ਬਾਬਾ ਮੋਤੀ ਰਾਮ ਮਹਿਰਾ ਟਰੱਸਟ ਸ਼੍ਰੀ ਫਤਿਹਗੜ ਦੀ ਕਾਰਜਕਾਰਣੀ ਦਾ ਸਮਾਂ 6 ਮਹੀਨੇ ਵਧਾਉਣ ਲਈ ਹੋਈ ਮੀਟਿੰਗ
ਸੰਵਿਧਾਨ ਅਨੁਸਾਰ ਕਮੇਟੀ 6 ਮਹੀਨੇ ਦਾ ਸਮਾਂ ਵਧਾ ਸਕਦੀ ਹੈ - ਚੇਅਰਮੈਨ ਨਿਰਮਲ ਸਿੰਘ ਐਸ.ਐਸ.

ਆਪਣੇ ਵਿਚਾਰ ਪੇਸ਼ ਕਰਦੇ ਹੋਏ ਸੀ. ਵਾਈਸ ਚੇਅਰਮੈਨ ਸੁਖਦੇਵ ਸਿੰਘ ਰਾਜ
ਸ਼੍ਰੀ ਫਤਿਹਗੜ ਸਾਹਿਬ, 1-6-2025 (ਨਰਿੰਦਰ ਕਸ਼ਯਪ) – ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਮੈਮੋਰੀਅਲ ਚੈਰੀਟੇਬਲ ਟਰੱਸਟ ਸ਼੍ਰੀ ਫਤਿਹਗੜ ਸਾਹਿਬ ਦੇ ਕਾਰਜਕਾਰਣੀ ਮੈਂਬਰਾਂ ਦੀ ਮੀਟਿੰਗ 1 ਜੂਨ 2025 ਨੂੰ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਟਰੱਸਟ ਦੇ ਕਾਰਜਕਾਰਣੀ ਮੈਂਬਰ ਸ਼ਾਮਲ ਹੋਏ।
ਸਭ ਤੋਂ ਪਹਿਲਾਂ ਜਨਰਲ ਸਕੱਤਰ ਗੁਰਮੀਤ ਸਿੰਘ ਮੋਰਿੰਡਾ ਨੇ ਪਿਛਲੇ ਦੋ ਸਾਲਾਂ ਦਾ ਹਿਸਾਬ ਅਤੇ ਟਰੱਸਟ ਵੱਲੋਂ ਕੀਤੇ ਗਏ ਕੰਮਾਂ ਦੀ ਜਾਣਕਾਰੀ ਦਿੱਤੀ। ਉਪਰੰਤ ਕੈਸ਼ੀਅਰ ਜਸਪਾਲ ਸਿੰਘ ਨੇ ਦੋ ਸਾਲਾਂ ਦਾ ਲੇਖਾ ਜੋਖਾ ਪੇਸ਼ ਕੀਤਾ। ਇਸਦੇ ਨਾਲ ਹੀ ਪ੍ਰਬੰਧਕੀ ਬਲਾਕ ਦੇ ਬਣੇ ਨਵੇਂ ਦਫਤਰ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਪੜਾਈ ਵਿਚ ਚੰਗੇ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਕੀਤਾ ਗਿਆ। ਇਸਦੇ ਨਾਲ ਹੀ ਟਰੱਸਟ ਦੀ ਜਿਆਦਾ ਮੈਂਬਰਸ਼ਿਪ ਕਰਨ ਵਾਲੇ ਰਾਜ ਕੁਮਾਰ ਪਾਤੜਾਂ. ਕੁਲਦੀਪ ਸਿੰਘ ਜੰਮੂ ਅਤੇ ਜੈ ਕ੍ਰਿਸ਼ਨ ਨੂੰ ਵੀ ਸਨਮਾਨਤ ਕੀਤਾ ਗਿਆ।
ਵੱਖ-ਵੱਖ ਮੈਂਬਰਾਂ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਟਰੱਸਟ ਦੇ ਚੇਅਰਮੈਨ ਦਾ ਕਾਰਜਕਾਲ ਤਿੰਨ ਜਾਂ ਪੰਜ ਸਾਲਾਂ ਦਾ ਕਰਨਾ ਚਾਹੀਦਾ ਹੈ। ਸੁਖਬੀਰ ਸਿੰਘ ਸ਼ਾਲੀਮਾਰ ਨੇ ਕਿਹਾ ਕਿ ਟਰੱਸਟ ਦੇ ਸਿਰਫ 5 ਸਰਪ੍ਰਸਤ ਹੋਣੇ ਚਾਹੀਦੇ ਹਨ ਅਤੇ ਉਹਨਾਂ ਨੂੰ ਅਧਿਕਾਰ ਹੋਣ ਕਿ ਕਮੇਟੀ ਦੇ ਕੰਮ ਕਾਜ ਦੀ ਨਿਗਰਾਨੀ ਕਰ ਸਕਣ ਅਤੇ ਟਰੱਸਟ ਦੇ ਖਿਲਾਫ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਜਵਾਬ ਦੇ ਸਕਣ। ਇਹਨਾਂ ਤੋਂ ਅਲਾਵਾ ਪਰਮਜੀਤ ਸਿੰਘ ਜਲੰਧਰ, ਠੇਕੇਦਾਰ ਰਣਜੀਤ ਸਿੰਘ, ਨਿਰਮਲ ਸਿੰਘ ਮੀਨੀਆ, ਬਲਦੇਵ ਸਿੰਘ ਦੁਸਾਂਝ, ਰਾਜ ਕੁਮਾਰ ਪਾਤੜਾਂ, ਅਮੀ ਚੰਦ, ਬੀਬੀ ਬਲਜਿੰਦਰ ਕੌਰ, ਬਲਵਿੰਦਰ ਕੌਰ ਧਨੌੜਾ, ਪਰਮਜੀਤ ਸਿੰਘ ਖੰਨਾ, ਸਰਵਣ ਸਿੰਘ ਬਿਹਾਲ, ਗੁਰਚਰਨ ਸਿੰਘ ਧਨੌਲਾ, ਕੁਲਦੀਪ ਸਿੰਘ ਜੰਮੂ, ਦਵਿੰਦਰ ਸਿੰਘ ਫਤਾਹਪੁਰ, ਐਨ.ਆਰ.ਮਹਿਰਾ ਨੇ ਆਪਣੇ ਵਿਚਾਰ ਪੇਸ਼ ਕਰਦੇ ਟਰਸੱਟ ਦੀ ਮੈਂਬਰਸ਼ਿਪ ਕਰਨ ਦੀ ਮਿਆਦ ਵਧਾਉਣ ਲਈ, ਸੰਵਿਧਾਨ ਵਿਚ ਸੋਧ ਕਰਨ ਲਈ ਅਤੇ ਚੋਣ ਸਰਬਸੰਮਤੀ ਨਾਲ ਕਰਵਾਉਣ ਦੇ ਸੁਝਾਓ ਪੇਸ਼ ਕੀਤੇ।
ਮੋਗਾ ਤੋਂ ਬਸੰਤ ਸਿੰਘ ਮਹਿਰਾ ਨੇ ਕਿਹਾ ਕਿ ਜਿਹੜੇ ਸਮਾਜ ਦੇ ਸਾਥੀ ਟਰੱਸਟ ਵਿਚ ਆਉਂਦੇ ਹੀ ਨਹੀਂ ਜਾਂ ਕਦੇ ਟਰੱਸਟ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੁੰਦੇ ਉਹਨਾਂ ਨੂੰ ਚੋਣ ਲੜਨ ਦਾ ਕੋਈ ਅਧਿਕਾਰ ਨਹੀਂ ਹੋਣਾ ਚਾਹੀਦਾ। ਕਸ਼ਯਪ ਕ੍ਰਾਂਤੀ ਦੇ ਮਾਲਕ ਨਰਿੰਦਰ ਕਸ਼ਯਪ ਨੇ ਕਿਹਾ ਕਿ ਦੋ ਸਾਲ ਪਹਿਲਾਂ ਵੀ ਸੰਵਿਧਾਨ ਵਿਚ ਸੋਧ ਕਰਨ ਦੀ ਗੱਲ ਹੋਈ ਸੀ ਪਰ ਹੁਣ ਦੋ ਸਾਲ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਫਿਰ ਉਹੀ ਮੰਗ ਹੋ ਰਹੀ ਹੈ। ਟਰੱਸਟ ਦੀ ਕਾਰਜਕਾਰਣੀ ਕੋਲ ਦੋ ਸਾਲ ਦਾ ਸਮਾਂ ਸੀ, ਪਰ ਉਸ ਦੌਰਾਨ ਸੰਵਿਧਾਨ ਵਿਚ ਸੋਧ ਨਹੀਂ ਕੀਤੀ ਗਈ। ਚੋਣਾਂ ਦਾ ਸਮਾਂ ਆਉਂਦੇ ਹੀ ਇਹ ਮੰਗ ਦੁਬਾਰਾ ਹੋ ਰਹੀ ਹੈ। ਇਸਦੇ ਨਾਲ ਹੀ ਟਰੱਸਟ ਦੀ ਕਮੇਟੀ ਵੱਲੋਂ ਸਰਕਾਰੀ ਤੌਰ ਤੇ ਰਾਜ ਪੱਧਰੀ ਸਮਾਗਮ ਕਰਵਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਜਦਕਿ ਸਰਕਾਰ ਨੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਦਿਹਾੜਾ ਹਰ ਸਾਲ ਮਨਾਉਣ ਦੀ ਐਲਾਨ ਕੀਤਾ ਸੀ। ਇਸਦੇ ਨਾਲ ਹੀ ਹੁਣ ਸਰਕਾਰੀ ਤੌਰ ਤੇ ਅਖਬਾਰਾਂ ਵਿਚ ਪੂਰੇ ਪੇਜ ਦੀ ਥਾਂ ਚੌਥੇ ਹਿੱਸੇ ਦਾ ਇਸ਼ਤਿਹਾਰ ਹੀ ਛਪਣਾ ਸ਼ੁਰੂ ਹੋ ਗਿਆ ਹੈ। ਸਮਾਜ ਵਿਚ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸ਼ਹੀਦੀ ਦਾ ਬਹੁਤ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਪੰਜ ਪਿਆਰਿਆਂ ਵਿਚੋਂ ਇਕ ਭਾਈ ਹਿੰਮਤ ਸਿੰਘ ਦੀ ਸ਼ਹਾਦਤ ਅਤੇ ਸਿੱਖੀ ਵਿਚ ਪੰਜਵੇਂ ਹਿੱਸੇ ਦੀ ਹਿੱਸੇਦਾਰੀ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਟਰੱਸਟ ਦੇ ਸੀਨੀਅਰ ਵਾਈਸ ਚੇਅਰਮੈਨ ਸੁਖਦੇਵ ਸਿੰਘ ਰਾਜ ਨੇ ਕਿਹਾ ਟਰਸੱਟ ਦੇ ਖਿਲਾਫ ਬੋਲਣ ਵਾਲਿਆਂ ਦੇ ਵਿਰੁੱਧ ਟਰੱਸਟ ਵੱਲੋਂ ਕੋਈ ਕਾਰਵਾਈ ਨਾ ਕਰਨਾ ਹੀ ਉਹਨਾਂ ਨੂੰ ਉਤਸ਼ਾਹਤ ਕਰਦਾ ਹੈ। ਜੇਕਰ ਸ਼ੁਰੂਆਤ ਵਿਚ ਹੀ ਉਹਨਾਂ ਨੂੰ ਨੱਥ ਪਾਈ ਜਾਂਦੀ ਤਾਂ ਟਰੱਸਟ ਦਾ ਬਹੁਤ ਨੁਕਸਾਨ ਹੋਣ ਤੋਂ ਬਚ ਸਕਦਾ ਸੀ। ਹੁਣ ਸਮਾਜ ਵਿਰੋਧੀ ਤਾਕਤਾਂ ਫਿਰ ਟਰੱਸਟ ਅਤੇ ਸਮਾਜ ਵਿਰੁੱਧ ਗਲਤ ਪ੍ਰਚਾਰ ਕਰ ਰਹੇ ਹਨ ਜਿਸ ਨਾਲ ਸਮਾਜ ਦਾ ਨੁਕਸਾਨ ਹੁੰਦਾ ਹੈ।
ਸਾਰੇ ਮੈਂਬਰਾਂ ਦੇ ਵਿਚਾਰ ਸੁਣਨ ਤੋਂ ਉਪਰੰਤ ਚੇਅਰਮੈਨ ਨਿਰਮਲ ਸਿੰਘ ਐਸ.ਐਸ. ਨੇ ਕਿਹਾ ਕਿ ਮੈਂਬਰਸ਼ਿਪ ਕਰਨ ਦਾ ਸਮਾਂ 30 ਜੂਨ 2025 ਤੱਕ ਵਧਾ ਦਿੱਤਾ ਗਿਆ ਹੈ। ਜਲਦੀ ਹੀ ਜਨਰਲ ਇਜਲਾਸ ਬੁਲਾ ਕੇ ਚੋਣਾਂ ਦਾ ਸਮਾਂ 6 ਮਹੀਨੇ ਵਧਾਉਣ ਅਤੇ ਸੰਵਿਧਾਨ ਵਿਚ ਸੋਧ ਕਰਨ ਬਾਰੇ ਫੈਸਲਾ ਕੀਤਾ ਜਾਏਗਾ। ਬਾਬਾ ਮੋਤੀ ਰਾਮ ਮਹਿਰਾ ਜੀ ਦੀ ਜੀਵਨੀ ਉਤੇ ਪੀ.ਐਚ.ਡੀ. ਕਰਨ ਵਾਲੇ ਨੂੰ ਟਰੱਸਟ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ। ਟਰੱਸਟ ਵੱਲੋਂ ਖਰੀਦੀ ਜਮੀਨ ਬਾਰੇ ਜਿਹੜੇ ਇਲਜਾਮ ਲੱਗਦੇ ਸੀ ਉਸਦੀ ਰਜਿਸਟਰੀ ਦਾ 3.5 ਲੱਖ ਰੁਪਏ ਹੋਰ ਸਰਕਾਰੀ ਖਜਾਨੇ ਵਿਚ ਜਮਾਂ ਕਰਵਾਉਣੇ ਪਏ ਜਿਸ ਨਾਲ ਟਰੱਸਟ ਦਾ ਨੁਕਸਾਨ ਹੋਇਆ।
ਅੱਜ ਦੀ ਮੀਟਿੰਗ ਵਿਚ ਕੈਪਟਨ ਹਰਜੀਤ ਸਿੰਘ, ਬਲਬੀਰ ਸਿੰਘ, ਮਹਿੰਦਰ ਸਿੰਘ ਖੰਨਾ, ਸੰਤੋਖ ਸਿੰਘ, ਹਰਨੇਕ ਸਿੰਘ ਨਾਭਾ, ਤਰਸੇਮ ਸਿੰਘ, ਤਾਰਾ ਸਿੰਘ, ਨਵਜੋਤ ਸਿੰਘ ਮੈਨੇਜਰ, ਜੋਗਿੰਦਰ ਪਾਲ, ਬਨਾਰਸੀ ਦਾਸ, ਬਲਦੇਵ ਸਿੰਘ ਲੁਹਾਰਾ ਆਦਿ ਮੈਂਬਰ ਸ਼ਾਮਲ ਹੋਏ।

