਰੂ , ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਬਚਨ ਅਨੰਤ ਸਮਿਆਂ ਤੱਕ ਬਾਬਾ ਮੋਤੀ ਰਾਮ ਮਹਿਰਾ ਜੀ ਨੂੰ ਸਤਿਕਾਰਤ ਅਤੇ ਸਨਮਾਨਿਤ ਕਰਦਾ ਰਹੇਗਾ |ਸ਼ਾਹਿਦਨਾਮਾ ਵਿੱਚ ਭਾਈ ਕਿਸ਼ਨ ਸਿੰਘ ਜੀ ਦੀ ਕਲਮ ਤੋਂ ਸਰਬੰਸਦਾਨੀ ਸਤਿਗੁਰੂ ਜੀ ਦੇ ਮੁੱਖ ਬਚਨ ਹਨ :
ਮਮ ਸਿਖਮ ਮਹਿ ਮੋਤੀ ਖਾਸ | ਸਦਾ ਰਹੇ ਗੁਰ ਚਰਨਨ ਪਾਸ |
ਸਮਰੱਥ ਸਤਿਗੁਰੂ ਜੀ ਦੇ ਅਜਿਹੇ ਸੁਭਾਗੇ ਵਰਦਾਨ ਕਿਸੇ ਵਿਰਲੇ ਗੁਰਸਿੱਖ ਨੂੰ ਹੀ ਨਸੀਬ ਹੁੰਦੇ ਹਨ |